ਸਰਕਾਰੀ ਹਸਪਤਾਲ ਮੁਹਾਲੀ ਵਿੱਚ ਧੀਆਂ ਦੀ ਲੋਹੜੀ ਮਨਾਈ

ਅੱਜ ਦੇ ਜ਼ਮਾਨੇ ਵਿੱਚ ਕੁੜੀਆਂ ਤੇ ਮੁੰਡਿਆਂ ਵਿਚਕਾਰ ਕੋਈ ਫ਼ਰਕ ਨਹੀਂ ਰਿਹਾ: ਅੰਜਲੀ ਭਾਵੜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜਨਵਰੀ:
ਕੁੜੀਆਂ ਅਪਣੀ ਮਿਹਨਤ, ਸਵੈ-ਵਿਸ਼ਵਾਸ ਤੇ ਦ੍ਰਿੜ ਇਰਾਦੇ ਨਾਲ ਅੱਜ ਹਰ ਖੇਤਰ ਵਿੱਚ ਮੁੰਡਿਆਂ ਦਾ ਮੁਕਾਬਲਾ ਕਰ ਰਹੀਆਂ ਹਨ। ਕੋਈ ਵੀ ਖੇਤਰ ਅਜਿਹਾ ਨਹੀਂ ਬਚਿਆ ਜਿਥੇ ਕੁੜੀਆਂ ਨੇ ਮੱਲਾਂ ਨਾ ਮਾਰੀਆਂ ਹੋਣ। ਜ਼ਮਾਨਾ ਬਦਲ ਰਿਹਾ ਹੈ ਅਤੇ ਕੁੜੀਆਂ ਨੂੰ ਕੁੱਖਾਂ ਵਿੱਚ ਕਤਲ ਕਰਨ ਵਾਲੇ ਪਰਵਾਰਾਂ ਨੂੰ ਵੀ ਅਪਣੀ ਸੋਚ ਬਦਲਣ ਦੀ ਲੋੜ ਹੈ। ਇਹ ਸ਼ਬਦ ਸਿਹਤ ਅਤੇ ਪਰਵਾਰ ਭਲਾਈ ਵਿਭਾਗ ਦੀ ਪ੍ਰਿੰਸੀਪਲ ਸਕੱਤਰ ਸ੍ਰੀਮਤੀ ਅੰਜਲੀ ਭਾਵਰਾ ਨੇ ਜ਼ਿਲ੍ਹਾ ਹਸਪਤਾਲ ਮੁਹਾਲੀ ਵਿਚ ਕੁੜੀਆਂ ਦੀ ਲੋਹੜੀ ਦੇ ਸੂਬਾ ਪੱਧਰੀ ਸਮਾਗਮ ਵਿੱਚ ਕਹੇ।
ਸ੍ਰੀਮਤੀ ਭਾਵੜਾ ਨੇ ਕਿਹਾ ਕਿ ਅੱਜ ਦੇ ਜ਼ਮਾਨੇ ਵਿੱਚ ਕੁੜੀਆਂ ਤੇ ਮੁੰਡਿਆਂ ਵਿਚਕਾਰ ਕੋਈ ਫ਼ਰਕ ਨਹੀਂ ਰਿਹਾ ਸਗੋਂ ਕਈ ਖੇਤਰਾਂ ਵਿਚ ਤਾਂ ਕੁੜੀਆਂ ਮੁੰਡਿਆਂ ਨਾਲੋਂ ਵੀ ਅੱਗੇ ਲੰਘ ਗਈਆਂ ਹਨ। ਉਨ੍ਹਾਂ ਕਿਹਾ ਕਿ ਕੁੜੀਆਂ ਦੀ ਲੋਹੜੀ ਮਨਾਉਣਾ, ਜਿਥੇ ਖ਼ੁਸ਼ੀ ਦੀ ਗੱਲ ਹੈ, ਉਥੇ ਦੁੱਖ ਦੀ ਗੱਲ ਵੀ ਹੈ ਕਿ ਕੁੜੀਆਂ ਨੂੰ ਕੁੱਖ ਵਿਚ ਮਾਰਨ ਦੇ ਮਾੜੇ ਵਰਤਾਰੇ ਕਾਰਨ ਸਾਨੂੰ ਵਿਸ਼ੇਸ਼ ਤੌਰ ਤੇ ਕੁੜੀਆਂ ਦੀ ਲੋਹੜੀ ਮਨਾਉਣੀ ਪੈ ਰਹੀ ਹੈ।ਉਨ੍ਹਾਂ ਕਿਹਾ ਕਿ ਖ਼ੁਸ਼ੀ ਦੀ ਗੱਲ ਹੈ ਕਿ ਪਿਛਲੇ ਕੁੱਝ ਸਮੇਂ ਵਿਚ ਪੰਜਾਬ ਵਿੱਚ ਬਾਲ ਲਿੰਗ ਅਨੁਪਾਤ ਵਿਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਕਈ ਬਲਾਕਾਂ ਵਿਚ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਦਾ ਜਨਮ ਫ਼ਖ਼ਰ ਵਾਲੀ ਗੱਲ ਹੋਣੀ ਚਾਹੀਦੀ ਹੈ।
ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਕਿਹਾ ਕਿ ਇਹ ਸਾਡੇ ਸਮਾਜ ਦੀ ਸ਼ਰਮਨਾਕ ਵਿਡੰਬਨਾ ਹੈ ਕਿ ਅੱਜ ਜਦ ਕੁੜੀਆਂ ਕਿਸੇ ਵੀ ਮਾਮਲੇ ਵਿਚ ਮੁੰਡਿਆਂ ਨਾਲੋਂ ਪਿੱਛੇ ਨਹੀਂ ਅਤੇ ਹਰ ਖੇਤਰ ਵਿਚ ਤਰੱਕੀ ਕਰ ਰਹੀਆਂ ਹਨ ਤਾਂ ਕੁੱਝ ਪਰਵਾਰ ਕੁੜੀਆਂ ਨੂੰ ਕੁੱਖ ਵਿਚ ਮਾਰਨ ਦਾ ਵੀ ਇਨਸਾਨੀਅਤ ਵਿਰੋਧੀ ਕਾਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁੜੀਆਂ ਦੀ ਲੋਹੜੀ ਮਨਾਉਣਾ ਅਜਿਹੇ ਪਰਵਾਰਾਂ ਦੀ ਸੋਚ ਨੂੰ ਹਲੂਣਾ ਦੇਣਾ ਹੈ ਅਤੇ ਉਨ੍ਹਾਂ ਨੂੰ ਜਾਗਰੂਕ ਕਰਨਾ ਹੈ ਕਿ ਕੁੜੀਆਂ ਕਿਸੇ ਤੋਂ ਘੱਟ ਨਹੀਂ ਅਤੇ ਉਨ੍ਹਾਂ ਨੂੰ ਮੁੰਡਿਆਂ ਬਰਾਬਰ ਹੀ ਮਾਣ ਸਨਮਾਨ ਦਿਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਅਸੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਗੁਣਗਾਣ ਕਰਦੇ ਹਾਂ ਤੇ ਦੂਜੇ ਪਾਸੇ, ਅੌਰਤ ਦੀ ਵਡਿਆਈ ਕਰਦੀ ਉਨ੍ਹਾਂ ਦੀ ਹੀ ਕਹੀ ਗੱਲ ਨੂੰ ਨਹੀਂ ਮੰਨਦੇ।
ਡਾ. ਭਾਰਦਵਾਜ ਨੇ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਕੁੱਝ ਸਮਾਂ ਪਹਿਲਾਂ ਤਕ ਪੰਜਾਬ ਦੇ ਮੱਥੇ ਉਤੇ ਲੱਗਾ ਕੁੜੀਮਾਰ ਦਾ ਕਲੰਕ ਹੁਣ ਧੋਇਆ ਜਾ ਚੁਕਾ ਹੈ ਤੇ ਪੰਜਾਬ ਵਿਚ ਕਈ ਥਾਈਂ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਵੱਧ ਹੈ। ਇਸ ਹਾਂਪੱਖੀ ਤਬਦੀਲੀ ਦਾ ਸਿਹਰਾ ਉਨ੍ਹਾਂ ਪਰਵਾਰਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਅਪਣੀ ਸੋਚ ਨੂੰ ਬਦਲਿਆ ਹੈ ਅਤੇ ਕੁੜੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਅਹਿਮੀਅਤ ਦਿਤੀ ਹੈ। ਇਸ ਮੌਕੇ ਸ੍ਰੀਮਤੀ ਭਾਵਰਾ ਨੇ ਹਸਪਤਾਲ ਵਿਚ ਨਵਜਨਮੀਆਂ ਬੱਚੀਆਂ ਦੇ ਮਾਪਿਆਂ ਨੂੰ ਬੱਚੀਆਂ ਦੇ ਕਪੜੇ ਵੰਡੇ ਅਤੇ ਬੱਚੀਆਂ ਤੇ ਮਾਵਾਂ ਨੂੰ ਤੰਦਰੁਸਤੀ ਦਾ ਆਸ਼ੀਰਵਾਦ ਵੀ ਦਿਤਾ।ਉਨ੍ਹਾਂ ਹਸਪਤਾਲ ਦੇ ਵਿਹੜੇ ਵਿਚ ਲੋਹੜੀ ਬਾਲਣ ਦੀ ਰਸਮ ਅਦਾ ਕੀਤੀ।
ਇਕੱਤਰ ਹੋਏ ਸਮੁੱਚੇ ਸਟਾਫ਼ ਨੇ ਲੋਹੜੀ ਦੇ ਗੀਤ ਗਾਏ ਅਤੇ ਸਮੁੱਚੇ ਸਟਾਫ਼ ਨੂੰ ਲੋਹੜੀ ਵੰਡੀ ਗਈ। ਨਰਸਿੰਗ ਕਾਲਜ ਦੀਆਂ ਕੁੜੀਆਂ ਨੇ ਗਿੱਧਾ ਪਾ ਕੇ ਅਤੇ ਕਾਲਜ ਦੇ ਮੁੰਡਿਆਂ ਨੇ ਭੰਗੜਾ ਪਾ ਕੇ ਖ਼ੂਬ ਰੰਗ ਬੰਨ੍ਹਿਆ ਅਤੇ ਸੱਭ ਨੇ ਚਾਈਂ ਚਾਈਂ ਲੋਹੜੀ ਦਾ ਤਿਉਹਾਰ ਮਨਾਇਆ। ਸਮਾਗਮ ਵਿਚ ਸਹਾਇਕ ਸਿਵਲ ਸਰਜਨ ਡਾ. ਜਸਪ੍ਰੀਤ ਕੌਰ, ਡਾ. ਰਾਜਵੀਰ ਸਿੰਘ ਕੰਗ, ਡਾ. ਵੀਨਾ ਜ਼ਰੇਵਾਲ, ਡਾ. ਰਾਕੇਸ਼ ਸਿੰਗਲਾ, ਡਾ. ਊਸ਼ਾ ਸਿੰਗਲਾ, ਡਾ. ਮਨਜੀਤ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਦੀਪ ਕੌਰ ਆਦਿ ਮੌਜੂਦ ਸਨ।

Load More Related Articles
Load More By Nabaz-e-Punjab
Load More In Festivals

Check Also

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ ਡੀਸੀ ਆਸ਼ਿਕਾ ਜੈਨ ਨੇ ਲੋਕਾਂ ਨੂੰ ਪੰਜਾਬ ਦੀ ਧਰਤੀ ਤੋਂ …