
ਸੀਜੀਸੀ ਕਾਲਜ ਝੰਜੇੜੀ ਵਿੱਚ ਲੱਗੀਆਂ ਤੀਆਂ ਦੀ ਰੌਣਕਾਂ, ਵਿਦਿਆਰਥੀਆਂ ਨੇ ਖੂਬ ਰੰਗ ਬੰਨ੍ਹਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੁਲਾਈ:
ਸਾਉਣ ਦੇ ਮਹੀਨੇ ਵਿੱਚ ਪੰਜਾਬ ਦੇ ਅਮੀਰ ਵਿਰਸੇ ਦਾ ਅਹਿਸਾਸ ਦਿਵਾਉਂਦਾ ਤੀਆਂ ਦਾ ਤਿਉਹਾਰ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਵੱਲੋਂ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ। ਪੰਜਾਬੀ ਸਭਿਆਚਾਰ ਵਿਚ ਰੰਗੇ ਇਸ ਸਮਾਰੋਹ ਵਿਚ ਲੜਕੀਆਂ ਵਿਚਕਾਰ ਖੂਬਸੂਰਤ ਮਹਿੰਦੀ, ਵਾਲ ਸਜਾਉਣ, ਰੰਗੋਲੀ ਬਣਾਉਣ ਅਤੇ ਖੂਬਸੂਰਤ ਹੱਥ ਪੈਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਦੇ ਨਾਲ ਹੀ ਲੜਕੀਆਂ ਵਿਚਕਾਰ ਸੰਪੂਰਨ ਪੰਜਾਬਣ ਪਹਿਰਾਵੇ ਦੇ ਮੁਕਾਬਲੇ ਵੀ ਕਰਵਾਏ ਗਏ। ਵਿਦਿਆਰਥਣਾਂ ਨੇ ਪੀਂਘਾਂ ਝੂਟ ਕੇ ਇਸ ਦਿਨ ਨੂੰ ਹਾਸੇ ਮਜ਼ਾਕ ਭਰੇ ਮਾਹੌਲ ਵਿਚ ਰੰਗ ਦਿੱਤਾ। ਇਸ ਦੇ ਇਲਾਵਾ ਕੈਂਪਸ ਵਿਚ ਖੀਰ ਅਤੇ ਮਾਲ੍ਹਪੂੜੇ ਬਣਾ ਕੇ ਵੰਡੇ ਗਏ।
ਇਸ ਮੌਕੇ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਆਪਣੇ ਸਾਂਝੇ ਕਰਦੇ ਹੋਏ ਕਿਹਾ ਕਿ ਮਾਨਸੂਨ ਰੁੱਤ ਨਾਲ ਜੁੜਿਆ ਪੰਜਾਬ ਦਾ ਇਹ ਮਾਣ ਮੱਤਾ ਤੀਆਂ ਦਾ ਤਿਉਹਾਰ ਭਾਵੇਂ ਅੱਜ ਦੀ ਰੁਝੇਂਵੇ ਭਰੀ ਜਿੰਦਗੀ ‘ਚ ਅਲੋਪ ਹੋ ਰਿਹਾ ਹੈ। ਪਰ ਸਾਨੂੰ ਆਪਣੇ ਅਮੀਰ ਵਿਰਸੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਣਾ ਦਿੰਦੇ ਹੋਏ ਕਿਹਾ ਕਿ ਜੋ ਕੌਮਾਂ ਆਪਣੇ ਵਿਰਸੇ ਅਤੇ ਕੁਰਬਾਨੀਆਂ ਨੂੰ ਭੁੱਲ ਜਾਂਦੀਆਂ ਹਨ ਉਨ੍ਹਾਂ ਦਾ ਨਾਮ ਨਿਸ਼ਾਨ ਵੀ ਇਤਿਹਾਸ ਵਿਚੋਂ ਗੁਆਚ ਜਾਂਦਾ ਹੈ। ਉਨ੍ਹਾਂ ਸਭ ਨੂੰ ਪੰਜਾਬੀ ਸਭਿਆਚਾਰ ਦੀ ਸੰਭਾਲ ਕਰਨ ਦਾ ਸੁਨੇਹਾ ਦਿੰਦਿਆਂ ਕਿਹਾ ਇਸ ਸਾਡਾ ਫਰਜ਼ ਹੈ ਕਿ ਅਸੀ ਆਪਣੇ ਅਮੀਰ ਵਿਰਸੇ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਈਏ।

ਇਸ ਦੌਰਾਨ ਵਿਦਿਆਰਥਣਾ ਨੇ ਸਟੇਜ਼ ਅਤੇ ਪੀਂਘ ਚੜਾਉਣ ਮੌਕੇ ਤੇ ਵਿਦਿਆਰਥਣਾਂ ਨੇ ਤੀਆਂ ਦੇ ਤਿਉਹਾਰ ਨਾਲ ਜੁੜੀਆਂ ਖ਼ੂਬਸੂਰਤ ਪੇਸ਼ਕਸਾਂ ਵੀ ਪੇਸ਼ ਕੀਤੀਆਂ ਜਿਨ੍ਹਾਂ ਨੂੰ ਦਰਸ਼ਕਾਂ ਨੇ ਖੂਬ ਸਲਾਹਿਆ।