
ਸੀਜੀਸੀ ਕਾਲਜ ਲਾਂਡਰਾਂ ਨੇ ਮਨਾਇਆ ‘23ਵਾਂ ਕਾਰਗਿਲ ਵਿਜੈ ਦਿਵਸ’
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੁਲਾਈ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ 23ਵੇਂ ਕਾਰਗਿਲ ਵਿਜੈ ਦਿਵਸ ਦੀ ਯਾਦ ਵਿੱਚ ਕਾਰਗਿਲ ਜੰਗ ਦੇ ਬਹਾਦਰ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਕੈਂਪਸ ਦੇ ਵਿਹੜੇ ਕਰਵਾਏ ਇਸ ਵਿਸ਼ੇਸ਼ ਸਮਾਗਮ ਵਿੱਚ ਲੈਫਟੀਨੈਂਟ ਜਨਰਲ ਜੇਐੱਸ ਢਿੱਲੋਂ, ਵੀਐੱਸਐੱਮ (ਸੇਵਾਮੁਕਤ) ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਦੌਰਾਨ ਸ਼ਾਮਲ ਪਤਵੰਤਿਆਂ ਨੇ ਦੀਪ ਜਗਾਉਣ ਦੀ ਰਸਮ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਦੇਸ਼ ਭੂਮੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਕਾਰਗਿਲ ਦੇ ਬਹਾਦਰ ਯੋਧਿਆਂ ਨੂੰ ਯਾਦ ਕਰਦਿਆਂ ਇੱਕ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਇਸ ਉਪਰੰਤ ਸੀਜੀਸੀ ਲਾਂਡਰਾ ਦੇ ਕੈਂਪਸ ਡਾਇਰੈਕਟਰ ਪ੍ਰੋ. ਡਾ.ਪੀਐੱਨ ਹਰੀਕੇਸ਼ਾ ਵੱਲੋਂ ਸਵਾਗਤੀ ਭਾਸ਼ਣ ਦਿੱਤਾ ਗਿਆ। ਇਸ ਦੇ ਨਾਲ ਹੀ ਮੇਜਰ ਐੱਚਐਸ ਅੌਲਖ, ਡਾਇਰੈਕਟਰ ਐਡਮਨਿਸਟ੍ਰੇਸ਼ਨ, ਸੀਜੀਸੀ ਲਾਂਡਰਾਂ ਜੋ ਕਿ ਖੁਦ ਇੱਕ ਅਨੁਭਵੀ ਯੋਧਾ ਸਨ, ਨੇ ਵਿਦਿਆਰਥੀਆਂ ਨੂੰ ਕਾਰਗਿਲ ਯੁੱਧ ਦੀ ਸ਼ਾਨ ਦੀਆਂ ਕਹਾਣੀਆਂ ਸੁਣਾਈਆਂ ਅਤੇ ਉਨ੍ਹਾਂ ਨੇ ਇੱਕ ਦਿਲ ਨੂੰ ਮੋਹ ਲੈਣ ਵਾਲੀ ਪੇਸ਼ਕਾਰੀ ਰਾਹੀਂ ਯੁੱਧ ਦੇ ਪਿੱਛੇ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਬਹਾਦਰ ਸੈਨਿਕਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਕਦੇ ਵੀ ਨਾ ਭੁੱਲਣ ਅਤੇ ਜੀਵਨ ਵਿੱਚ ਸਵੈ ਸ਼ੰਕਾ ਅਤੇ ਬੇਪਰਵਾਹ ਰਵੱਈਆ ਨੂੰ ਛੱਡ ਕੇ ਹਿੰਮਤੀ ਬਣਨ ਅਤੇ ਸਮਰਪਣ ਦੀ ਭਾਵਨਾ ਉਜਾਗਰ ਕਰਨ।
ਇਸ ਤੋਂ ਬਾਅਦ ਲੈਫਟੀਨੈਂਟ ਜਨਰਲ ਜੇਐੱਸ ਢਿੱਲੋਂ, ਵੀਐੱਸਐੱਮ (ਸੇਵਾਮੁਕਤ) ਨੇ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਪਰੇਸ਼ਨ ਵਿਜੇ ਵਿੱਚ ਤਿੰਨ ਰੱਖਿਆ ਸੇਵਾਵਾਂ ਅਰਥਾਤ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਵੱਲੋਂ ਕੀਤੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਨੌਜਵਾਨ ਵਿਦਿਆਰਥੀਆਂ ਖਾਸ ਕਰ ਕੇ ਲੜਕੀਆਂ ਨੂੰ ਸੈਨਾਵਾਂ ਵਿੱਚ ਸ਼ਾਮਲ ਹੋਣ ’ਤੇ ਵਿਚਾਰ ਕਰਨ ਲਈ ਪੇ੍ਰਰਿਤ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਹ ਇੱਕ ਵਧੀਆਂ ਅਤੇ ਸੰਪੂਰਨ ਕੈਰੀਅਰ ਵਿਕਲਪ ਹੈ।
ਵਿਦਿਆਰਥੀਆਂ ਨਾਲ ਪ੍ਰਸ਼ਨ ਉੱਤਰ ਸੈਸ਼ਨ ਨਾਲ ਦੌਰਾਨ ਉਨ੍ਹਾਂ ਨੇ ਆਪਣੀ ਸਮਾਜਿਕ ਸੰਸਥਾ ਵੱਲੋਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਨ ਲਈ ਕੀਤੇ ਜਾ ਰਹੇ ਯਤਨਾਂ ਅਤੇ ਸੇਵਾਵਾਂ ਬਾਰੇ ਵੀ ਜਾਣੂ ਕਰਵਾਇਆ। ਅੰਤ ਵਿੱਚ ਸਮਾਗਮ ਦੀ ਸਮਾਪਤੀ ਵਿਸ਼ੇਸ਼ ਪੇਸ਼ਕਾਰੀਆਂ ਨਾਲ ਹੋਈ ਜਿਸ ਵਿੱਚ ਬੀਬੀਏ ਸਾਲ ਦੂਜਾ ਦੇ ਵਿਦਿਆਰਥੀ ਆਸ਼ੂਤੋਸ਼ ਸ਼ਰਮਾ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ ਅਤੇ ਨਾਲ ਹੀ ਸੀਜੀਸੀ ਇੰਜੀਨੀਅਰਿੰਗ, ਮੈਨੇਜਮੈਂਟ, ਬਾਇੳਟੈਕਨਾਲੋਜੀ ਸਣੇ ਹੋਰ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਮਾਈਮ ਅਤੇ ਕਵਿਤਾ ਪਾਠ ਤਿਆਰ ਕੀਤੇ ਗਏ।