
ਖੰਨਾ ਵੱਲੋਂ ਰਿਆਤ ਐਂਡ ਬਾਹਰਾ ਯੂਨੀਵਰਸਿਟੀ ਵਿੱਚ ਸੈਂਟਰ ਫਾਰ ਰੈੱਡ ਕਰਾਸ ਸਟੱਡੀਜ਼ ਸੈਂਟਰ ਦਾ ਉਦਘਾਟਨ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 12 ਨਵੰਬਰ:
ਇੰਡੀਅਨ ਰੇਡ ਕਰਾਸ ਸੋਸਾਇਟੀ ਦੇ ਵਾਈਸ ਚੇਅਰਮੈਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਵੱਲੋਂ ਸਥਾਨਕ ਰਿਆਤ ਬਾਹਰਾ ਯੂਨੀਵਰਸਿਟੀ ਵਿਚ ਨਵੇਂ ਖੁੱਲੇ ਸੈਂਟਰ ਫਾਰ ਰੈਡ ਕਰਾਸ ਸਟੱਡੀਜ਼ (ਸੀਆਰਸੀਐਸ) ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ‘ਤੇ ਅਵਿਨਾਸ਼ ਰਾਏ ਖੰਨਾ ਨੇ ਬਤੌਰ ਮੁੱਖ ਮਹਿਮਾਨ ਪ੍ਰੋਗਰਾਮ ਵਿਚ ਸ਼ਿਰਕਤ ਕਰਦਿਆਂ ਕਿਹਾ ਕਿ ਜਿਆਦਾ ਤੋਂ ਜਿਆਦਾ ਵਿਦਿਆਰਥੀਆਂ ਨੂੰ ਵੰਲਟਿਅਰ ਦੇ ਤੌਰ ’ਤੇ ਸਮਾਜਿਕ ਕਲਿਆਣ ਦੇ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸੇ ਮਕਸਦ ਦੇ ਤਹਿਤ ਸੈਂਟਰ ਫਾਰ ਰੇਡ ਕਰਾਸ ਸਟਡੀਜ ਵੱਲੋਂ ਰਿਆਤ ਬਾਹਰਾ ਯੂਨੀਵਰਸਿਟੀ ਨਾਲ ਇਕ ਸਮਝੌਤਾ ਕੀਤਾ ਗਿਆ ਹੈ, ਜਿਸ ਤਹਿਤ ਇਹ ਕੇਂਦਰ ਸਥਾਪਿਤ ਕੀਤਾ ਗਿਆ ਹੈ।
ਇਸ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਮੌਜੂਦ ਰਿਆਤ ਬਾਹਰਾ ਗਰੁੱਪ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਰਾਜ ਸਿੰਘ ਨੇ ਕਿਹਾ ਕਿ ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਇੰਡੀਅਨ ਰੇਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਮਿਲਕੇ ਆਪਦਾ ਪ੍ਰਬੰਧਨ ਅਧੀਨ ਇਹ ਪੋਸਟ ਗ੍ਰੇਜੂਏਟ ਡਿਪਲੋਮਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਿਆਤ ਬਾਹਰਾ ਗਰੁੱਪ ਦਾ ਮੰਤਵ ਵਿਦਿਆਰਥੀਆਂ ਦੇ ਨੈਤਿਕ ਗੁਣਾਂ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਵਿਦਿਆਰਥੀਆਂ ਨੂੰ ਨਿਵੇਕਲੀ ਸਿੱਖਿਆ ਤਹਿਤ ਸਮਾਜ ਦੇ ਪ੍ਰਤੀ ਵੱਡੀ ਪੱਧਰ ’ਤੇ ਸੇਵਾ ਭਾਵ ਨੂੰ ਬੜਾਉਣਾ ਹੈ। ਇਸ ਮੌਕੇ ‘ਤੇ ਇੰਡੀਅਨ ਰੇਡ ਕਰਾਸ ਸੋਸਾਇਟੀ ਦੇ ਪੰਜਾਬ ਇਕਾਈ ਦੇ ਸਕੱਤਰ ਸੀਐਸ ਤਲਵਾੜ ਨੇ ਕਿਹਾ ਕਿ ਸਾਡਾ ਦੇਸ਼ ਮਨੁੱਖੀ ਅਤੇ ਕੁਦਰਤੀ ਆਪਦਾ ਨਾਲ ਘਿਰਦਾ ਜਾ ਰਿਹਾ ਹੈ ਅਤੇ ਇਹ ਪ੍ਰੋਗਰਾਮ ਇਨ੍ਹਾਂ ਮੁਸ਼ਕਲਾਂ ਦੇ ਨਿਪਟਾਰੇ ਦੇ ਲਈ ਵਿਦਿਆਰਥੀਆਂ ਦੇ ਵਿਚ ਗਿਆਨ ਅਤੇ ਹੁਨਰ ਨੂੰ ਵਧਾਏਗਾ।
ਇਸ ਮੌਕੇ ’ਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਜਿੱਥੇ ਖੂਨਦਾਨ ਦੇ ਮਹੱਤਤਾ ਬਾਰੇ ਦੱਸਿਆ, ਉਥੇ ਨਾਲ ਹੀ ਖੁਲਾਸਾ ਵੀ ਕੀਤਾ ਕਿ ਰਿਆਤ ਬਾਹਰਾ ਯੂਨੀਵਰਸਿਟੀ ਇੰਡੀਅਨ ਰੇਡ ਕਰਾਸ ਸੋਸਾਇਟੀ ਨਾਲ ਕਈ ਨਵੇਂ ਕੋਰਸ ਅਤੇ ਰਿਸਰਸ ਪ੍ਰੋਜੈਕਟਾਂ ’ਤੇ ਇਕੱਠੇ ਕੰਮ ਕਰਨ ਦੀ ਯੋਜਨਾਬੱਧ ਤਿਆਰੀ ਵਿਚ ਹੈ। ਇਸ ਮੌਕੇ ’ਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਸਾਰੀਆਂ ਵਿਭਾਗਾਂ ਦੇ ਡੀਨ ਉਚੇਚੇ ਤੌਰ ’ਤੇ ਮੌਜੂਦ ਸਨ। ਇਸ ਮੌਕੇ ’ਤੇ ਯੂਨੀਵਰਸਿਟੀ ਸਕੂਲ ਆਫ ਮੈਡੀਕਲ ਅਤੇ ਅਲਾਇਡ ਸਾਈਂਸ ਵਿਭਾਗ ਦੀ ਡੀਨ ਅਤੇ ਸੈਂਟਰ ਦੀ ਨੋਡਲ ਅਫਸਰ ਡਾ. ਨੀਨਾ ਮਹਿਤਾ ਨੇ ਦੱਸਿਆ ਕਿ ਇਸ ਸਾਲ ਤਕਰੀਬਨ 200 ਵਿਦਿਆਰਥੀਆਂ ਨੂੰ ਇੰਡੀਅਨ ਰੇਡ ਕਰਾਸ ਸੋਸਾਇਟੀ ਵੱਲੋਂ ਮੁੱਢਲੀ ਸਹਾਇਤਾ ਦੇਣ ਦੀ ਟੇ੍ਰਨਿੰਗ ਦਿੱਤੀ ਗਈ ਅਤੇ ਨਾਲ ਹੀ ਉਨ੍ਹਾਂ ਨੂੰ ਕਈ ਅਵਾਰਡ ਜਿੱਤਣ ਦਾ ਮੌਕਾ ਮਿਲਿਆ ਹੈ।