Nabaz-e-punjab.com

ਸਰਕਾਰੀ ਨੀਤੀਆਂ ਬਣਾਉਣ ਸਬੰਧੀ ਜਨਗਣਨਾ ਦੇ ਅੰਕੜੇ ਅਹਿਮ: ਡਾ. ਅਭਿਸ਼ੇਕ ਜੈਨ

ਡਾਇਰੈਕਟਰ ਸੈਨਸਜ਼ ਅਪਰੇਸ਼ਨ ਵੱਲੋਂ ਸਾਲ 2021 ਵਿੱਚ ਹੋਣ ਵਾਲੀ ਜਨਗਣਨਾ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਦਸੰਬਰ:
ਦੇਸ਼ ਦੇ ਵਿਕਾਸ ਲਈ ਚੰਗੀਆਂ ਨੀਤੀਆਂ ਬਣਾਉਣ ਸਬੰਧੀ ਜਨਗਣਨਾ ਸਮੇਤ ਲੋਕਾਂ ਸਬੰਧੀ ਹੋਰ ਅੰਕੜੇ ਅਹਿਮ ਰੋਲ ਅਦਾ ਕਰਦੇ ਹਨ ਤੇ ਅੰਕੜੇ ਸਹੀ ਹੋਣ ਨਾਲ ਹੀ ਵੱਖ-ਵੱਖ ਸਕੀਮਾਂ ਦਾ ਲਾਭ ਠੀਕ ਢੰਗ ਨਾਲ ਯੋਗ ਲਾਭਪਾਤਰੀਆਂ ਤੱਕ ਪੁੱਜਦਾ ਹੈ। ਇਸ ਲਈ ਜ਼ਰੂਰੀ ਹੈ ਕਿ ਜਨਗਣਨਾ ਸਮੇਤ ਇਕੱਤਰ ਕੀਤੇ ਜਾਣ ਵਾਲੇ ਹੋਰਨਾਂ ਅੰਕੜਿਆਂ ਸਬੰਧੀ ਸਾਰੇ ਕਾਰਜ ਸਮੇਂ ਸਿਰ ਪੂਰੇ ਕੀਤੇ ਜਾਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਅਭਿਸ਼ੇਕ ਜੈਨ ਡਾਇਰੈਕਟਰ, ਸੈਨਸਜ਼ ਅਪਰੇਸ਼ਨਜ਼ ਅਤੇ ਸਿਟੀਜ਼ਨ ਰਜਿਸਟਰੇਸ਼ਨ, ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼, ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਨੇ ਸਾਲ 2021 ਵਿੱਚ ਹੋਣ ਵਾਲੀ ਜਨਗਣਨਾ, ਨੈਸ਼ਨਲ ਪਾਪੂਲੇਸ਼ਨ ਰਜਿਸਟਰ (ਐਨਪੀਆਰ) ਅਤੇ ਸਿਵਲ ਰਜਿਸਟਰੇਸ਼ਨ ਸਿਸਟਮ (ਸੀਆਰਐਸ) ਸਬੰਧੀ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੇ ਵੱਖ-ਵੱਖ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸਾਲ 2021 ਵਿੱਚ ਹੋਣ ਵਾਲੀ ਜਨਗਣਨਾ ਦੇ ਮੱਦੇਨਜ਼ਰ ਸਾਲ 2011 ਦੀ ਜਨਗਣਨਾ ਤੋਂ ਬਾਅਦ ਅਧਿਕਾਰ ਖੇਤਰ ਅਤੇ ਪ੍ਰਸ਼ਾਸਨਿਕ ਯੂਨਿਟਾਂ ਸਬੰਧੀ ਹੋਈਆਂ ਤਬਦੀਲੀਆਂ ਦੀ ਜਾਣਕਾਰੀ ਸਬੰਧੀ ਹਫ਼ਤੇ ਦੇ ਅੰਦਰ-ਅੰਦਰ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਤਹਿਸੀਲਦਾਰਾਂ ਨੂੰ ਵੀ ਹਦਾਇਤਾਂ ਕੀਤੀਆਂ ਕਿ ਤਹਿਸੀਲ ਪੱਧਰ ’ਤੇ ਹੋਈਆਂ ਤਬਦੀਲੀਆਂ ਸਬੰਧੀ ਜਾਣਕਾਰੀ ਨਕਸ਼ਿਆਂ ਦੇ ਰੂਪ ਵਿੱਚ ਅਪਡੇਟ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਨਗਰ ਨਿਗਮ ਅਤੇ ਸਮੂਹ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਅਧਿਕਾਰੀ ਦੇ ਖੇਤਰ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਵਿੱਚ ਗਮਾਡਾ ਨੂੰ ਵੀ ਸ਼ਾਮਲ ਕੀਤਾ ਜਾਵੇ।
ਸੈਂਪਲ ਰਜਿਸਟਰੇਸ਼ਨ ਸਿਸਟਮ (ਐਸਆਰਐਸ) ਸਬੰਧੀ ਗੱਲਬਾਤ ਕਰਦਿਆਂ ਡਾ. ਜੈਨ ਨੇ ਕਿਹਾ ਕਿ ਆਮ ਦੇਖਣ ਵਿੱਚ ਆਉਂਦਾ ਹੈ ਕਿ ਲੋਕ ਲੋੜ ਪੈਣ ’ਤੇ ਹੀ ਮੌਤ ਦਾ ਸਰਟੀਫਿਕੇਟ ਬਣਾਉਂਦੇ ਹਨ, ਜਦਕਿ ਜਨਮ ਅਤੇ ਮੌਤ ਦੀ ਰਜਿਸਟਰੇਸ਼ਨ ਬੇਹੱਦ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਲੋਕ ਬੱਚੀਆਂ ਦੇ ਜਨਮ ਦੀ ਰਜਿਸਟਰੇਸ਼ਨ ਕਰਵਾਉਣ ਵੱਲ ਧਿਆਨ ਨਹੀਂ ਦਿੰਦੇ। ਜਿਸ ਕਾਰਨ ਲਿੰਗ ਅਨੁਪਾਤ ਵਿੱਚ ਕਾਫੀ ਫਰਕ ਰਹਿ ਜਾਂਦਾ ਹੈ। ਇਸ ਲਈ ਸਬੰਧਤ ਅਧਿਕਾਰੀ ਇਹ ਗੱਲ ਯਕੀਨੀ ਬਣਾਉਣ ਕਿ ਲੜਕਿਆਂ ਵਾਂਗ ਲੜਕੀਆਂ ਦੇ ਜਨਮ ਸਬੰਧੀ ਵੀ ਤੁਰੰਤ ਰਜਿਸਟਰੇਸ਼ਨ ਕਰਵਾਉਣਾ ਯਕੀਨੀ ਬਣਾਉਣ ਅਤੇ ਇਸ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਢੁਕਵੀਆਂ ਥਾਵਾਂ ’ਤੇ ਬੋਰਡ ਲਗਾਏ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰਾਈਵੇਟ ਹਸਪਤਾਲਾਂ ਵੱਲੋਂ ਵੀ ਜਨਮ ਅਤੇ ਮੌਤ ਸਬੰਧੀ ਜਾਣਕਾਰੀ ਹਰ ਹਾਲ ਵਿੱਚ ਅਧਿਕਾਰੀਆਂ ਨੂੰ ਭੇਜੀ ਜਾਵੇ।
ਡਾ. ਜੈਨ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਦੀ ਸੂਚੀ ਬਣਾ ਕੇ ਉਨ੍ਹਾਂ ਤੋਂ ਸਮਾਂਬੱਧ ਢੰਗ ਨਾਲ ਰਿਪੋਰਟਾਂ ਹਾਸਲ ਕੀਤੀਆਂ ਜਾਣ ਅਤੇ ਅਧਿਕਾਰੀਆਂ ਵੱਲੋਂ ਸਮੇਂ ਸਮੇਂ ’ਤੇ ਇਸ ਸਬੰਧੀ ਚੈਕਿੰਗ ਵੀ ਕੀਤੀ ਜਾਵੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੌਤ ਦੇ ਕਾਰਨਾਂ ਸਬੰਧੀ ਸਰਟੀਫਿਕੇਟ ਵਿਚਲੇ ਸਾਰੇ ਵੇਰਵੇ ਸਹੀ ਢੰਗ ਨਾਲ ਭਰੇ ਜਾਣ ਤਾਂ ਜੋ ਨੀਤੀਆਂ ਘੜ੍ਹਨ ਸਬੰਧੀ ਸਹੀ ਅੰਕੜੇ ਆਧਾਰ ਬਣ ਸਕਣ। ਐਨਪੀਆਰ ਨਾਲ ਸਬੰਧਤ ਬਕਾਇਆ ਕਾਰਜਾਂ ਨੂੰ ਛੇਤੀ ਪੂਰਾ ਕਰਨ ਦੇ ਦਿਸ਼ਾ ਨਿਰਦੇਸ਼ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਐਸਆਰਐਸ ਸਬੰਧੀ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਂਗਨਵਾੜੀ ਵਰਕਰਾਂ ਵੱਲੋਂ ਇਕੱਤਰ ਕੀਤੀ ਜਾਣ ਵਾਲੀ ਜਾਣਕਾਰੀ ਸਬੰਧੀ ਰਹਿੰਦੇ ਕੰਮ ਨੂੰ ਛੇਤੀ ਪੂਰਾ ਕੀਤਾ ਜਾਵੇ।
ਇਸ ਮੌਕੇ ਸੰਯੁਕਤ ਡਾਇਰੈਕਟਰ ਐਮ ਕੁਮਾਰ, ਏਡੀਸੀ (ਜਨਰਲ) ਚਰਨਦੇਵ ਸਿੰਘ ਮਾਨ, ਅਸਿਸਟੈਂਟ ਡਾਇਰੈਕਟਰ ਮਹੇਸ਼ ਗੌਤਮ, ਅਸ਼ਵਨੀ ਕੁਮਾਰ, ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ, ਐਸਡੀਐਮ ਜਗਦੀਪ ਸਹਿਗਲ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੁਖਦੀਪ ਸਿੰਘ, ਤਹਿਸੀਲਦਾਰ ਨਵਪ੍ਰੀਤ ਸਿੰਘ ਤੇ ਰਵਿੰਦਰ ਬਾਂਸਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…