ਖ਼ੂਨ ਦੀ ਕਮੀ ਦੇ ਚਲਦੇ ਹੁਣ ਸਸਤੇ ਵਿੱਚ ਨਹੀਂ ਜਾਵੇਗੀ ਕਿਸੇ ਲੋੜਵੰਦ ਮਰੀਜ਼ ਦੀ ਜਾਨ

ਸੀਜੀਜੀ ਲਾਂਡਰਾਂ ਨੇ ਪੀਜੀਆਈ ਨੂੰ ਨਾਜ਼ੁਕ ਹਾਲਾਤ ’ਚ ਲੋੜੀਂਦੇ ਖ਼ੂਨਦਾਨੀ ਮੁਹੱਈਆ ਕਰਵਾਉਣ ਦਾ ਬੀੜਾ ਚੱੁਕਿਆ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਈ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੇ ਵਲੰਟੀਅਰ ਖ਼ੂਨਦਾਨੀਆਂ ਵੱਲੋਂ ਪੀ.ਜੀ.ਆਈ. ਚੰਡੀਗੜ੍ਹ ਦੇ ਮਰੀਜ਼ਾਂ ਲਈ 24 ਘੰਟੇ ਐਮਰਜੈਂਸੀ ਖ਼ੂਨਦਾਨ ਸੇਵਾ ਮੁਹੱਈਆ ਕਰਵਾਉਣ ਦਾ ਬੀੜਾ ਚੱੁਕਿਆ ਗਿਆ ਹੈ, ਜਿਸਦੇ ਚੱਲਦਿਆਂ ਹੁਣ ਕਿਸੇ ਵੀ ਲੋੜਵੰਦ ਮਰੀਜ਼ ਨੂੰ ਖ਼ੂਨ ਦੀ ਕਮੀ ਦੇ ਕਾਰਨ ਆਪਣੀ ਜਾਨ ਨਹੀਂ ਗੁਆਉਣੀ ਪਵੇਗੀ। ਸੀ.ਜੀ.ਸੀ. ਲਾਂਡਰਾਂ ਵੱਲੋਂ ਪੀ.ਜੀ.ਆਈ. ਚੰਡੀਗੜ੍ਹ ਦੇ ਲੋੜਵੰਦ ਮਰੀਜ਼ਾਂ ਦੀ ਮਦਦ ਵਾਸਤੇ ਆਰੰਭ ਕੀਤੀ ਗਈ ਇਸ ਸਵੈ ਇੱਛਤ ਖ਼ੂਨਦਾਨ ਸੇਵਾ ਨੂੰ ਉੱਤਰੀ ਖੇਤਰ ਦੇ ਪੀ.ਜੀ.ਆਈ. ਚੰਡੀਗੜ੍ਹ ’ਚ ਇਲਾਜ ਕਰਵਾਉਣ ਪੁੱਜੇ ਗੰਭੀਰ ਮਰੀਜ਼ਾਂ ਲਈ ਵੱਡਾ ਵਰਦਾਨ ਮੰਨਿਆ ਜਾ ਰਿਹਾ ਹੈ। ਇਸ ਪਹਿਲਕਦਮੀ ਤਹਿਤ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾਂ ਦੇ ਵਲੰਟੀਅਰ ਪੀ.ਜੀ.ਆਈ ਚੰਡੀਗੜ੍ਹ ’ਚ ਜ਼ੇੇਰੇ ਇਲਾਜ ਜਾਂ ਅਤਿ-ਨਾਜ਼ੁਕ ਹਾਲਾਤ ’ਚ ਪਹੁੰਚੇ ਮਰੀਜ਼ਾਂ ਲਈ ਇੱਕ ਐਮਰਜੈਂਸੀ ਫੋਨ ਕਾਲ ਉੱਤੇ 24 ਘੰਟੇ ਖ਼ੂਨਦਾਨ ਕਰਨ ਲਈ ਤਤਪਰ ਰਹਿਣਗੇ।
ਸੀ.ਜੀ.ਸੀ. ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜ਼ੀਡੈਂਟ ਰਸ਼ਪਾਲ ਸਿੱਘ ਧਾਲੀਵਾਲ ਨੇ ਪੀ.ਜੀ.ਆਈ. ਚੰਡੀਗੜ੍ਹ ਬਲੱਡ ਬੈਂਕ ਦੇ ਡਾਕਟਰਾਂ ਨੂੰ ਵਿਸਵਾਸ਼ ਦਿਵਾਇਆ ਕਿ ਉਨ੍ਹਾਂ ਦੇ ਵਲੰਟੀਅਰ ਹਸਪਤਾਲ ਦੀ ਇਕ ਕਾਲ ’ਤੇ ਲੋੜਵੰਦ ਮਰੀਜ਼ਾਂ ਨੂੰ ਸਵੈ-ਇੱਛਾ ਨਾਲ ਖ਼ੂਨ ਦਾਨ ਕਰਨ ਲਈ ਪੁੱਜ ਜਾਣਗੇ। ਉਨ੍ਹਾਂ ਕਿਹਾ ਕਿ ਕੁਦਰਤੀ ਕਰੋਪੀਆਂ, ਮਾਰੂ ਬਿਮਾਰੀਆਂ ਅਤੇ ਅਚਾਨਕ ਵਾਪਰੇ ਵੱਡੇ ਹਾਦਸਿਆਂ ਦੌਰਾਨ ਕਿਸੇ ਖ਼ਾਸ ਬਲੱਡ ਗਰੁੱਪ ਦਾ ਖ਼ੂਨ ਨਾ ਮਿਲਣ ਕਾਰਨ ਬਹੁਤ ਸਾਰੇ ਮਰੀਜ਼ਾਂ ਨੂੰ ਆਪਣੀ ਜਾਨ ਵੀ ਅਜਾਈਂ ਗੁਆਉਣੀ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਈ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਆਨਲਾਈਨ ਪੋਰਟਲਾਂ ਰਾਹੀਂ ਅਜਿਹੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਪਰ ਕਿਸੇ ਵਿੱਦਿਅਕ ਸੰਸਥਾ ਵੱਲੋਂ ਇਹ ਆਪਣੀ ਕਿਸਮ ਦਾ ਨਿਵੇਕਲਾ ਉੱਦਮ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਾਡੀਆਂ ਵਿÎੱਦਿਅਕ ਸੰਸਥਾਵਾਂ ਬਲੱਡ ਡੋਨੇਸ਼ਨ ਕੈਂਪਾਂ ਰਾਹੀਂ ਵੀ ਪੀ.ਜੀ.ਆਈ. ਦੇ ਮਰੀਜ਼ਾਂ ਲਈ ਵੱਡੀ ਮਾਤਰਾ ’ਚ ਖ਼ੂਨਦਾਨ ਕਰਦੀਆਂ ਆ ਰਹੀਆਂ ਹਨ, ਪਰ ਹੰਗਾਮੀ ਹਾਲਾਤਾਂ ’ਚ ਖ਼ੂਨ ਦੀ ਕਮੀ ਨੂੰ ਪੂਰਾ ਕਰਨ ’ਚ ਇਹ ਸੇਵਾ ਲੋੜਵੰਦ ਮਰੀਜ਼ਾਂ ਲਈ ਵੱਡਾ ਵਰਦਾਨ ਸਾਬਿਤ ਹੋਵੇਗੀ।
ਪੀ.ਜੀ.ਆਈ. ਚੰਡੀਗੜ੍ਹ ਦੇ ਬਲੱਡ ਬੈਂਕ ਦੇ ਸੀਨੀਅਰ ਡਾਕਟਰ ਡਾ. ਸੁਚੇਤ ਸਚਦੇਵਾ ਨੇ ਲਾਂਡਰਾਂ ਕੈਂਪਸ ਦੇ ਵਲੰਟੀਅਰਾਂ ਦੇ ਇਸ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਸਵੈ-ਇੱਛਤ ਖ਼ੂਨਦਾਨ ਦੇ ਖੇਤਰ ਵਿਚ ਸੀ.ਜੀ.ਸੀ. ਗਰੁੱਪ ਦਾ ਰਿਕਾਰਡ ਕਾਬਿਲੇ ਤਾਰੀਫ਼ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਂਵੇਂ ਪੀ.ਜੀ.ਆਈ. ਚੰਡੀਗੜ੍ਹ ਦੀ ਬਲੱਡ ਬੈਂਕ ਦੁਆਰਾ ਹਰ ਸਾਲ ਸਿੱਖਿਆ ਅਤੇ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ 450 ਕੈਂਪਾਂ ਦੇ ਜ਼ਰੀਏ 60 ਹਜ਼ਾਰ ਯੂਨਿਟ ਤੋਂ ਵੱਧ ਖ਼ੂਨ ਇਕੱਤਰ ਕੀਤਾ ਜਾਂਦਾ ਹੈ, ਪਰ ਮੌਜੂਦਾ ਸਮੇਂ ਦੀ ਮੰਗ 1.50 ਲੱਖ ਯੂਨਿਟ ਤੋਂ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਸੀ.ਜੀ.ਸੀ. ਗਰੁੱਪ ਦੀਆਂ ਸੰਸਥਾਵਾਂ ’ਚ ਪੜ੍ਹਦੇ ਵੱਡੀ ਗਿਣਤੀ ’ਚ ਵਲੰਨੀਅਰ ਵਿਦਿਆਰਥੀਆਂ ਵੱਲੋਂ ਐਮਰਜੈਂਸੀ ਕਾਲ ’ਤੇ ਬਲੱਡ ਡੋਨੇਟ ਦੀਆਂ ਸੇਵਾਵਾਂ ਦੇਣ ਲਈ ਅੱਗੇ ਆਉਣਾ ਮਨੁੱਖਤਾ ਦੀ ਸੇਵਾ ’ਚ ਚੱੁਕਿਆ ਵੱਡਾ ਕਦਮ ਹੈ। ਇਸ ਮੌਕੇ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਸ੍ਰੀਮਤੀ ਰੁਪਿੰਦਰ ਕੌਰ ਨੇ ਸੀ.ਜੀ.ਸੀ. ਦੇ 5 ਜਾਂ ਇਸ ਤੋਂ ਵੱਧ ਵਾਰ ਖ਼ੂਨਦਾਨ ਕਰ ਚੁੱਕੇ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…