ਸਿਸਵਾਂ ਕਮਿਊਨਿਟੀ ਰਿਜ਼ਰਵ ਵਿਖੇ ਸਫ਼ਾਈ ਮੁਹਿੰਮ ਨਾਲ ਵਿਸ਼ਵ ਜਲ ਦਿਵਸ ਮਨਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ:
ਵਿਸ਼ਵ ਜਲ ਦਿਵਸ ਮੌਕੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੀ ਰੋਪੜ ਡਵੀਜ਼ਨ ਨੇ ਸਿਸਵਾਂ ਕਮਿਊਨਿਟੀ ਰਿਜ਼ਰਵ ਵਿਖੇ ਇੱਕ ਸਫ਼ਾਈ ਮੁਹਿੰਮ ਚਲਾਈ। ਡੀਐਫਓ ਵਾਈਲਡ ਲਾਈਫ, ਡਾ. ਮੋਨਿਕਾ ਯਾਦਵ, ਆਈਐਫਐਸ ਨੇ ਕਿਹਾ ਕਿ ਸਿਸਵਾਂ ਜਲ ਭੰਡਾਰ ਵਰਗੇ ਜਲਘਰਾਂ ਦੇ ਨੇੜਲੇ ਖੇਤਰਾਂ ਨੂੰ ਸਾਫ਼ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਹਨਾਂ ਦੇ ਆਲੇ-ਦੁਆਲੇ ਸੁੱਟਿਆ ਕੂੜਾ ਪਾਣੀ ਵਿੱਚ ਚਲਾ ਜਾਂਦਾ ਹੈ ਜੋ ਪਾਣੀ ਨੂੰ ਦੂਸ਼ਿਤ ਕਰਦਾ ਹੈ। ਇਸ ਪਾਣੀ ਦੀ ਵਰਤੋਂ ਕਰਨ ਵਾਲੇ ਲੋਕਾਂ ਅਤੇ ਜਾਨਵਰਾਂ ਦੀ ਸਿਹਤ ਉੱਤੇ ਵੀ ਮਾੜਾ ਅਸਰ ਪੈਂਦਾ ਹੈ। ਅਚਾਨਕ ਬਾਰਸ਼ ਹੋਣ ਦੇ ਬਾਵਜੂਦ, ਸੌ ਤੋਂ ਵੱਧ ਲੋਕਾਂ ਨੇ ਇਸ ਮੁਹਿੰਮ ਵਿਚ ਹਿੱਸਾ ਲਿਆ, ਜਿਨ੍ਹਾਂ ਨੇ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਕੂੜਾ ਇਕੱਠਾ ਕਰਨ ਦਾ ਉਪਰਾਲਾ ਕੀਤਾ। ਇਸ ਮੁਹਿੰਮ ਵਿਚ ਖੇਲਸ਼ਾਲਾ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਅਤੇ ਸਿਸਵਾਂ ਜਲ ਭੰਡਾਰ ਦੇ ਨੇੜੇਲੇ ਖੇਤਰ ਨੂੰ ਕਵਰ ਕੀਤਾ। ਖੇਲਸ਼ਾਲਾ ਨੇ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਵਿਚ ਭਾਗ ਲੈਣ ਦਾ ਭਰੋਸਾ ਵੀ ਦਿੱਤਾ।
ਮੁਹਿੰਮ ਵਿੱਚ ਹਿੱਸਾ ਲੈਣ ਵਾਲਿਆਂ ਦੀ ਸਹਾਇਤਾ ਅਤੇ ਸਹੂਲਤ ਲਈ ਜੰਗਲੀ ਜੀਵ ਡਵੀਜ਼ਨ ਦੀ ਟੀਮ ਦੇ ਮੈਂਬਰ ਮੋਹਨ ਸਿੰਘ, ਆਰਓ, ਮੁਹਾਲੀ, ਸਤਿੰਦਰਪਾਲ ਸਿੰਘ, ਬੀਓ, ਸਿਸਵਾਂ, ਮਨਿੰਦਰ ਕੁਮਾਰ, ਆਰਓ, ਸਿਸਵਾਂ, ਰਮਜ਼ਾਨ ਖਾਨ, ਆਰਓ, ਸਿਸਵਾਂ ਮੌਜੂਦ ਸਨ।
ਡੀਐਫਓ ਵਾਈਲਡ ਲਾਈਫ, ਡਾ. ਮੋਨਿਕਾ ਯਾਦਵ, ਆਈਐਫਐਸ ਨੇ ਕਿਹਾ ਕਿ ਕੂੜੇ ਦੀ ਮਾਤਰਾ ਸਿਰਫ਼ ਸੜਕਾਂ ’ਤੇ ਹੀ ਨਹੀਂ ਬਲਕਿ ਜੰਗਲ ਦੇ ਖੇਤਰਾਂ ਵਿੱਚ ਵੀ ਕਈ ਗੁਣਾ ਵੱਧ ਗਈ ਹੈ ਕਿਉਂਕਿ ਅਸੀਂ ਮਨੁੱਖ ਖੁੱਲ੍ਹੇ ਇਲਾਕਿਆਂ ਨੂੰ ਆਪਣਾ ਨਹੀਂ ਸਮਝਦੇ ਅਤੇ ਇਸ ਤਰ੍ਹਾਂ ਸਫ਼ਾਈ ਬਣਾਈ ਰੱਖਣ ਸਬੰਧੀ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਠੀਕ ਸਮਝਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪੀਣ ਅਤੇ ਹੋਰ ਵਰਤੋਂ ਲਈ ਪਾਣੀ ਉੱਤੇ ਸਾਡਾ ਹੱਕ ਸਮਝਦੇ ਹਾਂ ਤਾਂ ਸਾਨੂੰ ਇਸ ਦੀ ਸੰਭਾਲ ਪ੍ਰਤੀ ਆਪਣੇ ਫਰਜ਼ ਦਾ ਅਹਿਸਾਸ ਹੋਣਾ ਚਾਹੀਦਾ ਹੈ। ਵਿਭਾਗ ਜਲ ਭੰਡਾਰ ਦੇ ਆਸ ਪਾਸ ਦੀ ਸਫ਼ਾਈ ਦੀਆਂ ਕੋਸ਼ਿਸ਼ਾਂ ਜਾਰੀ ਰੱਖਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਪਿੰਡ ਵਾਸੀਆਂ ਨੂੰ ਇਸ ਦਾ ਲਾਭ ਮਿਲ ਸਕੇ।

Check Also

ਜੌਗਰਫ਼ੀ ਟੀਚਰਜ਼ ਯੂਨੀਅਨ ਦਾ ਵਫ਼ਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਮਿਲਿਆ

ਜੌਗਰਫ਼ੀ ਟੀਚਰਜ਼ ਯੂਨੀਅਨ ਦਾ ਵਫ਼ਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਮਿਲਿਆ ਪੰਜਾਬ ਵਿੱਚ 2000 ’ਚੋਂ ਸਿਰਫ਼ 25…