ਕੇਂਦਰ ਸਰਕਾਰ ਨੂੰ ਉਦਯੋਗਪਤੀਆਂ ਵਾਂਗ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਚਾਹੀਦੈ: ਸਿੱਧੂ

ਪੰਜਾਬ ਦੇ ਆਪਣੀ ਉਪਜ ਨੂੰ ਮੰਡੀ ਵਿੱਚ ਖ਼ੁਦ ਵੇਚਣ ਨੂੰ ਤਰਜ਼ੀਹ ਦੇਣ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਕੇਂਦਰ ਸਰਕਾਰ ਵੱਲੋਂ ਉਦਯੋਗਪਤੀਆਂ ਦਾ 1400 ਹਜਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਹੈ। ਇਸੇ ਤਰ੍ਹਾਂ ਕੇਂਦਰ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਜ਼ਿਨ੍ਹਾਂ ਨੇ ਕੇ ਆਪਣੀ ਹੱਢ ਭੰਨਵੀ ਕਮਾਈ ਕਰਕੇ ਦੇਸ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਇਆ ਹੈ ਦਾ ਕਰਜ਼ਾ ਵੀ ਮੁਆਫ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਵਿਧਾਇਕ ਸ੍ਰ: ਬਲਬੀਰ ਸਿੰਘ ਸਿੱਧੂ ਨੇ ਖੇਤੀਬਾੜ੍ਹੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਅਤੇ ਪੰਜਾਬ ਕਿਸਾਨ ਵਿਕਾਸ ਚੈਂਬਰ ਦੇ ਸਹਿਯੋਗ ਨਾਲ ਖੇਤੀਬਾੜ੍ਹੀ ਸਮੱਗਰੀ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਦੀ ਨਿਪੁੰਨ ਵਰਤੋਂ ਵਿਸ਼ੇ ਤੇ ਅਤੇ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਲਈ ਪੰਜਾਬ ਕਿਸਾਨ ਵਿਕਾਸ ਚੈਂਬਰ (ਐਰੋਸਿਟੀ) ਵਿਖੇ ਲਗਾਏ ਗਏ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਮੌਕੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਇਸ ਮੌਕੇ ਵੱਖ ਵੱਖ ਵਿਭਾਗਾਂ, ਕਿਸਾਨਾਂ, ਸੈਲਫ ਹੈਲਪ ਗਰੁੱਪਾਂ ਵੱਲੌਂ ਲਗਾਈ ਗਈ ਵਿਸਾਲ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਉਪਰੰਤ ਮੁਆਇਨਾ ਵੀ ਕੀਤਾ। ਇਸ ਮੌਕੇ ਹਲਕਾ ਬਸੀ ਪਠਾਣਾ ਦੇ ਵਿਧਾਇਕ ਸ੍ਰੀ ਜੀ.ਪੀ.ਸਿੰਘ ਵੀ ਮੌਜੂਦ ਸਨ।
ਇਸ ਮੌਕੇ ਸ੍ਰ: ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਮੌਜੂਦਾ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਨੂੰ ਪੂਰਾ ਕੀਤਾ ਹੈ ਅਤੇ ਰਾਜ ਦੇ ਕਿਸਾਨਾਂ ਦਾ 02 ਲੱਖ ਰੁਪਏ ਦਾ ਕਰਜ਼ਾ ਮੁਆਫ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਮੰਦਹਾਲੀ ਵਿਚ ਗੁਜ਼ਰ ਰਿਹਾ ਹੈ। ਇਸ ਕਰਕੇ ਕੇਂਦਰ ਸਰਕਾਰ ਨੂੰ ਰਾਜ ਦੇ ਕਿਸਾਨਾਂ ਲਈ ਵਿਸੇਸ਼ ਪੈਕੇਜ਼ ਦੇਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਭਾਰਤ ਸਰਕਾਰ ਤੋਂ 1109 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ, ਜਿਸ ਵਿਚੋਂ ਕੇਵਲ ਕੇਂਦਰ ਸਰਕਾਰ ਨੇ 48 ਕਰੋੜ ਰੁਪਇਆ ਹੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਬੇਇਨਸਾਫੀ ਕਰ ਰਹੀ ਹੈ। ਉਨ੍ਹਾਂ ਇਸ ਮੌਕੇ ਜੁੜੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜ੍ਹੀ ਦੇ ਨਾਲ ਨਾਲ ਸਹਾਇਕ ਧੰਦੇ ਅਪਣਾਉਣ, ਮੱਛੀ ਪਾਲਣ ਅਤੇ ਡੇਅਰੀ ਧੰਦਾ ਕਿਸਾਨਾਂ ਲਈ ਬੇਹੱਦ ਲਾਹੇਵੰਦ ਹੈ। ਸ੍ਰ: ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪਿੰਡ ਵਿਚਲੀਆਂ ਸਹਿਕਾਰੀ ਸੁਸਾਇਟੀਆਂ ਦਾ ਕੰਮ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਚਲਾਉਣਾ ਚਾਹੀਦਾ ਹੈ ਅਤੇ ਛੋਟੇ ਜਿੰਮੀਦਾਰਾਂ ਲਈ ਇੰਨ੍ਹਾਂ ਸੁਸਾਇਟੀਆਂ ਵਿਚ ਟਰੈਕਟਰ ਅਤੇ ਹੋਰ ਖੇਤੀਬਾੜ੍ਹੀ ਦੇ ਸੰਦ ਉਪਲਬਧ ਹੋਣੇ ਚਾਹੀਦੇ ਹਨ ਤਾਂ ਜੋ ਛੋਟੇ ਜਿੰਮੀਦਾਰ ਸੁਸਾਇਟੀਆਂ ਦੇ ਸੰਦਾਂ ਰਾਂਹੀ ਆਪਣਾ ਕੰਮ ਧੰਦਾ ਕਰ ਸਕਣ ਅਤੇ ਇੰਨ੍ਹਾਂ ਸੁਸਾਇਟੀਆਂ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਕਿਸਾਨਾਂ ਨੂੰ ਆਖਿਆ ਕਿ ਉਹ ਆਪਣੇ ਖੇਤਾਂ ਵਿਚ ਪੈਦਾ ਕੀਤੀ ਜਿਨਸ ਨੂੰ ਮੰਡੀ ਵਿਚ ਖੁਦ ਵੇਚਣ ਅਤੇ ਕਿਸੇ ਕਿਸਮ ਦੀ ਸ਼ਰਮ ਨਾਂ ਕੀਤੀ ਜਾਵੇ। ਆਪਣੀ ਜਿਨਸ ਆਪ ਵੇਚਣ ਨਾਲ ਵੀ ਕਿਸਾਨਾਂ ਨੂੰ ਲਾਭ ਹੋਵੇਗਾ।
ਸ੍ਰੀ ਸਿੱਧੂ ਨੇ ਇਸ ਮੌਕੇ ਪਰਾਲੀ ਅਤੇ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਪ੍ਰਸੰਸਾਂ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਡਾਇਰੈਕਟਰ ਖੇਤੀਬਾੜ੍ਹੀ ਵਿਭਾਗ ਡਾ: ਜਸਵੀਰ ਸਿੰਘ ਨੇ ਬੋਲਦਿਆਂ ਕਿਹਾ ਕਿ ਵਿਗਿਆਨਿਕ ਲੀਹਾਂ ਤੇ ਚਲ ਕੇ ਹੀ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸਾਨ ਸਿਖਲਾਈ ਕੈਂਪ ਲਗਾਉਣ ਦਾ ਮੁੱਖ ਮੰਤਵ ਜੋ ਖੇਤੀਬਾੜ੍ਹੀ ਵਿਚ ਨਵੀਆ ਤਕਨੀਕਾਂ ਵਿਕਸਿਤ ਹੋ ਚੁੱਕੀਆਂ ਹਨ। ਉਨ੍ਹਾਂ ਬਾਰੇ ਅਤੇ ਜੋ ਕਿਸਾਨ ਨੂੰ ਚੁਣੌਤੀਆਂ ਹਨ। ਉਨ੍ਹਾਂ ਦਾ ਟਾਕਰਾ ਕਰਨ ਸਬੰਧੀ ਖੇਤੀਬਾੜ੍ਹੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜ੍ਹੀ ਵਿਭਾਗ ਪੰਜਾਬ ਦੇ ਮਾਹਿਰਾਂ ਵੱਲੋਂ ਤਕਨੀਕੀ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜ੍ਹੀ ਮਾਹਿਰਾਂ ਵੱਲੋਂ ਸਿਫਾਰਸ ਕੀਤੀਆਂ ਫਸ਼ਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ ਅਤੇ ਬੀਜ ਸੋਧ ਕੇ ਬਿਜਾਈ ਕਰਨੀ ਚਾਹੀਦੀ ਹੈ ਜਿਸ ਨਾਲ ਉਤਪਾਦਨ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਰਾਜ ਵਿਚ ਕਿਸਾਨਾਂ ਦੀ ਜਮੀਨ ਸੁਆਇਲ ਹੈਲਥ ਕਾਰਡ ਬਣਾਏ ਜਾਣਗੇ ਜਿਹੜੇ ਕਿ ਹਰ ਤਿੰਨ ਸਾਲ ਬਾਅਦ ਰੀਨੀਊ ਹੋਇਆ ਕਰਨਗੇ। ਇਸ ਮੌਕੇ ਖੇਤੀਬਾੜ੍ਹੀ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਰਾਜੇਸ਼ ਵਸਿਸ਼ਟ ਨੇ ਕਿਹਾ ਕਿ ਪਿਛਲੇ 15 ਸਾਲਾਂ ਵਿਚ ਕਿਸਾਨਾਂ ਨੇ ਆਪਣੀਆਂ ਮੋਟਰਾਂ ਦੇ ਡੂੰਘੇ ਬੋਰ ਅਤੇ ਮੋਟਰਾਂ ਬਦਲਣ ਤੇ 18 ਹਜਾਰ ਕਰੋੜ ਰੁਪਏ ਦਾ ਖਰਚਾ ਕੀਤਾ ਹੈ। ਅਤੇ ਹੁਣ ਕਿਸਾਨਾਂ ਨੂੰ ਕੁਝ ਰਕਬਾ ਦਾਲਾਂ ਸਬਜੀਆਂ ਅਧੀਨ ਲਿਆਉਣਾ ਪਵੇਗਾ ਤਾਂ ਜੋ ਪਾਣੀ ਦੀ ਘੱਟ ਵਰਤੋਂ ਹੋ ਸਕੇ। ਉਨ੍ਹਾਂ ਹੋਰ ਦੱਸਿਆ ਕਿ ਖੇਤੀਬਾੜ੍ਹੀ ਵਿਭਾਗ ਪੰਜਾਬ ਨੇ ਕਿਸਾਨਾਂ ਦੀ ਸਹੂਲਤ ਲਈ ਕਿਸਾਨ ਸੁਵਿਧਾ ਐਪ ਜਾਰੀ ਕੀਤੀ ਹੈ। ਜਿਸ ਨਾਲ ਕਿਸਾਨ 07 ਦਿਨਾਂ ਦਾ ਮੌਸਮ, ਮੰਡੀਆ ਦੇ ਭਾਅ ਆਦਿ ਦੀ ਜਾਣਕਾਰੀ ਹਾਸਿਲ ਕਰ ਸਕਦੇ ਹਨ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਸਾਲ ਹਾੜ੍ਹੀ ਦੇ ਸੀਜ਼ਨ ਦੌਰਾਨ ਪੰਜਾਹ ਹਜਾਰ ਹੈਕਟੇਅਰ ਰਕਬਾ ਕਣਕ, ਤੇਲ ਬੀਜ਼ਾਂ ਅਧੀਨ ਇੱਕ ਹਜਾਰ ਹੈਕਟੇਅਰ ਅਤੇ ਦਾਲਾਂ ਅਧੀਨ ਇੱਕ ਹਜਾਰ ਹੈਕਟੇਅਰ ਬਿਜਾਈ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਪਿਛਲੇ 10 ਸਾਲਾਂ ਦੌਰਾਨ ਕਣਕ ਦੀ ਪੈਦਾਵਾਰ ਵਿਚ 732 ਕਿੱਲੋ ਪ੍ਰਤੀ ਹੈਕਟੇਅਰ ਦਾ ਵਾਧਾ ਹੋਇਆ ਹੈ । ਉਨ੍ਹਾਂ ਦੱਸਿਆ ਕਿ ਇਸ ਸਾਲ ਕਿਸਾਨਾਂ ਨੂੰ ਮਸਰਾਂ ਅਤੇ ਛੋਲਿਆਂ ਦੀਆਂ 100 ਮਿੰਨੀਆਂ ਕਿੱਟਾਂ ਅਤੇ ਸਰੋਂ ਦੀਆ 40 ਮਿੰਨੀ ਕਿੱਟਾਂ ਕਿਸਾਨਾਂ ਨੂੰ ਮੁਫਤ ਵੰਡੀਆਂ ਗਈਆਂ ਹਨ। ਕਿਸਾਨ ਸਿਖਲਾਈ ਮੇਲੇ ਦੌਰਾਨ ਪੰਜਾਬ ਖੇਤੀਬਾੜ੍ਹੀ ਯੂਨੀਵਰਸਿਟੀ ਲੁਧਿਆਣਾ ਅਤੇ ਪੰਜਾਬ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀ ਸਿੱਧੂ ਦੇ ਸਿਆਸੀ ਸਲਾਹਾਕਾਰ ਹਰਕੇਸ਼ ਚੰਦ ਸ਼ਰਮਾਂ ਮੱਛਲੀਕਲਾਂ, ਗੁਰਚਰਨ ਸਿੰਘ ਭੰਮਰਾ ਸਮੇਤ ਹੋਰ ਪੰਤਵੰਤੇ ਅਤੇ ਖੇਤੀਬਾੜ੍ਹੀ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…