ਕੁਆਲਿਟੀ ਕੱਟ ਲਗਾਉਣ ਦੀ ਥਾਂ ਨੁਕਸਾਨੀ ਕਣਕ ’ਤੇ ਬੋਨਸ ਦੇਵੇ ਕੇਂਦਰ ਸਰਕਾਰ: ਥੇੜੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਪਰੈਲ:
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ ਕੇਂਦਰ ਸਰਕਾਰ ਵੱਲੋਂ ਕਣਕ ਦੀ ਫ਼ਸਲ ’ਤੇ ਕੁਆਲਿਟੀ ਕੱਟ ਲਗਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਬੇਮੌਸਮੀ ਬਾਰਸ਼ ਅਤੇ ਗੜੇਮਾਰੀ ਨਾਲ ਪੱਕਣ ’ਤੇ ਆਈ ਕਣਕ ਦੀ ਫ਼ਸਲ ਸਮੇਤ ਹੋਰ ਫ਼ਸਲਾਂ, ਹਰਾ ਚਾਰਾ ਅਤੇ ਸਬਜ਼ੀਆਂ ਨੁਕਸਾਨੀਆਂ ਗਈਆਂ ਹਨ। ਲਿਹਾਜ਼ਾ ਸਮੇਂ ਦੀਆਂ ਸਰਕਾਰਾਂ ਨੂੰ ਕੁਦਰਤੀ ਦੀ ਕਰੋਪੀ ਦੀ ਦੋਹਰੀ ਮਾਰ ਝੱਲ ਰਹੇ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ ਅਤੇ ਨੁਕਸਾਨੀਆਂ ਫ਼ਸਲਾਂ ਦਾ ਯੋਗ ਮੁਆਵਜ਼ਾ ਦੇ ਕੇ ਕਿਸਾਨਾਂ ਨੂੰ ਮੁੜ ਪੈਰਾਂ ’ਤੇ ਖੜਾ ਕਰਨਾ ਚਾਹੀਦਾ ਹੈ।
ਜ਼ਿਲ੍ਹਾ ਜਨਰਲ ਸਕੱਤਰ ਬਹਾਦਰ ਸਿੰਘ ਨਿਆਮੀਆਂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਮੇਹਰ ਸਿੰਘ ਥੇੜੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਣਕ ਖ਼ਰੀਦਣ ਲਈ ਸੁੱਕੇ ਦਾਣੇ ਅਤੇ ਟੋਟੇ ਦਾਣੇ ’ਤੇ ਛੋਟ ਤਾਂ ਦਿੱਤੀ ਗਈ ਹੈ ਪ੍ਰੰਤੂ ਜਿਹੜੀਆਂ ਛੇ ਕੈਟਾਗਰੀਆਂ ਬਣਾ ਕੇ ਫ਼ਸਲ ਦੇ ਭਾਅ ਵਿੱਚ ਕੱਟ ਲਗਾਇਆ ਗਿਆ ਹੈ, ਉਸ ਨਾਲ ਅੰਨਦਾਤੇ ਦਾ ਭਾਰੀ ਨੁਕਸਾਨ ਹੋਵੇਗਾ। ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੁਆਲਿਟੀ ਕੱਟ ਲਗਾਉਣ ਦੀ ਥਾਂ ਹੁਕਮਰਾਨਾਂ ਨੂੰ ਪੀੜਤ ਕਿਸਾਨਾਂ ਨੂੰ ਕਣਕ ’ਤੇ ਬੋਨਸ ਦੇਣ ਦਾ ਐਲਾਨ ਕਰ ਕੇ ਫੌਰੀ ਵੱਡੀ ਰਾਹਤ ਦੇਣੀ ਚਾਹੀਦੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੀ ਵਾਰ ਪੰਜਾਬ ਦੇ ਕਿਸਾਨਾਂ ਦੀ ਕਣਕ ਦਾ ਝਾੜ ਬਹੁਤ ਘੱਟ ਹੋਇਆ ਸੀ ਅਤੇ ਫਿਰ ਝੋਨੇ ਤੇ ਚੀਨੀ ਹਮਲਾ ਹੋਣ ਕਰਕੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ। ਇਸ ਤੋਂ ਇਲਾਵਾ ਲੰਪੀ ਸਕਿਨ ਦੀ ਬਿਮਾਰੀ ਕਾਰਨ ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਅੱਜ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਤੇ ਹੁਣ ਵੀ ਕਈ ਪਿੰਡਾਂ ਵਿੱਚ ਅਜੇ ਤੱਕ ਗਿਰਦਾਵਰੀਆਂ ਪੂਰੀਆਂ ਨਹੀਂ ਹੋਈਆਂ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਤੁਰੰਤ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਹਕੀਕਤ ਸਿੰਘ ਘੜੂੰਆਂ, ਹਰਵਿੰਦਰ ਸਿੰਘ ਪੋਪਨਾ, ਗੁਰਜੰਟ ਸਿੰਘ ਪੋਪਨਾ, ਹਰਜਿੰਦਰ ਸਿੰਘ ਮੱਕੜਾ, ਹਰਿੰਦਰ ਸਿੰਘ ਤੋਤਾ, ਅਮਰਜੀਤ ਸਿੰਘ ਪੰਨੂਆ, ਹਰਿੰਦਰ ਸਿੰਘ ਲੰਬਰਦਾਰ, ਮਨਪ੍ਰੀਤ ਸਿੰਘ ਖੇੜੀ, ਬਲਜਿੰਦਰ ਸਿੰਘ ਅਤੇ ਰਣਜੀਤ ਸਿੰਘ ਹਾਜ਼ਰ ਸਨ।

Load More Related Articles

Check Also

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਨਬਜ਼-ਏ-ਪੰਜਾਬ…