nabaz-e-punjab.com

ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਧਾਰਮਿਕ ਤੇ ਇਤਿਹਾਸਕ ਸ਼ਹਿਰਾਂ ਲਈ 100 ਕਰੋੜ ਰੁਪਏ ਮਨਜ਼ੂਰ

ਕੇਂਦਰੀ ਮੰਤਰੀ ਪੁਰੀ ਤੇ ਪੰਜਾਬ ਦੇ ਮੁੱਖ ਮੰਤਰੀ ਵਿਚਾਲੇ 6 ਜਨਵਰੀ ਨੂੰ ਚੰਡੀਗੜ੍ਹ ਵਿੱਚ ਹੋਵੇਗੀ ਮੀਟਿੰਗ: ਸਿੱਧੂ

ਨਗਰੀ ਅੰਮ੍ਰਿਤਸਰ ਨੂੰ ਬੁਨਿਆਦੀ ਢਾਂਚਾਗਤ ਸਹੂਲਤਾਂ ਨਾਲ ਕੀਤਾ ਜਾਵੇਗਾ ਲੈਸ

ਤਿੰਨ ਸ਼ਹਿਰਾਂ ਵਿੱਚ ਸਮਾਰਟ ਸਿਟੀ ਦਾ ਪ੍ਰਾਜੈਕਟ ਤੇਜ਼ੀ ਫੜੇਗਾ, ਤਿੰਨ ਸ਼ਹਿਰਾਂ ਲਈ ਮਿਲਣਗੇ 350 ਕਰੋੜ ਰੁਪਏ ਦੇ ਫੰਡ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ\ਚੰਡੀਗੜ੍ਹ, 29 ਦਸੰਬਰ:
ਪੰਜਾਬ ਦੇ ਸਰਵਪੱਖੀ ਵਿਕਾਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਲੀਕੇ ਏਜੰਡੇ ਨੂੰ ਅਮਲੀ ਜਾਮਾ ਪਹਿਨਾਉਣ ਦੀ ਦਿਸ਼ਾ ਵਿੱਚ ਅਹਿਮ ਕਦਮ ਪੁੱਟਦਿਆਂ ਪੰਜਾਬ ਦੇ ਧਾਰਮਿਕ ਤੇ ਇਤਿਹਾਸਕ ਸ਼ਹਿਰਾਂ ਦੀ ਸੁੰਦਰੀਕਰਨ ਅਤੇ ਵਿਰਾਸਤੀ ਸ਼ਹਿਰਾਂ ਵਿੱਚ ਸ਼ਰਧਾਲੂਆਂ ਤੇ ਸੈਲਾਨੀਆਂ ਲਈ ਸਹੂਲਤਾਂ ਸਥਾਪਤ ਕਰਨ ਲਈ ਦੇ ਮਕਸਦ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਨਵੀਂ ਦਿੱਲੀ ਵਿਖੇ ਤਿੰਨ ਕੇਂਦਰੀ ਮੰਤਰੀਆਂ ਸ੍ਰੀ ਅਰੁਣ ਜੇਤਲੀ, ਸ੍ਰੀ ਕੇ.ਜੇ.ਅਲਫੌਂਸ ਤੇ ਸ੍ਰੀ ਹਰਦੀਪ ਪੁਰੀ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਭਾਰਤ ਸਰਕਾਰ ਦੇ ਸੈਰ ਸਪਾਟਾ ਮੰਤਰਾਲੇ ਵੱਲੋਂ ਪੰਜਾਬ ਦੇ ਧਾਰਮਿਕ ਤੇ ਇਤਿਹਾਸਕ ਸ਼ਹਿਰਾਂ ਲਈ 100 ਕਰੋੜ ਰੁਪਏ ਮਨਜ਼ੂਰ ਕੀਤੇ ਗਏ। ਇਸ ਤੋਂ ਇਲਾਵਾ ਤਿੰਨ ਸ਼ਹਿਰਾਂ ਵਿੱਚ ਸਮਾਰਟ ਸਿਟੀ ਦਾ ਪ੍ਰਾਜੈਕਟ ਹੁਣ ਤੇਜ਼ੀ ਫੜੇਗਾ ਜਿਸ ਲਈ ਸਾਰੇ ਰਾਹ ਪੱਧਰੇ ਹੋ ਗਏ ਹਨ। ਮੁੱਖ ਮੰਤਰੀ ਦਫਤਰ ਪੰਜਾਬ ਵੱਲੋਂ ਸਮਾਰਟ ਸਿਟੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੇਂਦਰ ਦੀ ਮੰਗ ’ਤੇ ਤੁਰੰਤ 50 ਕਰੋੜ ਰੁਪਏ ਜਾਰੀ ਕੀਤੇ ਜਾ ਰਹੇ ਹਨ ਜਿਸ ਨਾਲ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ 350 ਕਰੋੜ ਰੁਪਏ ਮਿਲਣਗੇ।
ਇਨ੍ਹਾਂ ਮੀਟਿੰਗਾਂ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਨੂੰ ਧਾਰਮਿਕ, ਇਤਿਹਾਸਕ ਤੇੇ ਵਿਰਾਸਤੀ ਕੇਂਦਰ ਵਜੋਂ ਉਭਾਰਨ, ਅੰਮ੍ਰਿਤਸਰ ਨੂੰ ਸੈਰ ਸਪਾਟਾ ਕੇਂਦਰ ਵਜੋਂ ਸਥਾਪਤ ਕਰਨ ਅਤੇ ਪੰਜਾਬ ਦੇ ਵੱਡੇ ਸ਼ਹਿਰਾਂ ਦੀ ਕਾਇਆ ਕਲਪ ਕਰਨ ਲਈ ਅੱਜ ਉਨ੍ਹਾਂ ਤਿੰਨ ਮੀਟਿੰਗਾਂ ਕੀਤੀਆਂ। ਉਨ੍ਹਾਂ ਦੱਸਿਆ ਕਿ ਅੱਜ ਦੀਆਂ ਮੀਟਿੰਗਾਂ ਵਿੱਚੋਂ ਤਿੰਨੋਂ ਕੇਂਦਰੀ ਮੰਤਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਲਈ ਮਨਜ਼ੂਰ ਕੀਤੇ ਫੰਡ ਜਲਦ ਜਾਰੀ ਹੋਣਗੇ ਅਤੇ ਪੰਜਾਬ ਸਰਕਾਰ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨਾਲ ਮੀਟਿੰਗ ਕੀਤੀ ਜਿਸ ਵਿੱਚ ਉਨ੍ਹਾਂ ਪੰਜਾਬ ਨੂੰ ਸੈਰ ਸਪਾਟਾ ਤੇ ਸ਼ਹਿਰੀ ਵਿਕਾਸ ਖੇਤਰਾਂ ਵਿੱਚ ਮਿਲਣ ਵਾਲੇ ਫੰਡ ਜਾਰੀ ਕਰਵਾਉਣ ਦੀ ਗੱਲ ਕੀਤੀ।
ਸ੍ਰੀ ਸਿੱਧੂ ਨੇ ਅੱਗੇ ਦੱਸਿਆ ਕਿ ਕੇਂਦਰੀ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਰਾਜ ਮੰਤਰੀ ਸ੍ਰੀ ਕੇ.ਜੇ.ਅਲਫੌਂਸ ਨਾਲ ਕੀਤੀ ਮੁਲਾਕਾਤ ਵਿੱਚ ਉਨ੍ਹਾਂ ਕੇਂਦਰੀ ਸਕੀਮਾਂ ਤਹਿਤ ਪੰਜਾਬ ਦੇ ਧਾਰਮਿਕ, ਇਤਿਹਾਸਕ ਤੇ ਵਿਰਾਸਤੀ ਸ਼ਹਿਰਾਂ ਲਈ 100 ਕਰੋੜ ਰੁਪਏ ਦੇ ਫੰਡ ਮਨਜ਼ੂਰ ਕਰਵਾਏ। ਉਨ੍ਹਾਂ ਵੇਰਵੇ ਦਿੰਦਿਆਂ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਲਈ 32 ਕਰੋੜ, ਫਤਹਿਗੜ੍ਹ ਸਾਹਿਬ ਲਈ 20 ਕਰੋੜ, ਚਮਕੌਰ ਸਾਹਿਬ ਲਈ 18 ਕਰੋੜ, ਖਟਕੜ ਕਲਾਂ ਤੇ ਹੁਸੈਨੀਵਾਲਾ ਲਈ 15 ਕਰੋੜ, ਜਲ੍ਹਿਆ ਵਾਲਾ ਬਾਗ ਲਈ 10 ਕਰੋੜ, ਸਾਰਾਗੜ੍ਹੀ ਯਾਦਗਾਰ ਲਈ 3 ਕਰੋੜ ਅਤੇ ਕਲਾਨੌਰ ਲਈ 2 ਕਰੋੜ ਰੁਪਏ ਹੋਏ ਮਨਜ਼ੂਰ ਕੀਤੇ ਗਏ ਹਨ ਜਿਨ੍ਹਾਂ ਨਾਲ ਇਨ੍ਹਾਂ ਸ਼ਹਿਰਾਂ ਦਾ ਹੋਰ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਪੰਜਾਬ ਅੰਦਰ ਧਾਰਮਿਕ, ਵਿਰਾਸਤੀ ਤੇ ਇਤਿਹਾਸਕ ਸੈਲਾਨੀਆਂ ਲਈ ਸਿੱਖ ਸਰਕਟ, ਸੂਫੀ, ਕੌਮੀ ਨਾਇਕ, ਮੁਗਲ ਤੇ ਇਤਿਹਾਸਕ ਸਰਕਟ ਬਣਾ ਕੇ ਇਨ੍ਹਾਂ ਨਾਲ ਸਬੰਧਤ ਸ਼ਹਿਰਾਂ ਨੂੰ ਵਿਕਸਤ ਕਰਨ ਦੀ ਯੋਜਨਾ ਹੈ। ਉਨ੍ਹਾਂ ਭਾਰਤ ਸਰਕਾਰ ਦਾ ਧਾਰਮਿਕ ਤੇ ਇਤਿਹਾਸਕ ਸ਼ਹਿਰਾਂ ਦੇ ਵਿਕਾਸ ਲਈ 100 ਕਰੋੜ ਰੁਪਏ ਮਨਜ਼ੂਰ ਕਰਨ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸੂਫੀ ਤੇ ਮੁਗਲ ਸਰਕਟ ਲਈ ਕੇਂਦਰੀ ਸਕੀਮ ਤਹਿਤ ਫੰਡਾਂ ਦੀ ਮੰਗ ਲਈ ਪੂਰਾ ਪ੍ਰਾਜੈਕਟ ਬਣਾ ਕੇ ਭੇਜਿਆ ਜਾਵੇਗਾ।
ਕੇਂਦਰੀ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਰਾਜ ਮੰਤਰੀ ਸ੍ਰੀ ਹਰਦੀਪ ਪੁਰੀ ਨਾਲ ਮੀਟਿੰਗ ਬਾਰੇ ਦੱਸਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਢਾਂਚਾਗਤ ਸਹੂਲਤਾਂ ਨਾਲ ਲੈਸ ਕਰਨ ਲਈ ਠੋਸ ਵਿਚਾਰਾਂ ਕੀਤੀਆਂ ਗਈਆਂ ਕਿਉਂ ਜੋ ਭਾਰਤ ਦੇ ਹੋਰਨਾਂ ਸੂਬਿਆਂ ਅਤੇ ਵਿਦੇਸ਼ਾਂ ਤੋਂ ਵੀ ਰੋਜ਼ਾਨਾ ਕਰੀਬ 1 ਲੱਖ ਸ਼ਰਧਾਲੂ ਗੁਰੂ ਦੀ ਨਗਰੀ ਦੇ ਦਰਸ਼ਨ ਕਰਨ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਵੱਲੋਂ ਕੇਂਦਰੀ ਸਕੀਮਾਂ ਤੋਂ ਇਲਾਵਾ ਸਮਾਰਟ ਸਿਟੀ, ਹਿਰਦੇ ਤੇ ਅਮਰੁਤ ਯੋਜਨਾ ਤਹਿਤ ਪੰਜਾਬ ਦੇ ਸ਼ਹਿਰਾਂ ਦੇ ਵਿਕਾਸ ਲਈ ਜਲਦ ਫੰਡ ਜਾਰੀ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਤਿੰਨ ਸ਼ਹਿਰਾਂ ਵਿੱਚ ਸਮਾਰਟ ਸਿਟੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਾਰੇ ਪ੍ਰਬੰਧ ਹੋ ਗਏ ਹਨ ਅਤੇ ਹੁਣ ਇਹ ਪ੍ਰਾਜੈਕਟ ਤੇਜ਼ੀ ਫੜੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਲਈ ਬਣਦਾ ਹਿੱਸਾ 50 ਕਰੋੜ ਰੁਪਏ ਪਾਇਆ ਜਾਵੇਗਾ ਜਿਸ ਨਾਲ ਭਾਰਤ ਸਰਕਾਰ ਵੱਲੋਂ ਤਿੰਨ ਸ਼ਹਿਰਾਂ ਲਈ 350 ਕਰੋੜ ਰੁਪਏ ਮਿਲਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਕੇਂਦਰੀ ਮੰਤਰੀ ਸ੍ਰੀ ਹਰਦੀਪ ਪੁਰੀ 6 ਜਨਵਰੀ 2018 ਨੂੰ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਨਗੇ ਜਿਸ ਮੀਟਿੰਗ ਦੀ ਤਿਆਰੀ ਵਜੋਂ 1 ਜਨਵਰੀ ਨੂੰ ਸ੍ਰੀ ਪੁਰੀ ਵੱਲੋਂ ਕੇਂਦਰੀ ਮੰਤਰਾਲੇ ਦੀ ਟੀਮ ਚੰਡੀਗੜ੍ਹ ਭੇਜੀ ਜਾ ਰਹੀ ਹੈ। ਇਹ ਟੀਮ ਉਨ੍ਹਾਂ ਦੇ ਵਿਭਾਗ ਨਾਲ ਮੀਟਿੰਗ ਕਰਕੇ 6 ਜਨਵਰੀ ਨੂੰ ਹੋਣ ਵਾਲੀ ਮੀਟਿੰਗਾ ਦਾ ਖਾਕਾ ਉਲੀਕੇਗੀ। ਇਸ ਮੌਕੇ ਮੀਟਿੰਗਾਂ ਦੌਰਾਨ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੱੁਖ ਸਕੱਤਰ ਸ੍ਰੀ ਏ.ਵੇਣੂ ਪ੍ਰਸ਼ਾਦ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਪ੍ਰਤਾਪ, ਪੀ.ਐਮ.ਆਈ.ਡੀ.ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਅਜੋਏ ਸ਼ਰਮਾ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਸ੍ਰੀ ਕਰਨੇਸ਼ ਸ਼ਰਮਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…