Nabaz-e-punjab.com

ਜਸ਼ਨ ਪਾਰਟੀ: ਸਾਹ ਘੱੁਟਣ ਕਾਰਨ ਹੋਈ ਚਾਰ ਵੇਟਰਾਂ ਦੀ ਮੌਤ

ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਵਿੱਸਰਾ ਕੈਮੀਕਲ ਲੈਬਾਰਟਰੀ ਵਿੱਚ ਭੇਜਿਆ

ਮ੍ਰਿਤਕ ਵੇਟਰਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਖ਼ਿਲਾਫ਼ ਸੜਕ ਜਾਮ ਕਰਕੇ ਕੀਤੀ ਨਾਅਰੇਬਾਜ਼ੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਇੱਥੋਂ ਦੇ ਸੈਕਟਰ-69 ਵਿੱਚ ਰਹਿੰਦੇ ਪ੍ਰਾਪਰਟੀ ਡੀਲਰ ਵੱਲੋਂ ਨਵੇਂ ਸਾਲ ਦੀ ਆਮਦ ਦੀ ਖ਼ੁਸ਼ੀ ਵਿੱਚ ਆਪਣੇ ਘਰ ਆਯੋਜਿਤ ਕੀਤੀ ਗਈ ਜਸ਼ਨ ਪਾਰਟੀ ਵਿੱਚ ਫੌਤ ਹੋਏ ਚਾਰ ਵੇਟਰਾਂ ਅਮਿਤ ਕੁਮਾਰ (20), ਰਜਨੀਸ਼ ਕੁਮਾਰ (14) ਅਤੇ ਧਰਮਪਾਲ ਸਿੰਘ (21) ਵਾਸੀ ਪਿੰਡ ਕਾਂਸਲ ਅਤੇ ਦਵਾਰਕਾ ਨਾਥ (35) ਵਾਸੀ ਮੌਲੀ ਜੱਗਰਾਂ (ਚੰਡੀਗੜ੍ਹ) ਦੀ ਮੌਤ ਸਾਹ ਘੱੁਟਣ ਕਾਰਨ ਹੋਈ ਸੀ। ਸਰਕਾਰੀ ਹਸਪਤਾਲ ਦੇ ਐਸਐਮਓ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਉਕਤ ਵੇਟਰਾਂ ਦੀ ਮੌਤ ਕੋਲਿਆਂ ਵਾਲੀ ਅੰਗੀਠੀ ਤੋਂ ਉੱਠਣ ਵਾਲੇ ਧੂੰਏਂ ਨਾਲ ਪੈਦਾ ਹੋਈ ਕਾਰਬਨ ਮੋਨੋਅਕਸਾਈਡ ਗੈਸ ਚੜ੍ਹਨ ਨਾਲ ਹੋਈ ਜਾਪਦੀ ਹੈ ਪ੍ਰੰਤੂ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਮ੍ਰਿਤਕ ਵੇਟਰਾਂ ਦੇ ਵਿੱਸਰੇ ਜਾਂਚ ਲਈ ਕੈਮੀਕਲ ਲੈਬਾਰਟਰੀ ਵਿੱਚ ਜਾਂਚ ਲਈ ਭੇਜੇ ਗਏ ਹਨ।
ਉਧਰ, ਅੱਜ ਜਦੋਂ ਸਰਕਾਰੀ ਹਸਪਤਾਲ ਵਿੱਚ ਮ੍ਰਿਤਕ ਵੇਟਰਾਂ ਦਾ ਪੋਸਟ ਮਾਰਟਮ ਹੋ ਰਿਹਾ ਸੀ। ਉਸ ਸਮੇਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਸਰਕਾਰੀ ਹਸਪਤਾਲ ਦੇ ਬਾਹਰ ਮੁੱਖ ਸੜਕ ’ਤੇ ਚੱਕਾ ਜਾਮ ਕਰਕੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਿਸ ਕਾਰਨ ਕਾਫੀ ਦੇਰ ਤੱਕ ਆਵਾਜਾਈ ਪ੍ਰਭਾਵਿਤ ਰਹੀ ਅਤੇ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਕ ਵੇਟਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਰਜਨੀਸ਼ ਅੱਠਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਉਸ ਦੀ ਉਮਰ ਮਹਿਜ਼ 14-15 ਸਾਲ ਦੀ ਹੈ। ਉਸ ਤੋਂ ਬਾਲ ਮਜ਼ਦੂਰੀ ਕਰਵਾਉਣਾ ਕਾਨੂੰਨ ਦੇ ਖ਼ਿਲਾਫ਼ ਹੈ।
ਪੀੜਤ ਪਰਿਵਾਰ ਇਹ ਦੋਸ਼ ਲਗਾ ਰਹੇ ਸੀ ਕਿ ਪੁਲੀਸ ਬਣਦੀ ਕਾਰਵਾਈ ਤੋਂ ਭੱਜ ਰਹੀ ਹੈ ਅਤੇ ਉਨ੍ਹਾਂ ਨੂੰ ਮ੍ਰਿਤਕ ਵੇਟਰਾਂ ਦੇ ਮੂੰਹ ਵੀ ਦੇਖਣ ਨਹੀਂ ਦੇ ਰਹੀ ਹੈ। ਬਾਅਦ ਵਿੱਚ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕੀਤਾ ਗਿਆ ਅਤੇ ਆਵਾਜਾਈ ਚਾਲੂ ਕੀਤੀ ਗਈ।
ਸੈਂਟਰਲ ਥਾਣਾ ਫੇਜ਼-8 ਦੇ ਐਸਐਸਓ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਤੋਂ ਬਾਅਦ ਚਾਰੇ ਵੇਟਰਾਂ ਦੀਆਂ ਲਾਸ਼ਾਂ ਨੂੰ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਸਬੰਧੀ ਵਾਰਸਾਂ ਦੇ ਬਿਆਨਾਂ ’ਤੇ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ। ਮੁਹਾਲੀ ਦੀ ਏਡੀਸੀ (ਜਨਰਲ) ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਲੇਕਿਨ ਹੁਣ ਸਬੰਧਤ ਪੁਲੀਸ ਤੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਜੇਕਰ ਕਿਤੇ ਕੋਈ ਗੜਬੜੀ ਪਾਈ ਤਾਂ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ।
(ਬਾਕਸ ਆਈਟਮ)
ਵੇਟਰਾਂ ਦੀ ਮੌਤ ਸਬੰਧੀ ਇਕ ਨਾਬਾਲਗ ਬੱਚੇ ਤੋਂ ਬਾਲ ਮਜਦੂਰੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਬਾਲ ਭਲਾਈ ਕਮੇਟੀ ਦੇ ਚੇਅਰਮੈਨ (ਸੇਵਾਮੁਕਤ ਜੱਜ) ਜਗਰੂਪ ਸਿੰਘ ਮਾਹਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਜੇਕਰ ਮੁੱਢਲੀ ਜਾਂਚ ਵਿੱਚ ਬਾਲ ਮਜ਼ਦੂਰੀ ਦੀ ਪੁਸ਼ਟੀ ਤਾਂ ਸਬੰਧਤ ਕੈਟਰਿੰਗ ਠੇਕੇਦਾਰ ਦੇ ਖ਼ਿਲਾਫ਼ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।
(ਬਾਕਸ ਆਈਟਮ)
ਜ਼ਿਲ੍ਹਾ ਬਾਲ ਤੇ ਵਿਕਾਸ ਅਫ਼ਸਰ ਸ੍ਰੀਮਤੀ ਨਵਪ੍ਰੀਤ ਕੌਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਲੇਕਿਨ ਹੁਣ ਇਸ ਸਬੰਧੀ ਪੁਲੀਸ ਤੋਂ ਰਿਪੋਰਟ ਤਲਬ ਕੀਤੀ ਜਾਵੇਗੀ ਅਤੇ ਸਬੰਧਤ ਵੇਟਰ ਦੀ ਉਮਰ ਸਬੰਧੀ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਨੂੰ ਕਿਹਾ ਜਾਵੇਗਾ। ਰਿਪੋਰਟ ਮਿਲਣ ਤੋਂ ਬਾਅਦ ਸਬੰਧਤ ਵਿਅਕਤੀਆਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…