
ਸੀਜੀਸੀ ਕਾਲਜ ਦੀ ਸੰਦੀਪ ਕੌਰ ਨੇ ਫੈਡਰੇਸ਼ਨ ਕੱਪ-ਨਾਰਥ ਇੰਡੀਆ ਪਾਵਰਲਿਫਟਿੰਗ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਮਗਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ:
ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਦੇ ਲਾਂਡਰਾਂ ਕੈਂਪਸ ਦੀ ਸੰਦੀਪ ਕੌਰ ਨੇ ਫੈਡਰੇਸ਼ਨ ਕੱਪ-ਨਾਰਥ ਇੰਡੀਆ ਪਾਵਰਲਿਫਟਿੰਗ ਚੈਂਪੀਅਨਸ਼ਿਪ ਦੌਰਾਨ 67 ਕਿੱਲੋ ਵਰਗ ਵਿੱਚ ਸੋਨੇ ਦਾ ਮੈਡਲ ਹਾਸਲ ਕੀਤਾ ਹੈ। ਇਹ ਚੈਂਪੀਅਨਸ਼ਿੱਪ ਪੰਜਾਬ ਪਾਵਰਲਿਫਟਿੰਗ ਐਸੋਸੀਏੇੇੇਸ਼ਨ ਦੇ ਸਹਿਯੋਗ ਨਾਲ ਕਪੂਰਥਲਾ ਵਿੱਚ ਕਰਵਾਈ ਗਈ। ਇਸ ਮੁਕਾਬਲੇ ਵਿੱਚ ਖੇਤਰ ਅਤੇ ਦੇਸ਼ ਭਰ ਤੋਂ 450 ਤੋਂ ਵਧੇਰੇ ਪ੍ਰਤੀਯੋਗੀਆਂ ਨੇ ਭਰਪੂਰ ਉਤਸ਼ਾਹ ਨਾਲ ਹਿੱਸਾ ਲਿਆ। ਸੰਦੀਪ ਨੇ ਸਕੁਐਟ (145 ਕਿੱਲੋਗ੍ਰਾਮ), ਬੈਂਚ ਪ੍ਰੈੱਸ (62.5) ਅਤੇ ਡੈੱਡ ਲਿਫ਼ਟ (150 ਕਿੱਲੋਗ੍ਰਾਮ) ਵਰਗਾਂ ਵਿੱਚ ਮੁਕਾਬਲਾ ਕਰਦਿਆਂ ਕੁੱਲ 357.5 ਕਿਲੋਗ੍ਰਾਮ ਭਾਰ ਚੁੱਕਿਆ ਅਤੇ ਆਪਣੀ ਕੈਟੇਗਰੀ ਦੀ ਜੇਤੂ ਬਣੀ। ਇਸ ਦੇ ਨਾਲ ਹੀ ਸੰਦੀਪ ਨੂੰ ‘ਸਟ੍ਰੋਂਗ ਵੂਮੈਨ’ ਦੀ ਟਰਾਫੀ ਨਾਲ ਵੀ ਸਨਮਾਨਿਆ ਗਿਆ। ਜ਼ਿਕਰਯੋਗ ਹੈ ਕਿ ਉਸ ਨੇ ਹੁਣ ਤੱਕ ਆਪਣੇ ਕਰੀਅਰ ਵਿੱਚ 8ਵੀਂ ਵਾਰ ਇਹ ਖਿਤਾਬ ਜਿੱਤਿਆ ਹੈ ਜੋ ਕਿ ਬਹੁਤ ਮਾਣ ਵਾਲੀ ਗੱਲ ਹੈ।
ਇਸ ਸਮੇਂ ਸੰਦੀਪ ਕੌਰ 27 ਨਵੰਬਰ ਤੋਂ 14 ਦਸੰਬਰ 2022 ਤੱਕ ਆਕਲੈਂਡ, ਨਿਊਜ਼ੀਲੈਂਡ ਵਿੱਚ ਹੋਣ ਵਾਲੀ ਕਾਮਨ-ਵੈਲਥ ਕਲਾਸਿਕ ਐਂਡ ਇਕਿਊਪਿਡ ਪਾਵਰਲਿਫਟਿੰਗ ਅਤੇ ਬੈਂਚ ਪ੍ਰੈੱਸ ਚੈਂਪੀਅਨਸ਼ਿਪ ਦੀ ਤਿਆਰੀ ਵਿੱਚ ਲੱਗੀ ਹੋਈ ਹੈ। ਪੰਜਾਬ ਦੇ ਮੋਗਾ ਸ਼ਹਿਰ ਦੀ ਰਹਿਣ ਵਾਲੀ ਸੰਦੀਪ ਇਸ ਸਮੇਂ ਸੀਜੀਸੀ ਲਾਂਡਰਾਂ ਵਿੱਚ ਜਿੰਮ ਇੰਸਟ੍ਰਕਟਰ ਵਜੋਂ ਨੌਕਰੀ ਕਰ ਰਹੀ ਹੈ। ਆਪਣੀ ਇਸ ਜਿੱਤ ’ਤੇ ਖੁਸ਼ੀ ਪ੍ਰਗਟ ਕਰਦਿਆਂ ਸੰਦੀਪ ਨੇ ਕਿਹਾ ਕਿ ਉਸ ਨੂੰ ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਪੱਧਰ ਦੀ ਪਾਵਰਲਿਫਟਿੰਗ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈਣ ਦੀ ਤਿਆਰੀ ਸਮੇਂ ਸੀਜੀਸੀ ਲਾਂਡਰਾਂ ਵੱਲੋਂ ਲਗਾਤਾਰ ਸਹਿਯੋਗ ਪ੍ਰਾਪਤ ਹੋਇਆ। ਇਸ ਸਮੱਰਥਨ ਲਈ ਉਸ ਨੇ ਅਦਾਰੇ ਦਾ ਦਿਲੋਂ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਸ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਕੋਚ ਅਤੇ ਪਰਿਵਾਰ ਨੂੰ ਵੀ ਦਿੱਤਾ ਜਿਨ੍ਹਾਂ ਨੇ ਉਸ ਨੂੰ ਇਸ ਖੇਡ ਵਿੱਚ ਆਪਣੀ ਪਹਿਚਾਣ ਬਣਾਉਣ ਵਿੱਚ ਪੂਰਜ਼ੋਰ ਮਦਦ ਕੀਤੀ ਹੈ।