
ਸੀਜੀਸੀ ਕਾਲਜ ਝੰਜੇੜੀ ਵਿੱਚ ਵਿਸਾਖੀ ਮੌਕੇ ਲੱਗੀਆਂ ਰੌਣਕਾਂ
ਵਿਦਿਆਰਥੀਆਂ ਨੇ ਰਵਾਇਤਾਂ ਪਹਿਰਾਵੇ ਨਾਲ ਸਭਿਆਚਾਰ ਦਾ ਆਨੰਦ ਮਾਣਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਪਰੈਲ:
ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕੈਂਪਸ ਵਿੱਚ ਵਿਸਾਖੀ ਨੂੰ ਸਮਰਪਿਤ ‘ਸਭਿਆਚਾਰਕ ਵਿਸਾਖੀ ਮੇਲੇ’ ਦਾ ਆਯੋਜਨ ਕੀਤਾ ਗਿਆ। ਪੰਜਾਬ ਦੇ ਵਡਮੁੱਲੇ ਸਭਿਆਚਾਰ ਦਾ ਪ੍ਰਤੱਖ ਤਸਵੀਰ ਪੇਸ਼ ਕਰਦੇ ਹੋਏ ਝੰਜੇੜੀ ਕੈਂਪ ਦੇ ਵਿਹੜੇ ਨੂੰ ਪਿੰਡ ਦੀ ਸੱਥ ਵਾਂਗ ਸਜਾਇਆ ਗਿਆ। ਹਾਲਾਂਕਿ ਕੋਵਿਡ ਦੇ ਚੱਲਦਿਆ ਇਕੱਠ ਨੂੰ ਬਹੁਤ ਹੀ ਸੀਮਤ ਰੱਖਿਆ ਗਿਆ ਅਤੇ ਨਾਲ ਹੀ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਗਈ। ਇਸ ਦੇ ਨਾਲ ਹੀ ਵਿਸ਼ਵ ਭਰ ਵਿੱਚ ਮਸ਼ਹੂਰ ਪੰਜਾਬੀ ਖਾਣਿਆਂ ਦੇ ਸਟਾਲ ਵੀ ਲਗਾਏ ਗਏ। ਜਿਸ ਵਿੱਚ ਮੱਕੀ ਬਾਜ਼ਰੇ, ਕਣਕ ਦੀ ਰੋਟੀ, ਸਰ੍ਹੋਂ ਦਾ ਸਾਗ, ਲੱਸੀ ਸਮੇਤ ਵਿਸ਼ਵ ਵਿੱਚ ਆਪਣੀ ਖਾਸ ਥਾਂ ਬਣਾ ਚੁੱਕੇ ਪੰਜਾਬੀ ਖਾਣਿਆਂ ਦਾ ਲੁਤਫ਼ ਵੀ ਹਾਜ਼ਰ ਮਹਿਮਾਨਾਂ ਨੇ ਲਿਆ।
ਕੁੱਲ ਮਿਲਾਕੇ ਪੂਰੀ ਤਰ੍ਹਾਂ ਪੰਜਾਬੀ ਸਭਿਆਚਾਰ ਦੀ ਪ੍ਰਤੱਖ ਰੂਪ ਪੇਸ਼ ਕਰਦਾ ਇਹ ਮੇਲਾ ਜਿੱਥੇ ਹਰ ਪੰਜਾਬੀ ਦੇ ਦਿਲ ਵਿਚ ਉਸ ਦੇ ਅਮੀਰ ਵਿਰਸੇ ਲਈ ਇਕ ਮਾਣ ਮਹਿਸੂਸ ਕਰਦਾ ਸਾਬਤ ਹੋਇਆਂ ਉੱਥੇ ਹੀ ਗੈਰ ਪੰਜਾਬੀ ਵਿਦਿਆਰਥੀਆਂ ਨੇ ਪਹਿਲੀ ਵਾਰ ਸੰਪੂਰਨ ਰੂਪ ਵਿੱਚ ਪੰਜਾਬੀ ਸਭਿਆਚਾਰ ਦੀ ਅਸਲ ਤਸਵੀਰ ਅੱਖੀਂ ਵੇਖੀ ਅਤੇ ਮਹਿਸੂਸ ਕੀਤੀ। ਇਸ ਮੌਕੇ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਸਾਰਿਆਂ ਨੂੰ ਵਿਸਾਖੀ ਦੇ ਦਿਹਾੜੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਆਧੁਨਿਕਤਾ ਦੀ ਦੌੜ ਵਿਚ ਜਿੱਥੇ ਅਸੀ ਆਪਣੇ ਰੀਤੀ ਰਿਵਾਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ ਉੱਥੇ ਹੀ ਪੰਜਾਬ ਦੇ ਅਮੀਰ ਵਿਰਸੇ ਤੋਂ ਵੀ ਵਿੱਸਰਦੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸੀਜੀਸੀ ਝੰਜੇੜੀ ਦਾ ਸ਼ੁਰੂ ਤੋਂ ਹੀ ਨਿਸ਼ਾਨਾ ਆਪਣੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਂਦੇ ਹੋਏ ਹਰ ਖੇਤਰ ਵਿਚ ਮੋਹਰੀ ਬਣਾਉਣ ਦੇ ਨਾਲ ਨਾਲ ਉਨ੍ਹਾਂ ਦੀ ਜੜਾਂ ਨਾਲ ਵੀ ਜੋੜਨਾ ਰਿਹਾ ਹੈ। ਇਹ ਉਪਰਾਲਾ ਵੀ ਉਸੇ ਕੜੀ ਦਾ ਇਕ ਹਿੱਸਾ ਸੀ ਜੋ ਪੂਰੀ ਤਰਾਂ ਸਫਲ ਰਿਹਾ।