
ਮੁੱਖ ਚੋਣ ਅਫ਼ਸਰ ਵੱਲੋਂ ਗੈਰ ਹਾਜ਼ਰ ਬੀਐਲਓ ਜਰਨੈਲ ਸਿੰਘ ਵਿਰੁੱਧ ਸਖ਼ਤ ਕਾਰਵਾਈ ਦੇ ਆਦੇਸ਼
ਮੁੱਖ ਚੋਣ ਅਫ਼ਸਰ ਪੰਜਾਬ ਡਾ.ਐਸ. ਕਰੁਨਾ ਰਾਜੂ ਵੱਲੋਂ ਸਪੈਸ਼ਲ ਕੈਂਪ ਦੌਰਾਨ ਵੱਖ-ਵੱਖ ਪੋਲਿੰਗ ਬੂਥਾਂ ਦੀ ਚੈਕਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਨਵੰਬਰ:
ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ.ਐਸ. ਕਰੁਨਾ ਰਾਜੂ ਨੇ ਅੱਜ ਵਿਸ਼ੇਸ਼ ਕੈਂਪ ਦੌਰਾਨ ਮੁਹਾਲੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦੀ ਚੈਕਿੰਗ ਕੀਤੀ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ, ਐਸਡੀਐਮ ਹਰਬੰਸ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਮੁੱਖ ਚੋਣ ਅਫ਼ਸਰ ਡਾ.ਐਸ.ਕਰੁਨਾ ਰਾਜੂ ਵੱਲੋਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ ਇੱਥੋਂ ਦੇ ਸ਼ਾਸਤਰੀ ਮਾਡਲ ਪਬਲਿਕ ਸਕੂਲ ਫੇਜ਼-1 ਵਿਖੇ ਪੋਲਿੰਗ ਬੂਥ ਨੰਬਰ-135 ਤੋਂ 138, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ1 ਵਿਖੇ ਪੋਲਿੰਗ ਬੂਥ ਨੰਬਰ-156 ਅਤੇ 157, ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ਵਿਖੇ ਬੂਥ ਨੰਬਰ-176 ਅਤੇ 177 ਅਤੇ ਸਰਕਾਰੀ ਸਕੂਲ (ਐਲੀਮੈਂਟਰੀ) ਫੇਜ਼-3ਬੀ1 ਵਿਖੇ ਬੂਥ ਨੰਬਰ-154 ਅਤੇ 155 ਬੂਥਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ਵਿਖੇ ਬੂਥ ਨੰਬਰ-177 ਦਾ ਬੀਐਲਓ ਜਰਨੈਲ ਸਿੰਘ ਗੈਰ ਹਾਜ਼ਰ ਪਾਇਆ ਗਿਆ। ਇਸ ਸਬੰਧੀ ਬੂਥ ਦਾ ਇੰਚਾਰਜ ਰਾਕੇਸ਼ ਕੁਮਾਰ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ। ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਚੋਣ ਅਫ਼ਸਰ ਵੱਲੋਂ ਇਨ੍ਹਾਂ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਉਨ੍ਹਾਂ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਨ੍ਹਾਂ ਵੋਟਰਾਂ ਦੀ 1.01.2022 ਨੂੰ 18 ਸਾਲ ਹੋ ਰਹੀ ਹੈ ਅਤੇ ਉਨ੍ਹਾਂ ਦੀ ਵੋਟ ਨਹੀ ਬਣੀ ਉਹ ਆਪਣੀ ਵੋਟ ਫਾਰਮ ਨੰਬਰ-6 ਰਾਹੀ ਬਣਵਾ ਸਕਦਾ ਹੈ ਅਤੇ ਜਿਸ ਵਿਅਕਤੀ ਦੀ ਵੋਟ ਨਹੀਂ ਬਣੀ ਤਾਂ ਉਹ ਫਾਰਮ ਨੰਬਰ-6, ਵੋਟ ਬਣਾਉਣ ਲਈ, ਵੋਟ ਕਟਾਉਣ ਲਈ ਫਾਰਮ ਨੰਬਰ-7, ਵੋਟਰ ਕਾਰਡ ਵਿੱਚ ਸੋਧ ਕਰਾਉਣ ਲਈ ਫਾਰਮ ਨੰਬਰ-8 ਅਤੇ ਹਲਕੇ ਅੰਦਰ ਹੀ ਪਤਾ ਬਦਲਾਉਣ ਲਈ ਫਾਰਮ ਨੰਬਰ-8 ਓ, ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in ਅਤੇ Voterhelpline 1pp ਅਤੇ Online ਫਾਰਮ ਭਰੇ ਜਾ ਸਕਦੇ ਹਨ। ਇਹ ਫਾਰਮ ਮਿਤੀ 30.11.2021 ਤੱਕ ਭਰੇ ਜਾ ਸਕਦੇ ਹਨ। ਭਾਰਤ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਕੈਂਪ ਮਿਤੀ 7.11.2021, 20.11.2021 ਅਤੇ 21.11.2021 ਲਗਾਏ ਜਾਣੇ ਹਨ। ਇਨ੍ਹਾਂ ਮਿਤੀਆਂ ਨੂੰ ਬੀਐਲਓ ਆਪਣੇ ਆਪਣੇ ਪੋਲਿੰਗ ਬੂਥਾਂ ਤੇ ਬੈਠ ਕੇ ਇਹ ਫਾਰਮ ਪ੍ਰਾਪਤ ਕਰਨਗੇ। ਅਤੇ ਯੋਗ ਨੌਜਵਾਨਾਂ ਦਾ ਵੋਟਰ ਕਾਰਡ ਬਣਾਉਣ ਅਤੇ ਵੋਟਰ ਸੂਚੀ ਵਿੱਚ ਸਮੇਂ ਸਿਰ ਸੋਧ ਨੂੰ ਯਕੀਨੀ ਬਣਾਉਣਗੇ।
ਨੌਜਵਾਨ ਵੋਟਰਾਂ ਨੂੰ ਖਾਸ ਕਰਕੇ ਅਪੀਲ ਕੀਤੀ ਹੈ ਕਿ ਜੇਕਰ 01.01.2022 ਨੂੰ ਉਨ੍ਹਾਂ ਦੀ ਉਮਰ 18 ਸਾਲ ਹੋ ਰਹੀ ਹੈ, ਪਰ ਹੁਣ ਤੱਕ ਵੋਟ ਨਹੀਂ ਬਣੀ ਹੈ, ਤਾਂ ਉਹ ਬੀਐਲਓ ਕੋਲ ਫਾਰਮ ਜਮਾਂ ਕਰਵਾਉਣ ਜਾਂ online NVSP.in ਅਤੇ Voterhelpline 1pp ਅਤੇ ਫਾਰਮ ਨੰਬਰ-6 ਜ਼ਰੂਰ ਭਰਨ। ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ-1950 ’ਤੇ ਸੰਪਰਕ ਕੀਤਾ ਜਾ ਸਕਦੇ ਹੈ। ਇਸ ਮੌਕੇ ਉਨ੍ਹਾਂ ਵੱਲੋਂ ਬੂਥ ਲੈਵਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਵੋਟਰਾਂ ਨੂੰ ਹਰ ਸੰਭਵ ਸਹੂਲਤ ਮੁਹੱਈਆ ਕਰਵਾਉਣ। ਮੁੱਖ ਚੋਣ ਅਫ਼ਸਰ ਵੱਲੋਂ ਵਿਸ਼ੇਸ਼ ਕੈਂਪਾਂ ਦੌਰਾਨ ਬੂਥ ਲੈਵਲ ਅਫ਼ਸਰਾਂ ਨੂੰ ਕੋਵਿਡ ਕਿੱਟਾਂ ਮੁਹੱਈਆ ਕਰਵਾਈਆਂ ਗਈਆ ਹਨ ਤਾਂ ਜੋ ਆਮ ਲੋਕਾਂ ਦੀ ਸਹੂਲਤ ਲਈ ਕੋਵਿਡ ਪ੍ਰੋਟੋਕਾਲ ਦਾ ਖਿਆਲ ਰੱਖਿਆ ਜਾ ਸਕੇ। ਵਿਸ਼ੇਸ਼ ਕੈਂਪਾਂ ਦੀ ਪੋਲਿੰਗ ਬੂਥਾਂ ਦੀ ਚੈਕਿੰਗ ਮੌਕੇ ਚੋਣ ਅਫ਼ਸਰ ਪੰਜਾਬ ਭਾਰਤ ਭੂਸ਼ਨ ਬਾਂਸਲ ਅਤੇ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਗੁਰਮੰਦਰ ਸਿੰਘ, ਸੁਰਿੰਦਰ ਗਰਗ ਅਤੇ ਤਹਿਸੀਲਦਾਰ (ਚੋਣਾਂ) ਸੰਜੇ ਕੁਮਾਰ ਵੀ ਹਾਜ਼ਰ ਸਨ।