nabaz-e-punjab.com

ਸੀਜੀਸੀ ਕਾਲਜ ਲਾਂਡਰਾਂ ਦੇ ਕਨਵੋਕੇਸ਼ਨ ਮੌਕੇ 1400 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਯੂਨੀਵਰਸਿਟੀ ’ਚੋਂ ਅੱਵਲ ਸਥਾਨ ਪ੍ਰਾਪਤ ਕਰਨ ਵਾਲੇ 13 ਵਿਦਿਆਰਥੀਆਂ ਸਮੇਤ 47 ਨੂੰ ਮਿਲੇ ਗੋਲਡ ਮੈਡਲ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੁਲਾਈ
ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾਂ ਦੀ ਅੱਜ ਇੱਥੇ ਸਾਲਾਨਾ ਕਨਵੋਕੇਸ਼ਨ ਦੌਰਾਨ ਬੈਚ 2015 ਅਤੇ 2016 ਦੇ ਕੰਪਿਊਟਰ ਐਪਲੀਕੇਸ਼ਨ, ਬਿਜ਼ਨਸ ਮੈਨੇਜਮੈਂਟ, ਕਾਮਰਸ, ਹੋਟਲ ਮੈਨੇਜਮੈਂਟ, ਫਾਰਮੇਸੀ, ਬਾਇਓ ਟੈਕਨਾਲੋਜੀ ਅਤੇ ਐਜੂਕੇਸ਼ਨ ਦੇ 1400 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਦੌਰਾਨ ਵੱਖ-ਵੱਖ ਵਿਸ਼ਿਆਂ ਵਿੱਚ ਯੂਨੀਵਰਸਿਟੀ ’ਚੋਂ ਅੱਵਲ ਸਥਾਨ ਪ੍ਰਾਪਤ ਕਰਨ ਵਾਲੇ 13 ਵਿਦਿਆਰਥੀਆਂ ਸਮੇਤ 47 ਮੈਰੀਟੋਰੀਅਸ ਵਿਦਿਆਰਥੀਆਂ ਨੂੰਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਾਲਾਨਾ ਡਿਗਰੀ ਵੰਡ ਸਮਾਗਮ ਦੀ ਪ੍ਰਧਾਨਗੀ ਏ.ਸੀ.ਜੀ. ਪੈਮਪੈਕ ਮਸ਼ੀਨਜ਼ ਦੇ ਸੀ.ਈ.ਓ. ਸੰਦੀਪ ਕੁਲਕਰਨੀ ਨੇ ਕੀਤੀ, ਉਨ੍ਹਾਂ ਇਸ ਮੌਕੇ ਡਿਗਰੀਆਂ ਹਾਸਲ ਕਰਨ ਵਾਲੇ ਸਮੂਹ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਆਖਿਆ ਕਿ ਪਹਿਲਾਂ ਤੁਸੀਂ ਆਪਣੇ ਮਾਪਿਆਂ ਦੀ ਨਿਗਰਾਨੀ ਹੇਠ ਸੀ, ਉਸ ਤੋਂ ਤੁਹਾਡੇ ਅਧਿਆਪਕ ਤੁਹਾਡੀ ਅਗਵਾਈ ਕਰਦੇ ਰਹੇ ਪਰ ਹੁਣ ਤੁਹਾਨੂੰ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ’ਚ ਕਾਮਯਾਬ ਹੋਣ ਲਈ ਆਪਣੇ ਸਾਰੇ ਫੈਸਲੇ ਖ਼ੁਦ ਕਰਨੇ ਹੋਣਗੇ।
ਉਨ੍ਹਾਂ ਕਿਹਾ ਕਿ ਜ਼ਿੰਦਗੀ ’ਚ ਪੈਸੇ ਦਾ ਬਹੁਤ ਮਹੱਤਵ ਹੈ, ਪਰ ਜੇਕਰ ਤੁਸੀਂ ਵੱਡੀ ਸਫਲਤਾ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮਨੀ ਮੇਕਿੰਗ ਨਾਲੋਂ ਕੈਰੀਅਰ ਮੇਕਿੰਗ ਵੱਲ ਵਧੇਰੇ ਤਵੱਜੋ ਦੇਣੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ਦੇ ਵਿਕਾਸ ਵਾਸਤੇ ਟੀਮ ਵਰਕ ’ਚ ਕੰਮ ਕਰਨ ਲਈ ਪ੍ਰੇਰਿਤ ਕਰਦੇ ਹੋਏ ਆਖਿਆ ਕਿ ਸਿਸਟਮ ’ਚ ਬਦਲਾਅ ਲਿਆਉਣ ਲਈ ਤੁਹਾਨੂੰ ਸਿਸਟਮ ਦਾ ਹਿੱਸਾ ਬਣਨਾ ਪਵੇਗਾ। ਉਨ੍ਹਾਂ ਆਖਿਆ ਕਿ ਵਿਦਿਆਰਥੀਆਂ ਦੁਆਰਾ ਏਨੀ ਵੱਡੀ ਪੱਧਰ ’ਤੇ ਮੈਰਿਟ ਪੁਜ਼ੀਸ਼ਨਾਂ ਹਾਸਲ ਕਰਨਾ ਇਹ ਸਾਬਿਤ ਕਰਦਾ ਹੈ ਕਿ ਸੀ.ਜੀ.ਸੀ. ਲਾਂਡਰਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਮਿਆਰੀ ਅਤੇ ਇੰਡਸਟਰੀ ਦੀਆਂ ਲੋੜਾਂ ’ਤੇ ਆਧਾਰਿਤ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਇਸ ਮੌਕੇ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਆਖਿਆ ਕਿ ਕਿਸੇ ਵੀ ਸੰਸਥਾ ਦੀ ਕਾਮਯਾਬੀ ਉਸਦੇ ਅਲੂਮਨੀ ਭਾਵ ਪੜ੍ਹ ਚੱੁਕੇ ਵਿਦਿਆਰਥੀਆਂ ਦੀ ਸਫਲਤਾ ਵਿਚੋਂ ਲੱਭੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਪੱਖੋਂ ਕਾਲਜ ਆਪਣੇ ਮਿਸ਼ਨ ’ਚ ਸਫਲ ਰਿਹਾ ਹੈ ਕਿਉਂਕਿ ਅੱਜ ਡਿਗਰੀਆਂ ਪ੍ਰਾਪਤ ਕਰਨ ਵਾਲੇ ਬਹੁ-ਗਿਣਤੀ ਵਿਦਿਆਰਥੀ ਜਾਂ ਤਾਂ ਮਲਟੀਨਸ਼ਨਲ ਕੰਪਨੀਆਂ ’ਚ ਚੰਗੇ ਤਨਖਾਹ ਪੈਕੇਜਾਂ ’ਤੇ ਰੁਜ਼ਗਾਰ ਪ੍ਰਾਪਤ ਕਰ ਚੱੁਕੇ ਹਨ ਜਾਂ ਕਿੱਤਾਕਾਰੀ ਦੀ ਮਿਆਰੀ ਉੱਚ-ਸਿੱਖਿਆ ਹਾਸਲ ਕਰਕੇ ਸਫਲਤਾ ਨਾਲ ਆਪਣੇ ਕਾਰੋਬਾਰ ਸਥਾਪਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਵੇਂ ਵੱਡੀ ਗਿਣਤੀ ਵਿਦਿਆਰਥੀ ਡਿਗਰੀ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਕਈ-ਕਈ ਮਲਟੀਨੈਸ਼ਨਲ ਕੰਪਨੀਆਂ ਵਿੱਚ ਰੁਜ਼ਗਾਰ ਦੀ ਪੇਸ਼ਕਸ਼ ਪ੍ਰਾਪਤ ਕਰਕੇ ਆਰਥਿਕ ਪੱਖੋਂ ਨਿਸ਼ਚਿੰਤ ਹੋ ਚੁੱਕੇ ਹਨ, ਪਰ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਹੋਰਨਾਂ ਸੁੱਖ ਸਹੂਲਤਾਂ ਦੇ ਨਾਲ-ਨਾਲ ਦੇਸ਼ ਅਤੇ ਸਮਾਜ ਪ੍ਰਤੀ ਆਪਣੇ ਕਰਤੱਵਾਂ ਨੂੰ ਵੀ ਬਾਖ਼ੂਬੀ ਨਿਭਾਉਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੂੰ ਆਪਣੀਆਂ ਇਨਸਾਨੀ ਜ਼ਿੰਮੇਵਾਰੀਆਂ ਤਹਿਤ ਇੱਕ ਆਦਰਸ਼ ਮਨੁੱਖ ਵਜੋਂ ਵਿਚਰਦੇ ਹੋਏ ਸਮਾਜ ਵਿੱਚ ਆਪਣੀ ਅਤੇ ਆਪਣੀ ਸੰਸਥਾ ਦੀ ਵਿਲੱਖਣ ਪਹਿਚਾਣ ਬਨਾਉਣੀ ਚਾਹੀਦੀ ਹੈ। ਇਸ ਮੌਕੇ ਵੱਖ-ਵੱਖ ਇੰਜੀਨੀਅਰਿੰਗ ਵਿਭਾਗਾਂ ਦੇ ਅਧਿਆਪਕਾਂ ਅਤੇ ਮੁਖੀਆਂ ਤੋਂ ਇਲਾਵਾ ਸੀ.ਜੀ.ਸੀ. ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਜਗਤਾਰ ਸਿੰਘ ਖੱਟੜਾ, ਚੰਡੀਗੜ੍ਹ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਆਰ. ਐੱਸ. ਬਾਵਾ ਅਤੇ ਪ੍ਰੋ. ਵਾਈਸ ਚਾਂਸਲਰ ਡਾ. ਬੀ. ਐੱਸ. ਸੋਹੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…