ਸੀਜੀਸੀ ਝੰਜੇੜੀ ਕੈਂਪਸ ਵੱਲੋਂ ਵਿਦਿਆਰਥੀਆਂ ਨੂੰ ਨਸ਼ੇ ਦੇ ਨੁਕਸਾਨ ਬਾਰੇ ਕੀਤਾ ਜਾਗਰੂਕ

ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨ ਲਈ ਵਿੱਦਿਅਕ ਅਦਾਰਿਆਂ ਨੂੰ ਅੱਗੇ ਆਉਣ ਦੀ ਲੋੜ: ਧਾਲੀਵਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੂਨ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਨੇ ਨਸ਼ਿਆਂ ਵਿਰੁੱਧ ਲਾਮਬੰਦ ਹੁੰਦੇ ਹੋਏ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਜਾਗਰੂਕ ਕਰਨ ਦਾ ਅਹਿਦ ਲਿਆ ਹੈ। ਇਸੇ ਲੜੀ ਤਹਿਤ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮੌਕੇ ਝੰਜੇੜੀ ਕੈਂਪਸ ਵਿੱਚ ਸੈਮੀਨਾਰ ਕਰਵਾਇਆ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਬਾਰੇ ਜਾਗਰੂਕ ਕੀਤਾ। ਇਸ ਮੌਕੇ ਐਨਸੀਸੀ ਅਤੇ ਐਨਐੱਸਐੱਸ ਦੇ ਸਹਿਯੋਗ ਨਾਲ ਵਿਦਿਆਰਥੀਆਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰਨ ਦੀ ਸਹੁੰ ਚੁਕੀ।
ਇਸ ਮੌਕੇ ਝੰਜੇੜੀ ਕੈਂਪਸ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਨੀਰਜ ਸ਼ਰਮਾ ਨੇ ਕਿਹਾ ਕਿ ਜ਼ਿਆਦਾਤਰ ਨਸ਼ੇ ਸ਼ੌਕ ਜਾਂ ਸਵਾਦ ਵਜੋਂ ਸ਼ੁਰੂ ਹੁੰਦੇ ਹਨ ਜਦੋਂਕਿ ਇਸ ਦਾ ਅੰਜਾਮ ਬਹੁਤ ਭਿਆਨਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਨਸ਼ਾ ਦੇਸ਼ ਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ। ਬੇਸ਼ੱਕ ਸਮੇਂ ਦੀਆਂ ਸਰਕਾਰਾਂ ਇਸ ਗੰਭੀਰ ਵਿਸ਼ੇ ਨੂੰ ਚਿੰਤਾ ਨਾਲ ਲੈ ਰਹੀਆਂ ਹਨ ਅਤੇ ਸਖ਼ਤ ਕਾਨੂੰਨ ਵੀ ਬਣਾਏ ਗਏ ਹਨ ਪਰ ਫਿਰ ਵੀ ਨੌਜਵਾਨ ਕਈ ਵਾਰ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਨਸ਼ਾ ਲੈਣਾ ਸ਼ੁਰੂ ਕਰ ਦਿੰਦੇ ਹਨ। ਬਾਅਦ ਵਿੱਚ ਉਨ੍ਹਾਂ ਦੀ ਜ਼ਿੰਦਗੀ ਨਰਕ ਬਣੀ ਜਾਂਦੀ ਹੈ।
ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਦਿਆਂ ਕਿਹਾ ਕਿ ਨਸ਼ਿਆਂ ਦਾ ਸੇਵਨ ਕਰਨ ਵਾਲਾ ਹੀ ਬਰਬਾਦ ਨਹੀਂ ਹੁੰਦਾ ਬਲਕਿ ਪੂਰਾ ਟੱਬਰ ’ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਇਹ ਘਾਟਾ ਆਉਣ ਵਾਲੀਆਂ ਪੀੜੀਆਂ ਤੋਂ ਵੀ ਪੂਰਾ ਨਹੀਂ ਹੁੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਨਾ ਸਿਰਫ਼ ਹਰ ਤਰ੍ਹਾਂ ਦੇ ਨਸ਼ੇ ਵਿਰੁੱਧ ਲਾਮਬੰਦ ਹੋਣ ਬਲਕਿ ਆਪਣੇ ਆਲੇ ਦੁਆਲੇ ਵੀ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਇਸ ਦੇ ਬੁਰੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਦੇ ਹੋਏ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ।
ਝੰਜੇੜੀ ਕੈਂਪਸ ਦੇ ਐਮਡੀ ਅਰਸ਼ ਧਾਲੀਵਾਲ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਵਿੱਚ ਧਸ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ ਹੈ, ਉਹ ਪੂਰੇ ਸਮਾਜ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪੰਜਾਬ ਦੀ ਜਵਾਨੀ ਜਿਸ ਤਰ੍ਹਾਂ ਨਸ਼ੇ ਵਿੱਚ ਗ਼ਰਕ ਹੋ ਰਹੀ ਹੈ, ਉਸ ਲਈ ਵਿੱਦਿਅਕ ਅਦਾਰਿਆਂ ਨੂੰ ਅੱਗੇ ਆ ਕੇ ਨੌਜਵਾਨਾਂ ਨੂੰ ਇਸ ਦੇ ਭਿਆਨਕ ਸਿੱਟਿਆਂ ਤੋਂ ਜਾਣੂ ਕਰਾਉਣਾ ਪਵੇਗਾ। ਇਸ ਮੌਕੇ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨੂੰ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਹੋਏ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਪ੍ਰਹੇਜ਼ ਕਰਨ ਦੀ ਪ੍ਰੇਰਨਾ ਦਿੱਤੀ। ਅੰਤ ਵਿੱਚ ਸਾਰਿਆਂ ਨੇ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦੀ ਸਹੁੰ ਚੁੱਕੀ।

Load More Related Articles

Check Also

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਨਬਜ਼-ਏ-ਪੰਜਾਬ…