
ਟਰੇਨਾਂ ਨਾ ਚੱਲਣ ਕਾਰਨ ਉਦਯੋਗਾਂ ਦੇ ਨੁਕਸਾਨ ਲਈ ਕੇਂਦਰ ਸਰਕਾਰ ਜ਼ਿੰਮੇਵਾਰ: ਪਵਨ ਦੀਵਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਨਵੰਬਰ:
ਪੰਜਾਬ ਲਾਰਜ਼ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਟਰੇਨਾਂ ਦੇ ਬੰਦ ਹੋਣ ਕਾਰਨ ਸੂਬੇ ਅੰਦਰ ਉਦਯੋਗਾਂ ਨੂੰ ਹੋ ਰਹੇ ਨੁਕਸਾਨ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦਾ ਆਰਥਿਕ ਪੈਕੇਜ ਤਾਂ ਅਸਲੀਅਤ ਨਹੀਂ ਬਣ ਸਕਿਆ, ਜਿਹੜੀ ਸਰਕਾਰ ਹੁਣ ਸੂਬੇ ਅੰਦਰ ਉਦਯੋਗਾਂ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ। ਅੱਜ ਇੱਥੇ ਜਾਰੀ ਇਕ ਬਿਆਨ ਵਿੱਚ ਦੀਵਾਨ ਨੇ ਕਿਹਾ ਕਿ ਕੇਂਦਰ ਵੱਲੋਂ ਟਰੇਨਾਂ ਦਾ ਸੰਚਾਲਨ ਨਾ ਕਰਨ ਕਰਕੇ ਜਿੱਥੇ ਉਦਯੋਗਾਂ ਨੂੰ ਉਤਪਾਦਨ ਲਈ ਕੱਚਾ ਮਾਲ ਨਹੀਂ ਮਿਲ ਰਿਹਾ ਹੈ। ਉੱਥੇ ਹੀ ਬਣਿਆ ਹੋਇਆ ਸਮਾਨ ਵੀ ਆਪਣੇ ਮਿੱਥੇ ਸਥਾਨ ਤੇ ਨਹੀਂ ਪਹੁੰਚ ਪਾ ਰਿਹਾ ਹੈ। ਜਿਸ ਕਾਰਨ ਜਿੱਥੇ ਲੁਧਿਆਣਾ ਦੀ ਵਿਸ਼ਵ ਪ੍ਰਸਿੱਧ ਹੌਜਰੀ ਇੰਡਸਟਰੀ ਪ੍ਰੇਸ਼ਾਨੀ ਚ ਹੈ। ਹੋਰ ਉਦਯੋਗ ਘਾਟੇ ਦਾ ਸਾਹਮਣਾ ਕਰ ਰਹੇ ਹਨ। ਇੱਥੋਂ ਤੱਕ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਵੀ ਮਾਲ ਗੱਡੀਆਂ ਨੂੰ ਜਾਣ ਦੇਣ ਤੇ ਸਹਿਮਤੀ ਦੇ ਰੱਖੀ ਹੈ।
ਸ੍ਰੀ ਦੀਵਾਨ ਨੇ ਕਿਹਾ ਕਿ ਕੇਂਦਰ ਨੇ ਉਦਯੋਗਾਂ ਨੂੰ 20 ਹਜ਼ਾਰ ਕਰੋੜ ਰੁਪਏ ਦਾ ਆਰਥਿਕ ਪੈਕੇਜ ਦੇਣ ਦਾ ਵਾਅਦਾ ਕੀਤਾ ਸੀ, ਜਿਹੜਾ ਅਸਲੀਅਤ ਤਾਂ ਨਹੀਂ ਬਣ ਸਕਿਆ। ਪਰ ਸਰਕਾਰ ਚੱਲ ਰਹੀ ਇੰਡਸਟਰੀ ਨੂੰ ਵੀ ਬੰਦ ਕਰਨ ਦੇ ਰਾਹ ਤੇ ਚੱਲ ਰਹੀ ਹੈ, ਜਿਹੜੀ ਕਰੋਨਾ ਮਹਾਂਮਾਰੀ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਨਿਕਲ ਵੀ ਨਹੀਂ ਪਾਈ ਸੀ। ਦੀਵਾਨ ਨੇ ਕਿਹਾ ਕਿ ਟਰੇਨਾਂ ਦੇ ਬੰਦ ਹੋਣ ਕਾਰਨ ਹੌਜ਼ਰੀ ਇੰਡਸਟਰੀ ਦਾ ਸਮਾਨ ਦੇਸ਼ ਦੇ ਦੂਜੇ ਹਿੱਸਿਆਂ ਤੇ ਵਿਦੇਸ਼ਾਂ ਚ ਨਹੀਂ ਜਾ ਪਾ ਰਿਹਾ ਹੈ। ਬਾਵਜੂਦ ਇਸਦੇ ਕਿ ਠੰਢ ਸ਼ੁਰੂ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਲੁਧਿਆਣਾ ਵਿੱਚ ਬਾਹਰੋਂ ਵਪਾਰੀ ਆਉਂਦੇ ਸਨ, ਜਿਹੜੇ ਟੇਰਨ ਬੰਦ ਹੋਣ ਕਾਰਨ ਨਹੀਂ ਪਹੁੰਚ ਪਾ ਰਹੇ ਹਨ। ਇਸੇ ਤਰ੍ਹਾਂ ਰੇਲਵੇ ਸਟੇਸ਼ਨ ਤੇ ਕਈ ਦਿਨਾਂ ਤੋਂ ਮਾਲ ਰੇਲਵੇ ਸਟੇਸ਼ਨ ਤੇ ਪਿਆ ਹੈ। ਜਿਸ ਨੂੰ ਰੋਡ ਟਰਾਂਸਪੋਰਟ ਰਾਹੀਂ ਭੇਜਿਆ ਜਾਵੇ ਤਾਂ ਲਾਗਤ ਵਧ ਰਹੀ ਹੈ, ਜਿਸ ਨਾਲ ਸਥਾਨਕ ਉਦਯੋਗ ਬਾਜ਼ਾਰ ਮੁਕਾਬਲੇ ਵਿੱਚ ਪਿਛੜ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਟਰੇਨਾਂ ਦਾ ਸੰਚਾਲਨ ਨਾ ਕਰਨ ਸਬੰਧੀ ਆਪਣੇ ਫ਼ੈਸਲੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੇਂਦਰ ਸਰਕਾਰ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ।