
ਸੀਜੀਸੀ ਝੰਜੇੜੀ ਵੱਲੋਂ ਵਿਦਿਆਰਥੀਆਂ ਦਾ ਸਟਰੈੱਸ ਘਟਾਉਣ ਲਈ ਆਨਲਾਈਨ ਲਾਫ਼ਟਰ ਸੈਸ਼ਨ ਦਾ ਆਯੋਜਨ
ਮਸ਼ਹੂਰ ਕਾਮੇਡੀ ਕਲਾਕਾਰ ਮਨਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਫਨ ਨਾਲ ਹਸਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਕਰੋਨਾ ਮਹਾਮਾਰੀ ਦੇ ਅਜੋਕੇ ਸਮੇਂ ਵਿੱਚ ਜਿੱਥੇ ਲਗਪਗ ਹਰ ਇਨਸਾਨ ਮਾਨਸਿਕ ਤਣਾਅ ’ਚੋਂ ਗੁਜ਼ਰ ਰਿਹਾ ਹੈ ਅਤੇ ਵਿਦਿਆਰਥੀ ਜੋ ਕਿ ਕਰੀਬ ਸਵਾ ਸਾਲ ਤੋਂ ਆਪਣੇ ਸਮੇਂ ਤੋਂ ਘਰਾਂ ਵਿੱਚ ਬੰਦ ਹਨ। ਉਨ੍ਹਾਂ ਲਈ ਇਹ ਅੌਖਾ ਤੇ ਚੁਨੌਤੀਆਂ ਭਰਿਆ ਸਮਾਂ ਹੈ। ਅਜਿਹੇ ਸਮੇਂ ਵਿੱਚ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਪੜਾਈ ਦੇ ਤਣਾਅ ਤੋਂ ਕੱਢਦੇ ਹੋਏ ਆਨਲਾਈਨ ਕਾਮੇਡੀ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਵਿਚ ਪੰਜਾਬ ਦੇ ਮਸ਼ਹੂਰ ਸਟੈੱਡਅਪ ਕਾਮੇਡੀਅਨ ਮਨਪ੍ਰੀਤ ਸਿੰਘ ਆਪਣੀ ਕਾਮੇਡੀ ਦੀ ਕਲਾ ਦਾ ਮੁਜ਼ਾਹਰਾ ਕਰਦੇ ਹੋਏ ਸਭ ਵਿਦਿਆਰਥੀਆਂ ਦਾ ਖੂਬ ਮਨੋਰੰਜਨ ਕੀਤਾ। ਮਨਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਹਸਾ ਹਸਾ ਕੇ ਜ਼ਿੰਦਗੀ ਦੇ ਖ਼ੂਬਸੂਰਤ ਪਲ ਪ੍ਰਦਾਨ ਕੀਤੇ।
ਅੰਮ੍ਰਿਤਸਰ ਦੇ ਰਹਿਣ ਵਾਲਾ ਮਨਪ੍ਰੀਤ ਜਿੱਥੇ ਪਹਿਲੀ ਦਿੱਖ ਤੋਂ ਇਕ ਸਾਦਗੀ ਭਰਿਆਂ ਸਿੰਘ ਲਗਦਾ ਹੈ। ਪਰ ਇਸ ਭੁਲੇਖੇ ਦਾ ਬੁਲਬੁਲਾ ਉਸ ਸਮੇਂ ਫੁੱਟ ਜਾਂਦਾ ਹੈ ਜਦ ਮਨਪ੍ਰੀਤ ਆਪਣੇ ਸ਼ਬਦਾਂ ਦਾ ਸੈਲਾਬ ਲਿਆਉਂਦਾ ਹੈ। ਇਕ ਬਾਅਦ ਇਕ ਵਿਅੰਗ ਦਰਸ਼ਕਾਂ ਨੂੰ ਹਸਾ ਹਸਾ ਕੇ ਉਨ੍ਹਾਂ ਨੂੰ ਖ਼ੁਸ਼ੀਆਂ ਦੇ ਸ਼ਹਿਰ ਵਿਚ ਲੈ ਜਾਂਦੇ ਹਨ। ਇਹ ਇਕ ਅਜਿਹੇ ਪਲ ਸਨ ਜਦ ਸਭ ਇਕ ਵੱਖਰੀ ਹੀ ਦੁਨੀਆਂ ਵਿੱਚ ਹੱਸਦੇ ਅਤੇ ਖ਼ੁਸ਼ ਨਜ਼ਰ ਆਏ। ਵਿਦਿਆਰਥੀ ਵੀ ਹਰ ਵਿਅੰਗ ਤੇ ਤਾੜੀਆਂ ਜਾਂ ਉੱਚੀ ਹਾਸੇ ਰਾਹੀ ਆਪਣਾ ਪ੍ਰਭਾਵ ਛੱਡਦੇ ਨਜ਼ਰ ਆਏ। ਮਨਪ੍ਰੀਤ ਸਿੰਘ ਨੇ ਸੀਜੀਸੀ ਮੈਨੇਜਮੈਂਟ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਕਰੋਨਾ ਦੇ ਸਮੇਂ ਵਿਚ ਜਿੱਥੇ ਹਰ ਕੋਈ ਹਸਣਾ ਲਗਭਗ ਭੁੱਲ ਰਿਹਾ ਹੈ, ਅਜਿਹੇ ਸਮੇਂ ਵਿੱਚ ਏਨੇ ਚਿਹਰਿਆਂ ਤੇ ਖ਼ੁਸ਼ੀ ਵੇਖ ਕੇ ਉਸ ਨੂੰ ਵੀ ਵੱਖਰਾ ਹੀ ਆਨੰਦ ਮਹਿਸੂਸ ਹੋ ਰਿਹਾ ਹੈ।
ਸੀਜੀਸੀ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਹਾਸਾ ਜੀਵਨ ਜਾਚ ਦਾ ਬਿਹਤਰੀਨ ਦਵਾਈ ਹੈ। ਇਸ ਲਈ ਹੱਸਣਾ ਨਾ ਸਿਰਫ਼ ਸਿਹਤ ਲਈ ਚੰਗਾ ਹੈ, ਬਲਕਿ ਇਸ ਸਾਨੂੰ ਆਪਣੀਆਂ ਮੁਸ਼ਕਲਾਂ ਨੂੰ ਟਿੱਚ ਜਾਣਦੇ ਹੋਏ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਮਜ਼ਬੂਤ ਕਰਦਾ ਹੈ। ਇਹ ਸੈਸ਼ਨ ਵੀ ਵਿਦਿਆਰਥੀਆਂ ਨੂੰ ਖ਼ੁਸ਼ੀ ਭਰਿਆਂ ਸਮਾਂ ਦਿੰਦਾ ਕਾਮਯਾਬੀ ਸਹਿਤ ਸਮਾਪਤ ਹੋਇਆ।