ਸੀਜੀਸੀ ਲਾਂਡਰਾਂ ਨੂੰ ਮਿਲਿਆ ਦੇਸ਼ ਦੀ ‘ਬਿਹਤਰੀਨ ਰੁਜ਼ਗਾਰ ਯੋਗਤਾ’ ਵਾਲੀ ਸੰਸਥਾ ਦਾ ਵਕਾਰੀ ਦਰਜਾ

ਐਸਪਾਇਰਿੰਗ ਮਾਈਂਡਜ਼ ਨੇ ਐਮ.ਕੈਟ ਦੀ ਪ੍ਰੀਖਿਆ ਦੇ ਆਧਾਰ ’ਤੇ ਕੀਤੀ ਦਰਜਾਬੰਦੀ ਵਿੱਚ ਦਿੱਤਾ ਸੂਬਾ ਪੱਧਰੀ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਫਰਵਰੀ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਨੂੰ ਦੇਸ਼ ਦੀ ਬਿਹਤਰੀਨ ਰੁਜ਼ਗਾਰ ਯੋਗਤਾ ਵਾਲੀ ਸੰਸਥਾ ਦਾ ਵਕਾਰੀ ਦਰਜਾ ਹਾਸਲ ਹੋਇਆ ਹੈ। ਸੀਜੀਸੀ ਲਾਂਡਰਾਂ ਨੂੰ ਇਹ ਸਨਮਾਨ ਰੁਜ਼ਗਾਰ ਯੋਗਤਾ ਸਬੰਧੀ ਦੇਸ਼ ਦੀ ਪ੍ਰਸਿੱਧ ਮੁਲਾਂਕਣ ਅਤੇ ਸਰਟੀਫ਼ਿਕੇਸ਼ਨ ਸੰਸਥਾ ਐਸਪਾਇਰਿੰਗ ਮਾਈਂਡਜ਼ ਵੱਲੋਂ ਦੇਸ਼ ਅਤੇ ਸੂਬੇ ਦੀਆਂ ਸਿਰਮੌਰ ਵਿੱਦਿਅਕ ਸੰਸਥਾਵਾਂ ਦੇ ਰੁਜ਼ਗਾਰ ਪ੍ਰਬੰਧਾਂ ਬਾਰੇ ਕੀਤੇ ਗਏ ਵਿਸ਼ੇਸ਼ ਸਰਵੇਖਣ ਦੇ ਆਧਾਰ ’ਤੇ ਪ੍ਰਦਾਨ ਕੀਤਾ ਗਿਆ ਹੈ। ਐਸਪਾਇਰਿੰਗ ਮਾਈਂਡਜ਼ ਵੱਲੋਂ ਐਮ.ਕੈਟ ਦੀ ਪ੍ਰੀਖਿਆ ਦੇ ਆਧਾਰ ’ਤੇ ਕੀਤੀ ਦਰਜੇਬੰਦੀ ਵਿੱਚ ਕਾਲਜ ਨੂੰ ਬਿਹਤਰੀਨ ਰੁਜ਼ਗਾਰ ਯੋਗਤਾ ਵਾਲੇ ਪ੍ਰਬੰਧ ਸਿਰਜਣ ਕਾਰਨ ‘ਨੈਸ਼ਨਲ ਐਮਪਲੋਇਬਲਿਟੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੇਸ਼-ਵਿਆਪੀ ਸਰਵੇਖਣ ਦੌਰਾਨ ਕੈਂਪਸ ਪਲੇਸਮੈਂਟ ਲਈ ਪੁੱਜਣ ਵਾਲੀਆਂ ਬਹੁ-ਕੌਮੀ ਕੰਪਨੀਆਂ ਦੀ ਗਿਣਤੀ, ਨੌਕਰੀ ਲਈ ਚੁਣੇ ਗਏ ਵਿਦਿਆਰਥੀਆਂ ਦੀ ਸੰਖਿਆ, ਉੱਚ ਤਨਖ਼ਾਹ ਪੈਕੇਜਾਂ ਦੀ ਪੇਸ਼ਕਸ਼ ਅਤੇ ਐਸਪਾਇਰਿੰਗ ਮਾਈਂਡਜ਼ ਵੱਲੋਂ ਰਾਸ਼ਟਰੀ ਪੱਧਰ ’ਤੇ ਆਯੋਜਿਤ ਕੀਤੀ ਗਈ ਐਮ.ਕੈਟ ਦੀ ਪ੍ਰੀਖਿਆ ਵਿੱਚ ਸੀਜੀਸੀ ਲਾਂਡਰਾਂ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਵਕਾਰੀ ਮੰਨੀਆਂ ਜਾਂਦੀਆਂ ਸੰਸਥਾਵਾਂ ਦੇ ਮੁਕਾਬਲੇ ਉਮੀਦ ਨਾਲੋਂ ਕਿਤੇ ਬਿਹਤਰ ਰਹੀ। ਜਿਸ ਕਰਕੇ ਸੀਜੀਸੀ ਲਾਂਡਰਾਂ ਗਰੱੁਪ ਇਹ ਸੂਬਾ ਪੱਧਰ ਦਾ ਵਕਾਰੀ ਸਨਮਾਨ ਲੈਣ ਵਿੱਚ ਸਫ਼ਲ ਰਿਹਾ ਹੈ।
ਐਸਪਾਇਰਿੰਗ ਮਾਈਂਡਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਐਸਪਾਇਰਿੰਗ ਮਾਈਂਡਜ਼ ਵੱਲੋਂ ਵਿਦਿਆਰਥੀਆਂ ਦੀ ਰੁਜ਼ਗਾਰ ਹਾਸਲ ਕਰ ਸਕਣ ਦੀ ਸਮਰੱਥਾ ਦਾ ਅਨੁਮਾਨ ਲਗਾਉਣ ਲਈ ਹਰ ਵਰ੍ਹੇ ਕੌਮੀ ਪੱਧਰ ’ਤੇ ਐੱਮਕੈਟ ਦੀ ਪ੍ਰੀਖਿਆ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਨੂੰ 700 ਤੋਂ ਵੱਧ ਮਲਟੀਨੈਸ਼ਨਲ ਕੰਪਨੀਆਂ ਵੱਲੋਂ ਮਾਨਤਾ ਦਿੱਤੀ ਗਈ ਹੈ ਅਤੇ ਇਸ ਪ੍ਰੀਖਿਆ ਵਿੱਚ ਸਫਲ ਵਿਦਿਆਰਥੀ ਉਕਤ ਕੰਪਨੀਆਂ ਦੀ ਭਰਤੀ ਪ੍ਰੀਕਿਰਿਆ ਵਿੱਚ ਬੈਠ ਕੇ ਸੁਨਹਿਰੀ ਰੁਜ਼ਗਾਰ ਅਵਸਰਾਂ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਦੀ ਇਸ ਦਰਜੇਬੰਦੀ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਦੇ ਮਿਆਰ ਨੂੰ ਉੱਚਾ ਕਰਨਾ ਅਤੇ ਸਿੱਖਿਆ ਦੇ ਖੇਤਰ ਵਿੱਚ ਮਿਆਰੀ ਪ੍ਰਬੰਧ ਉਸਾਰਨ ਵਾਲੇ ਅਦਾਰਿਆਂ ਨੂੰ ਹੱਲਾਸ਼ੇਰੀ ਦੇਣਾ ਹੈ। ਉਨ੍ਹਾਂ ਆਪਣੀ ਡਿਗਰੀ ਮੁਕੰਮਲ ਕਰਨ ਜਾ ਰਹੇ ਸਮੂਹ ਵਿਦਿਆਰਥੀਆਂ ਨੂੰ ਐਮਕੈਟ ਦੀ ਪ੍ਰੀਖਿਆ ਵਿੱਚ ਬੈਠਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਵੱਡੀ ਗਿਣਤੀ ਵਿੱਚ ਬਹੁ-ਕੌਮੀ ਕੰਪਨੀਆਂ ਨਵੇਂ ਵਿਦਿਆਰਥੀਆਂ ਨੂੰ ਨੌਕਰੀ ਦੀ ਪੇਸ਼ਕਸ਼ ਸਮੇਂ ਐਮਕੈਟ ਦੀ ਪ੍ਰੀਖਿਆ ਦੇ ਅੰਕਾਂ ਨੂੰ ਰੁਜ਼ਗਾਰ ਯੋਗਤਾ ਦਾ ਪ੍ਰਮੁੱਖ ਮਾਪਦੰਡ ਮੰਨਦੀਆਂ ਹਨ।
ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ 425 ਤੋਂ ਵੱਧ ਬਹੁ-ਕੌਮੀ ਕੰਪਨੀਆਂ ਵੱਲੋਂ ਕਾਲਜ ਦੇ ਬੈਚ 2016 ਦੇ 4690 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕਰਨ ਤੋਂ ਇਹ ਭਲੀਭਾਂਤ ਸਿੱਧ ਹੋ ਜਾਂਦਾ ਹੈ ਕਿ ਕਾਲਜ ਆਪਣੇ ਵਿਦਿਆਰਥੀਆਂ ਨੂੰ ਰੁਜ਼ਗਾਰ ਦਾ ਢੁਕਵਾਂ ਮਾਹੌਲ ਮੁਹੱਈਆ ਕਰਵਾਉਣ ਅਤੇ ਸਿੱਖਿਆ ਪ੍ਰਦਾਨ ਕਰਨ ਵਿੱਚ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ। ਉਨ੍ਹਾਂ ਕਿਹਾ ਕਿ ਐਮ.ਕੈਟ ਦੀ ਪ੍ਰੀਖਿਆ ਵਿਦਿਆਰਥੀਆਂ ਨੂੰ ਆਪਣੇ ਕਮਜ਼ੋਰ ਅਤੇ ਮਜ਼ਬੂਤ ਪਹਿਲੂਆਂ ਬਾਰੇ ਜਾਨਣ ਅਤੇ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਬੇਹੱਦ ਸਹਾਈ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਜ਼ਿਆਦਾਤਰ ਮਲਟੀਨੈਸ਼ਨਲ ਕੰਪਨੀਆਂ ਨੇ ਆਪਣੀ ਕੈਂਪਸ ਪਲੇਸਮੈਂਟ ਦੌਰਾਨ ਸਾਡੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਸਰਾਹਿਆ ਹੈ ਅਤੇ ਭਵਿੱਖ ਵਿੱਚ ਵੀ ਕੈਂਪਸ ਪਲੇਸਮੈਂਟ ਲਈ ਲਾਂਡਰਾਂ ਕੈਂਪਸ ਨੂੰ ਤਰਜੀਹ ਦੇਣ ਦੀ ਵਚਨਬੱਧਤਾ ਪ੍ਰਗਟਾਈ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…