
ਸੀਜੀਸੀ ਝੰਜੇੜੀ ਦੇ ਵਿਦਿਆਰਥੀਆਂ ਨੇ ਕੌਮੀ ਤੇ ਰਾਜ ਪੱਧਰੀ ਹੁਨਰ ਮੁਕਾਬਲਿਆਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਵਕਾਰੀ ਸਿੱਖਿਆ ਸੰਸਥਾਵਾਂ ਨੂੰ ਪਛਾੜ ਕੇ ਪਹਿਲੀਆਂ ਪੁਜ਼ੀਸ਼ਨਾਂ ’ਤੇ ਕੀਤਾ ਕਬਜ਼ਾ
ਸੀਜੀਸੀ ਝੰਜੇੜੀ ਵਿੱਚ ਮਿਆਰੀ ਸਿੱਖਿਆ, ਖੇਡਾਂ ਤੇ ਵਿਦਿਆਰਥੀ ਦੀ ਸ਼ਖ਼ਸੀਅਤ ਨੂੰ ਨਿਖਾਰਨ ’ਤੇ ਦਿੱਤਾ ਜਾਂਦਾ ਹੈ ਜ਼ੋਰ: ਧਾਲੀਵਾਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਫਰਵਰੀ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਦੇ ਦੋ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦੇ ਹੋਏ ਰਾਜ ਪੱਧਰੀ ਮੁਕਾਬਲਿਆਂ ਵਿਚ ਪੁਜ਼ੀਸ਼ਨਾਂ ਹਾਸਿਲ ਕਰਕੇ ਕੈਂਪਸ ਦਾ ਨਾਲ ਰੌਸ਼ਨ ਕੀਤਾ ਹੈ। ਝੰਜੇੜੀ ਕੈਂਪਸ ਦੇ ਵੱਕਾਰ ਅਹਿਮਦ ਅਤੇ ਅਰਸ਼ਦੀਪ ਧਾਮੂ ਨੇ ਰਾਜ ਪੱਧਰੀ ਹੁਨਰ ਮੁਕਾਬਲੇ ਵਿਚ ਪਹਿਲੀ ਪੁਜ਼ੀਸ਼ਨ ਲੈਂਦੇ ਹੋਏ ਸੋਨੇ ਦਾ ਤਗਮਾ ਜਿੱਤਿਆ। ਇਸ ਦੇ ਨਾਲ ਹੀ ਅਰਸ਼ਦੀਪ ਧਾਮੂ ਨੇ ਡਾ. ਰਜਨੀਸ਼ ਤਲਵਾਰ ਦੀ ਅਗਵਾਈ ਹੇਠ ਇੰਡੀਆ ਸਕਿੱਲ ਕੰਪੀਟੀਸ਼ਨ ਦੇ ਐਮਸੀ ਕਿਊ ਟੈੱਸਟ,ਪ੍ਰੈਕਟੀਕਲ ਮੁਕਾਬਲੇ ਅਤੇ ਵੀਵਾ ਵਾਈਸ ਦੇ ਕੌਮੀ ਪੱਧਰ ਦੇ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਿਆ।
ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਵੱਕਾਰ ਅਹਿਮਦ ਅਤੇ ਅਰਸ਼ਦੀਪ ਧੰਮੂ ਨੂੰ ਇਸ ਸ਼ਾਨਦਾਰ ਕਾਮਯਾਬੀ ’ਤੇ ਦੋਵੇਂ ਜੇਤੂਆਂ ਨੂੰ ਸ਼ੁੱਭਕਾਮਨਾਵਾਂ ਅਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਰਾਸ਼ਟਰੀ ਪੁਰਸਕਾਰ ਦੋਹਾਂ ਵਿਦਿਆਰਥੀਆਂ ਦੀ ਰਚਨਾਤਮਿਕ ਸੋਚ ਅਤੇ ਉਨ੍ਹਾਂ ਦੇ ਗਿਆਨ ਦੇ ਭੰਡਾਰ ਨੂੰ ਪ੍ਰਤੱਖ ਰੂਪ ਵਿੱਚ ਵਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਝੰਜੇੜੀ ਕੈਂਪਸ ਮੁੱਖ ਤੌਰ ’ਤੇ ਅਕੈਡਮਿਕ ਸਿੱਖਿਆ ਦੇ ਨਾਲ-ਨਾਲ ਪ੍ਰੈਕੀਟਕਲ ਸਿੱਖਿਆ ਦਿੰਦੇ ਹੋਏ ਵਿਦਿਆਰਥੀਆਂ ਦੇ ਹੁਨਰ ਨੂੰ ਵਧਾਉਣ ਤੇ ਧਿਆਨ ਕੇਂਦਰਿਤ ਕਰਦਾ ਹੈ, ਜਿਸ ਨਾਲ ਵਿਦਿਆਰਥੀ ਹਰ ਤਰ੍ਹਾਂ ਦੇ ਮੁਕਾਬਲੇ ਵਿਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਕੈਂਪਸ ਦਾ ਨਾਮ ਰੌਸ਼ਨ ਕਰਦੇ ਹਨ।