
ਸੀਜੀਸੀ ਲਾਂਡਰਾਂ: ਦੋ ਰੋਜ਼ਾ ਸਾਲਾਨਾ ਟੈਕਨੋ ਕਲਚਰਲ ਫੈਸਟ ‘ਪਰਿਵਰਤਨ-2022’ ਦੇ ਪ੍ਰਬੰਧ ਮੁਕੰਮਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਕਤੂਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਕੈਂਪਸ ਦਾ ਕੌਮੀ ਪੱਧਰ ਦਾ ਸਾਲਾਨਾ ਟੈਕਨੋ ਕਲਚਰਲ ਫੈਸਟੀਵਲ ‘ਪਰਿਵਰਤਨ-2022’ 3 ਅਤੇ 4 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਅੱਜ ਇੱਥੇ ਇਸ ਸਾਲਾਨਾ ਫੈਸਟੀਵਲ ਦਾ ਪੋਸਟਰ ਰਿਲੀਜ਼ ਕਰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ‘ਇਨੋਵੇਟ ਕ੍ਰਿਏਟ ਸੈਲੀਬ੍ਰੇਟ’ ਥੀਮ ਵਾਲੇ ਇਸ ਦੋ-ਰੋਜ਼ਾ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਲਈ ਤਕਨੀਕੀ, ਗੈਰ-ਤਕਨੀਕੀ ਅਤੇ ਸਭਿਆਚਾਰਕ ਸ਼੍ਰੇਣੀਆਂ ਵਿੱਚ ਬਹੁਤ ਸਾਰੇ ਮੁਕਾਬਲੇ ਕਰਵਾਏ ਜਾਣਗੇ। ਇਸ ਸਬੰਧੀ ਸਾਰੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਟੈਕਨੋ ਫੈਸਟੀਵਲ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ/ਅਦਾਕਾਰਾ ਨਿਮਰਤ ਖਹਿਰਾ ਅਤੇ ਜੌਰਡਨ ਸੰਧੂ ਦੀ ਲਾਈਵ ਪੇਸ਼ਕਾਰੀ ਦਰਸ਼ਕਾਂ ਦੇ ਖਿੱਚ ਦਾ ਕੇਂਦਰ ਬਣੇਗੀ। ਉਨ੍ਹਾਂ ਕਿਹਾ ਕਿ ਸੀਜੀਸੀ ਗਰੁੱਪ ਵੱਲੋਂ ਕੋਵਿਡ ਪਾਬੰਦੀਆਂ ਕਾਰਨ ਦੋ ਸਾਲ ਬਾਅਦ ਲਾਂਡਰਾਂ ਕੈਂਪਸ ਵਿੱਚ ਪਰਿਵਰਤਨ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਇਹ ਥੀਮ ਸੀਜੀਸੀ ਦੀ ਪੁਰਾਣੀ ਪਰੰਪਰਾ ਨੂੰ ਕਾਇਮ ਰੱਖਦਾ ਹੋਇਆ ਪੜ੍ਹਾਈ ਦੇ ਨਾਲ-ਨਾਲ ਖੋਜ ਅਤੇ ਨਵੀਨਤਾ ਵਿੱਚ ਦਿਲਚਸਪੀ ਪੈਦਾ ਕਰਨ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰੇਗਾ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਨੌਜਵਾਨਾਂ ਦਾ ਸਰਵਪੱਖੀ ਵਿਕਾਸ ਕਰੇਗਾ, ਸਗੋਂ ਉਨ੍ਹਾਂ ਨੂੰ ਇੱਕ ਮਜ਼ਬੂਤ ਅਤੇ ਆਤਮ-ਨਿਰਭਰ ਭਾਰਤ ਬਣਾਉਣ ਦੇ ਉਦੇਸ਼ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਦਾ ਮੌਕਾ ਵੀ ਪ੍ਰਦਾਨ ਕਰੇਗਾ।