
ਸੀਜੀਸੀ ਲਾਂਡਰਾਂ ਦਾ ਦੋ ਰੋਜ਼ਾ ਸਾਲਾਨਾ ਟੈਕਨੋ ਕਲਚਰਲ ਫੈਸਟ ‘ਪਰਿਵਰਤਨ-2022’ ਧੂਮ ਧੜੱਕੇ ਨਾਲ ਸ਼ੁਰੂ
ਪੰਜਾਬ ਵਿੱਚ ਸੈਰ ਸਪਾਟਾ ਕੇਂਦਰ ਪ੍ਰਫੁੱਲਤ ਕਰਨ ਲਈ ਸਰਕਾਰ ਨੇ 100 ਕਰੋੜ ਰੱਖੇ: ਕਰੁਨੇਸ਼ ਸ਼ਰਮਾ
ਮੁਹਾਲੀ ਦੇ ਪਿੰਡ ਮਨੌਲੀ ਦੇ ਪੁਰਾਤਨ ਕਿੱਲਾ, ਖਰੜ ਤੇ ਘੜੂੰਆਂ ਵਿੱਚ ਸੈਰ ਸਪਾਟਾ ਕੇਂਦਰ ਬਣਾਏ ਜਾਣਗੇ
ਚੱਪੜਚਿੜੀ ਜੰਗੀ ਯਾਦਗਾਰ ਤੇ ਵੇਰਕਾ ਮਿਲਕ ਪਲਾਂਟ ਨੂੰ ਸੈਰ ਸਪਾਟਾ ਕੇਂਦਰ ਬਣਾਇਆ ਜਾਵੇਗਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਨਵੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਦਾ ਦੋ ਰੋਜ਼ਾ ਕੌਮੀ ਪੱਧਰ ਦਾ ਸਾਲਾਨਾ ਟੈਕਨੋ ਕਲਚਰਲ ਫੈਸਟੀਵਲ ‘ਪਰਿਵਰਤਨ-2022’ ਅੱਜ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ‘ਇਨੋਵੇਟ ਕ੍ਰਿਏਟ ਸੈਲੀਬ੍ਰੇਟ’ ਥੀਮ ਵਾਲੇ ਇਸ ਵਿਲੱਖਣ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਲਈ ਤਕਨੀਕੀ, ਗੈਰ-ਤਕਨੀਕੀ ਅਤੇ ਸਭਿਆਚਾਰਕ ਸ਼੍ਰੇਣੀਆਂ ਦੇ ਮੁਕਾਬਲੇ ਕਰਵਾਏ ਗਏ।
ਪਹਿਲੇ ਦਿਨ ਸੈਰ ਸਪਾਟਾ ਤੇ ਸਭਿਆਚਾਰਕ ਵਿਭਾਗ ਪੰਜਾਬ ਦੇ ਡਾਇਰੈਕਟਰ ਕਰੁਨੇਸ਼ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਪੜ੍ਹਾਈ ਦੌਰਾਨ ਕੀਤੀਆਂ ਨਵੀਆਂ ਕਾਢਾਂ ਦੇ ਸਟਾਲਾਂ ਦਾ ਨਿਰੀਖਣ ਕੀਤਾ ਅਤੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਸੈਰ ਸਪਾਟਾ ਨੂੰ ਪ੍ਰਮੋਟ ਕਰਨ ਲਈ ‘ਆਪ’ ਸਰਕਾਰ ਨੇ ਪਹਿਲੀ ਵਾਰ 100 ਕਰੋੜ ਰੁਪਏ ਰੱਖੇ ਹਨ ਅਤੇ ਕੇਂਦਰ ਸਰਕਾਰ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਨੇੜਲੇ ਪਿੰਡ ਮਨੌਲੀ ਦੇ ਪੁਰਾਤਨ ਕਿੱਲ੍ਹੇ ਦੀ ਸਾਂਭ-ਸੰਭਾਲ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ ਅਤੇ ਇੱਥੇ ਸੈਰ ਸਪਾਟਾ ਪੁਆਇੰਟ ਵਜੋਂ ਹੋਟਲ ਬਣਾਉਣ ਦੀ ਯੋਜਨਾ ਹੈ। ਇੰਜ ਹੀ ਖਰੜ ਵਿੱਚ ਭਗਵਾਨ ਸ੍ਰੀ ਰਾਮ ਦੇ ਦਾਦਾ ਜੀ ਨਾਲ ਸਬੰਧਤ ਮਹਾਰਾਜਾ ਅੱਜ ਸਰੋਵਰ ਨੂੰ ਵਿਕਸਤ ਕਰਕੇ ਸੈਰ ਸਪਾਟਾ ਹੱਬ ਬਣਾਇਆ ਜਾਵੇਗਾ ਅਤੇ ਪਿੰਡ ਘੜੂੰਆਂ ਵਿੱਚ ਵੀ ਇੱਕ ਅਜਿਹਾ ਸਰੋਵਰ ਬਣੇਗਾ।
ਪਿੰਡ ਚੱਪੜਚਿੜੀ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਦੀ ਸੰਭਾਲ ਅਤੇ ਵੇਰਕਾ ਮਿਲਕ ਪਲਾਂਟ ਨੂੰ ਸੈਰ ਸਪਾਟਾ ਪੁਆਇੰਟ ਵਜੋਂ ਵਿਕਸਤ ਕੀਤਾ ਜਾਵੇਗਾ। ਪਿਛਲੇ ਸਮੇਂ ਦੌਰਾਨ ਜਿਹੜੀਆਂ ਕਮੀਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਵਿੱਚ ਹੁਨਰ ਪੈਦਾ ਕਰਨ ਦੀ ਲੋੜ ਹੈ ਅਤੇ ਇਹ ਦੁਨੀਆ ਭਰ ਵਿੱਚ ਇੱਕ ਮੁੱਦਾ ਬਣ ਚੁੱਕਾ ਹੈ। ਅੱਜ ਹਰੇਕ ਮੁਲਕ ਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ ਅਤੇ ਸਮੇਂ ਦੀਆਂ ਸਰਕਾਰਾਂ ਵੱਖ-ਵੱਖ ਕੈਟਾਗਰੀਆਂ ਬਣਾ ਕੇ ਨੌਜਵਾਨਾਂ ਦੇ ਹੁਨਰ ਨੂੰ ਵਿਕਾਸਮੁਖੀ ਬਣਾਉਣ ਦੀ ਕੋਸ਼ਿਸ਼ ਵਿੱਚ ਜੁਟੀਆ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਨੌਜਵਾਨਾਂ ਵਿੱਚ ਹੁਨਰ ਪੈਦਾ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਦੇ ਆਉਣ ਵਾਲੇ ਸਮੇਂ ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ।

ਕਰੁਨੇਸ਼ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਸੋਚ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਬਲਕਿ ਨੌਕਰੀਆਂ ਦੇਣ ਵਾਲੇ ਬਣਾਵਾਂਗੇ। ਇਸ ਸਬੰਧੀ ਵਿੱਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਕਲਾ ਦੇ ਮੁਤਾਬਕ ਲੋੜੀਂਦਾ ਮਾਹੌਲ ਸਿਰਜਿਆ ਜਾਵੇਗਾ ਤਾਂ ਜੋ ਨੌਜਵਾਨ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣਾ ਕੰਮ ਧੰਦਾ ਸ਼ੁਰੂ ਕਰ ਸਕਣ।
ਇਸ ਤੋਂ ਪਹਿਲਾਂ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਕੋਵਿਡ ਪਾਬੰਦੀਆਂ ਕਾਰਨ ਦੋ ਸਾਲ ਬਾਅਦ ਲਾਂਡਰਾਂ ਕੈਂਪਸ ਵਿੱਚ ਪਰਿਵਰਤਨ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਇਹ ਥੀਮ ਸੀਜੀਸੀ ਦੀ ਪੁਰਾਣੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਪੜ੍ਹਾਈ ਦੇ ਨਾਲ-ਨਾਲ ਖੋਜ ਅਤੇ ਨਵੀਨਤਾ ਵਿੱਚ ਦਿਲਚਸਪੀ ਪੈਦਾ ਕਰਨ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰੇਗਾ।