Nabazepunjab.com

ਮੁਹਾਲੀ ਵਿੱਚ ਅਪਰਾਧੀਆਂ ਦੀ ਹੁਣ ਖ਼ੇਰ ਨਹੀਂ, ਸ਼ਹਿਰ ਵਿੱਚ ਸੜਕਾਂ ’ਤੇ ਲੱਗਣਗੇ ਸੀਸੀਟੀਵੀ ਕੈਮਰੇ

ਆਵਾਜਾਈ ਦੀ ਸਮੱਸਿਆ ਦੇ ਹੱਲ ਲਈ ਸੜਕਾਂ ’ਤੇ ਜ਼ੈਬਰਾ ਕਰਾਸਿੰਗ ਅਤੇ ਡਿਵਾਈਵਰ ਪੱਟੀ ਲਗਾਈ ਜਾਵੇਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਦਸੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਅਪਰਾਧੀਆਂ ਦੀ ਹੁਣ ਖ਼ੈਰ ਨਹੀਂ ਹੈ। ਸਟਰੀਟ ਕਰਾਈਮ ਨੂੰ ਠੱਲ੍ਹ ਪਾਉਣ ਲਈ ਜਿੱਥੇ ਪੁਲੀਸ ਵੱਲੋਂ ਦਿਨ ਅਤੇ ਰਾਤ ਨੂੰ ਗਸ਼ਤ ਤੇਜ਼ ਕੀਤੀ ਜਾਵੇਗੀ, ਉੱਥੇ ਸ਼ਹਿਰ ਵਿੱਚ ਵੱਖ ਵੱਖ ਸੜਕਾਂ ਅਤੇ ਟਰੈਫ਼ਿਕ ਲਾਈਟ ਚੌਂਕ ਅਤੇ ਐਂਟਰੀ ਪੁਆਇੰਟਾਂ ’ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਇਸ ਗੱਲ ਦਾ ਖੁਲਾਸਾ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਕੀਤਾ। ਇਸ ਤੋਂ ਇਲਾਵਾ ਵੱਖ ਵੱਖ ਮਾਰਕੀਟਾਂ ਵਿੱਚ ਵੀ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਇੰਝ ਹੀ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਵਾਹਨਾਂ ਦੀ ਸਪੀਡ ਲਿਮਟ ਤੈਅ ਕਰਨ ਸਮੇਤ ਟਰੈਫ਼ਿਕ ਲਾਈਟ ਚੌਂਕਾਂ ਅਤੇ ਸੜਕਾਂ ’ਤੇ ਡਿਵਾਈਡਰ ਪੱਟੀ ਅਤੇ ਜ਼ੈਬਰਾ ਕਰਾਸਿੰਗ ਬਣਾਇਆ ਜਾਵੇਗਾ।
ਮੇਅਰ ਵੱਲੋਂ ਬੀਤੀ 13 ਸਤੰਬਰ ਨੂੰ ਐਸਐਸਪੀ ਨੂੰ ਸ਼ਹਿਰ ਵਿੱਚ ਵੱਖ ਵੱਖ ਢੁਕਵੀਆਂ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਗਾਉਣ ਦੀ ਤਜਵੀਜ ਅਗਰੇਲੀ ਕਾਰਵਾਈ ਲਈ ਭੇਜੀ ਗਈ ਸੀ। ਇਸ ਮਗਰੋਂ ਡਿਪਟੀ ਕਮਿਸ਼ਨਰ ਅਤੇ ਪੁਲੀਸ ਨੂੰ ਪੱਤਰ ਲਿਖ ਕੇ ਢੁਕਵੀਆਂ ਥਾਵਾਂ ਦੀ ਨਿਸ਼ਾਨਦੇਹੀ ਕਰਨ ਅਤੇ ਇਸ ਪ੍ਰਾਜੈਕਟ ਨੂੰ ਜਲਦੀ ਨੇਪਰੇ ਚਾੜ੍ਹਨ ਲਈ ਨੋਡਲ ਅਫ਼ਸਰ ਨਿਯੁਕਤ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਸਬੰਧੀ ਸਿਵਲ ਪ੍ਰਸ਼ਾਸਨ ਵੱਲੋਂ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਜਸਬੀਰ ਸਿੰਘ, ਪੁਲੀਸ ਵੱਲੋਂ ਡੀਐਸਪੀ ਅਮਰੋਜ਼ ਸਿੰਘ ਅਤੇ ਨਗਰ ਨਿਗਮ ਵੱਲੋਂ ਨਿਗਰਾਨ ਇੰਜੀਨੀਅਰ ਮੁਕੇਸ਼ ਗਰਗ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਅਤੇ ਇਸ ਕਮੇਟੀ ਵੱਲੋਂ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਲਈ ਨਿਰਧਾਰਿਤ ਥਾਵਾਂ ਫਾਈਨਲ ਕੀਤੀਆਂ ਗਈਆਂ।
ਮੇਅਰ ਨੇ ਦੱਸਿਆ ਕਿ ਸ਼ਹਿਰ ਵਿੱਚ ਸਮੂਹ ਐਂਟਰੀ ਪੁਆਇੰਟਾਂ ਸਮੇਤ ਭੀੜ ਭੜੱਕੇ ਵਾਲੇ ਇਲਾਕਿਆਂ ਜਿਨ੍ਹਾਂ ਵਿੱਚ ਮੈਕਸ ਹਸਪਤਾਲ ਫੇਜ਼-6, ਫਰੈਂਕੋ ਹੋਟਲ, ਫਰਨੀਚਰ ਮਾਰਕੀਟ ਫੇਜ਼-2, ਫੇਜ਼-3ਏ, ਫੇਜ਼-3\ਫੇਜ਼-5 ਟਰੈਫ਼ਿਕ ਲਾਈਟ ਚੌਂਕ, ਵਾਈਪੀਐਸ ਚੌਂਕ, ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਨੇੜੇ ਫੇਜ਼-7 ਲਾਲ ਬੱਤੀ ਚੌਂਕ, ਫੇਜ਼-9 ਅਤੇ ਫੇਜ਼-10 ਡਿਵਾਈਡਰ ਰੋਡ\ਐਂਟਰੀ ਪੁਆਇੰਟ, ਸੈਕਟਰ-48ਸੀ ਦੇ ਐਂਟਰੀ ਪੁਆਇੰਟ, ਆਈਸ਼ਰ ਚੌਂਕ, ਸੈਕਟਰ-73\ਸੈਕਟਰ-74 ਚੌਂਕ, ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਪੁਆਇੰਟ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਪੀਸੀਐਲ ਚੌਂਕ, ਸਪਾਈਸ ਚੌਂਕ, ਸੈਕਟਰ-69\ਸੈਕਟਰ-70 ਪੁਆਇੰਟ, ਰਾਧਾ ਸੁਆਮੀ ਚੌਂਕ, ਸ਼ਮਸ਼ਾਨਘਾਟ ਨੇੜੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ।
ਮੇਅਰ ਨੇ ਦੱਸਿਆ ਕਿ ਪੁਲੀਸ ਦੇ ਹਵਾਲੇ ਨਾਲ ਦੱਸਿਆ ਕਿ ਇਨ੍ਹਾਂ ਥਾਵਾਂ ’ਤੇ ਜ਼ਿਆਦਾਤਰ ਐਕਸੀਡੈਂਟ ਹੁੰਦੇ ਹਨ ਅਤੇ ਇਹ ਲਾਂਘੇ ਪ੍ਰਮੁੱਖ ਐਂਟਰੀ ਪੁਆਇੰਟ ਹਨ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦਾ ਕੰਟਰੋਲ ਰੂਮ ਸੈਂਟਰਲ ਪੁਲੀਸ ਸਟੇਸ਼ਨ ਫੇਜ਼-8 ਵਿੱਚ ਬਣਾਇਆ ਜਾਵੇਗਾ। ਇੱਥੋਂ ਸਾਰੀ ਮੋਨੀਟਰਿੰਗ ਪੁਲੀਸ ਵੱਲੋਂ ਕੀਤੀ ਜਾਵੇਗੀ। ਕੰਟਰੋਲ ਰੂਮ ਵਿੱਚ ਉਕਤ ਸਾਰੀਆਂ ਲੋਕੇਸ਼ਨਾਂ ਨੂੰ ਮੋਨੀਟਰ ਕਰਨ ਲਈ ਪੁਆਇੰਟ ਟੂ ਪੁਆਇੰਟ ਜੋੜਿਆਂ ਜਾਵੇਗਾ। ਇਸ ਤਰ੍ਹਾਂ ਕੰਟਰੋਲ ਰੂਮ ਵਿੱਚ ਇੱਕ ਥਾਂ ਬੈਠ ਕੇ ਸਮੁੱਚੇ ਸ਼ਹਿਰ ਦੀਆਂ ਪ੍ਰਮੁੱਖ ਲੋਕੇਸ਼ਨਾਂ ਨੂੰ ਆਨਲਾਈਨ ਦੇਖਿਆ ਜਾ ਸਕੇਗਾ। ਸੀਸੀਟੀਵੀ ਕੈਮਰੇ ਲੱਗਣ ਨਾਲ ਸ਼ਹਿਰ ਵਿੱਚ ਸਟਰੀਟ ਕਰਾਈਮ ਨੂੰ ਠੱਲ੍ਹ ਪਵੇਗੀ ਅਤੇ ਜੁਰਮ ਕਰਨ ਵਾਲੇ ਅਪਰਾਧੀਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਕਾਬੂ ਕਰਨਾ ਵੀ ਆਸਾਨ ਹੋਵੇਗਾ। ਮੇਅਰ ਨੇ ਦੱਸਿਆ ਕਿ ਇਹ ਪ੍ਰਸਤਾਵ ’ਤੇ ਚਰਚਾ ਕਰਨ ਲਈ ਸੋਮਵਾਰ ਨੂੰ ਨਗਰ ਨਿਗਮ ਦੀ ਹੋਣ ਵਾਲੀ ਮੀਟਿੰਗ ਵਿੱਚ ਹਾਊਸ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਜੋ ਉਕਤ ਯੋਜਨਾ ਬਾਰੇ ਅੰਤਿਮ ਫੈਸਲਾ ਲਿਆ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…