
28 ਨਵੰਬਰ ਤੋਂ ਸ਼ੁਰੂ ਹੋਣਗੇ ਸਮਾਗਮ, 2 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ਾਲ ਖੂਨਦਾਨ ਕੈਂਪ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਨਵੇਂ ਬਣੇ ਆਲੀਸ਼ਾਨ ਦਰਬਾਰ ਸਾਹਿਬ ਵਿੱਚ 28 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ ਜਾਣਗੇ। ਇਸ ਸਬੰਧੀ ਇਲਾਕੇ ਦੀ ਸੰਗਤ ਵਿੱਚ ਭਾਰੀ ਉਤਸ਼ਾਹ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਦਿਨ ਪ੍ਰਕਾਸ਼ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ ਅਤੇ ਇਹ ਸਮਾਗਮ 2 ਦਸੰਬਰ (ਸਾਲਾਨਾ ਸਮਾਗਮ) ਤੱਕ ਚੱਲਣਗੇ। ਰੋਜ਼ਾਨਾ ਨਿੱਤਨੇਮ, ਕਥਾ, ਕੀਰਤਨ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਸੱਚਖੰਡ ਵਾਸੀ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਅਪਾਰ ਕ੍ਰਿਪਾ ਸਦਕਾ ਅਤੇ ਸੱਚਖੰਡ ਵਾਸੀ ਜਥੇਦਾਰ ਬਾਬਾ ਹਰਬੰਸ ਸਿੰਘ ਕਾਰ ਸੇਵਾ ਦਿੱਲੀ ਵਾਲੇ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਨਵੇਂ ਬਣੇ ਆਲੀਸ਼ਾਨ ਦਰਬਾਰ ਸਾਹਿਬ ਵਿਖੇ ਹੋਣਗੇ।
ਬੁਲਾਰੇ ਨੇ ਦੱਸਿਆ ਕਿ 28 ਨਵੰਬਰ ਨੂੰ ਸ੍ਰੀ ਅਖੰਡ ਸਾਹਿਬ ਆਰੰਭ ਕੀਤੇ ਜਾਣਗੇ ਅਤੇ 30 ਨਵੰਬਰ ਸਵੇਰੇ 9 ਵਜੇ ਭੋਗ ਪਾਏ ਜਾਣਗੇ, ਉਪਰੰਤ ਧਾਰਮਿਕ ਸਮਾਗਮ ਹੋਵੇਗਾ ਇਸੇ ਦਿਨ ਫਿਰ ਨਵੇਂ ਸਿਰਿਓਂ ਅਖੰਡ ਸਾਹਿਬ ਆਰੰਭ ਕੀਤੇ ਅਤੇ 2 ਦਸੰਬਰ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ। ਇਸ ਉਪਰੰਤ ਸਾਰਾ ਦਿਨ ਅਤੇ ਦੇਰ ਰਾਤ ਤੱਕ ਧਾਰਮਿਕ ਸਮਾਗਮ ਹੋਵੇਗਾ। ਇਸ ਦਿਨ (2 ਦਸੰਬਰ ਨੂੰ) ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿੱਚ ਸਵੇਰੇ 8 ਵਜੇ ਤੋਂ ਦੇਰ ਸ਼ਾਮ 6 ਵਜੇ ਤੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਪਵਿੱਤਰ ਅਸਥਾਨ ’ਤੇ ਦੇਸ਼ ਵਿਦੇਸ਼ ’ਚੋਂ ਵੱਡੀ ਗਿਣਤੀ ਸੰਗਤਾਂ ਨਤਮਸਤਕ ਹੋਣ ਆਉਂਦੀ ਹੈ ਅਤੇ ਵਿਸ਼ਵ ਭਰ ਵਿੱਚ ਇਸ ਅਸਥਾਨ ਦੀ ਬਹੁਤ ਮਹਾਨਤਾ ਹੈ।