nabaz-e-punjab.com

ਮੁਹਾਲੀ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦੁਸਹਿਰੇ ਦਾ ਤਿਉਹਾਰ ਮਨਾਇਆ, ਲੋਕਾਂ ਵਿੱਚ ਭਾਰੀ ਉਤਸ਼ਾਹ

ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਨਾਲ-ਨਾਲ ਅੱਤਵਾਦ ਅਤੇ ਚਿੱਟੇ ਦਾ ਵੀ ਪੁਤਲਾ ਸਾੜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਕਤੂਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਤੇ ਆਸ-ਪਾਸ ਪਿੰਡਾਂ ਵਿੱਚ ਅੱਜ ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦਾ ਪਵਿੱਤਰ ਤਿਉਹਾਰ ਜ਼ਿਲ੍ਹਾ ਪੁਲੀਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬੜੀ ਧੂਮਧਾਮ ਮਨਾਇਆ ਗਿਆ। ਹੰਕਾਰੀ ਰਾਜਾ ਰਾਵਨ, ਕੁੰਭਕਰਨ ਅਤੇ ਮੇਘ ਨਾਥ ਦੇ ਪੁਤਲੇ ਸੜਦੇ ਦੇਖਣ ਲਈ ਆਮ ਲੋਕਾਂ ਖਾਸ ਕਰਕੇ ਬੱਚਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਵਾਰੀ ਬਜ਼ਾਰਾਂ ਅਤੇ ਦੁਸਹਿਰਾ ਮੈਦਾਨ ’ਚ ਪਹਿਲਾਂ ਨਾਲੋਂ ਵਧੇਰੇ ਰੌਣਕ ਸੀ। ਐਤਕੀਂ ਅੱਤਵਾਦ ਅਤੇ ਚਿੱਟੇ (ਨਸ਼ਿਆਂ) ਦੇ ਪੁਤਲੇ ਵੀ ਸਾੜੇ ਗਏ।
ਦੁਸਹਿਰਾ ਕਮੇਟੀ ਮੁਹਾਲੀ ਵੱਲੋਂ ਇੱਥੋਂ ਦੇ ਫੇਜ਼-8 ਸਥਿਤ ਦੁਸਹਿਰਾ ਗਰਾਉਂਡ ਵਿੱਚ ਮੁੱਖ ਸਮਾਗਮ ਆਯੋਜਿਤ ਕੀਤਾ ਗਿਆ ਅਤੇ ਰਾਵਣ ਦਾ 65 ਫੁੱਟ ਉੱਚਾ ਅਤੇ ਕੁੰਭਕਰਨ ਅਤੇ ਮੇਘਨਾਥ ਦਾ 60-60 ਫੁੱਟ ਉੱਚੇ ਪੁਤਲਿਆਂ ਸਮੇਤ ਇੱਕ ਪੁਤਲਾ ਅੱਤਵਾਦ ਦਾ ਸਾੜਿਆ ਗਿਆ। ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਪ੍ਰਧਾਨਗੀ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੀਫ਼ ਅਪਰੇਟਿੰਗ ਅਫ਼ਸਰ ਵਿਰੇਨ ਪੋਪਲੀ ਨੇ ਕੀਤੀ। ਇਸ ਮੌਕੇ ਸ੍ਰੀ ਸਿੱਧੂ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸੀਨੀਅਰ ਡਿਪਟੀ ਮੇਅਰ ਰਿਸਵ ਜੈਨ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਕੰਵਰਬੀਰ ਸਿੰਘ ਸਿੱਧੂ, ਜੀਐਸ ਰਿਆੜ, ਇੰਦਰਜੀਤ ਸਿੰਘ ਖੋਖਰ ਵੀ ਹਾਜ਼ਰ ਸਨ।
ਉਧਰ, ਬਾਬਾ ਬਾਲ ਭਾਰਤੀ ਸ਼ਿਵ ਮੰਦਰ ਕਮੇਟੀ ਅਤੇ ਦਸਹਿਰਾ ਕਮੇਟੀ ਵੱਲੋਂ ਇੱਥੋਂ ਦੇ ਸੈਕਟਰ-70 ਵਿੱਚ ਦਸਹਿਰਾ ਮਨਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਅਤੇ ਪ੍ਰਧਾਨ ਬਾਲ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਰਾਵਨ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਸਮੇਤ ਚੌਥਾ ਪੁਤਲਾ ਚਿੱਟੇ (ਨਸ਼ਿਆਂ) ਦਾ ਸਾੜ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਖ਼ਿਲਾਫ਼ ਲਾਮਬੰਦ ਹੋਣ ਲਈ ਪ੍ਰੇਰਿਆ। ਆਕੁੰਸ਼ ਕਲੱਬ ਵੱਲੋਂ ਇੱਥੋਂ ਦੇ ਫੇਜ਼-1 ਵਿੱਚ ਦਸਹਿਰਾ ਮਨਾਇਆ ਗਿਆ। ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਕਿਰਨ ਬੰਸਲ ਅਤੇ ਵਕੀਲ ਸੰਜੀਵ ਸ਼ਰਮਾ ਨੇ ਦਿੱਤੀ। ਇੰਝ ਹੀ ਸ੍ਰੀ ਰਾਮਲੀਲਾ ਕਲੱਬ ਵੱਲੋਂ ਸੈਕਟਰ-67 ਵਿੱਚ ਦਸਹਿਰਾ ਮਨਾਇਆ ਗਿਆ। ਪਿੰਡ ਬਲੌਂਗੀ ਵਿੱਚ ਪੁਲੀਸ ਸਟੇਸ਼ਨ ਦੇ ਸਾਹਮਣੇ ਖੁੱਲ੍ਹੇ ਮੈਦਾਨ ਵਿੱਚ ਦਸਹਿਰਾ ਮਨਾਇਆ ਗਿਆ। ਇੱਥੇ ਵੀ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹਾਜ਼ਰੀ ਭਰੀ। ਜ਼ਿਲ੍ਹਾ ਕਾਂਗਰਸ ਦੀ ਮੀਤ ਪ੍ਰਧਾਨ ਬਲਜੀਤ ਕੌਰ, ਬਲਾਕ ਸਮਿਤੀ ਦੇ ਮੈਂਬਰ ਡਾ. ਸੁਰਜੀਤ ਸਿੰਘ ਗਰੇਵਾਲ, ਬਲੌਂਗੀ ਥਾਣਾ ਦੇ ਐਸਐਚਓ ਮਨਫੂਲ ਸਿੰਘ, ਸਾਬਕਾ ਸਰਪੰਚ ਭਿੰਦਰਜੀਤ ਕੌਰ, ਪਰਮਜੀਤ ਸਿੰਘ ਵਾਲੀਆ, ਬੀਸੀ ਪ੍ਰੇਮੀ, ਪਾਵਰਕੌਮ ਦੇ ਜੇਈ ਪਰਮਜੀਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…