ਸੀਜੀਸੀ ਦੇ ਵਿਦਿਆਰਥੀਆਂ ਤੇ ਪੁਲੀਸ ਮੁਲਾਜ਼ਮਾਂ ਨੇ ਦਿੱਤਾ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕਤਾ ਦਾ ਹੋਕਾ
ਵਿਦਿਆਰਥੀਆਂ ਤੇ ਪੁਲੀਸ ਮੁਲਾਜ਼ਮਾਂ ਨੇ ਸ਼ਹਿਰ ਵਾਸੀਆਂ ਤੇ ਰਾਹਗੀਰਾਂ ਨੂੰ ਕੀਤਾ ਸੜਕੀ ਨਿਯਮਾਂ ਬਾਰੇ ਜਾਗਰੂਕ
ਨਬਜ਼-ਏ-ਪੰਜਾਬ, ਮੁਹਾਲੀ, 21 ਜਨਵਰੀ:
ਜ਼ਿਲ੍ਹਾ ਟਰੈਫ਼ਿਕ ਪੁਲੀਸ ਦੇ ਮੁਲਾਜ਼ਮਾਂ ਅਤੇ ਸੀਜੀਸੀ ਕਾਲਜ ਲਾਂਡਰਾਂ ਦੇ ਵਿਦਿਆਰਥੀਆਂ ਨੇ ਅੱਜ ਡੀਐਸਪੀ (ਟਰੈਫ਼ਿਕ) ਕਰਨੈਲ ਸਿੰਘ ਦੀ ਅਗਵਾਈ ਹੇਠ ਮੁਹਾਲੀ ਵਿੱਚ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕਤਾ ਦਾ ਹੋਕਾ ਦਿੱਤਾ। ਇਸ ਸਬੰਧੀ ਇੱਥੋਂ ਦੇ ਫੇਜ਼-3\5 ਲਾਲ ਬੱਤੀ ਪੁਆਇੰਟ ਨੇੜੇ ਸੜਕ ’ਤੇ ਖੜੇ ਹੋ ਕੇ ਵਿਦਿਆਰਥੀਆਂ ਅਤੇ ਪੁਲੀਸ ਮੁਲਾਜ਼ਮਾਂ ਨੇ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਸੜਕੀ ਨਿਯਮਾਂ ਬਾਰੇ ਜਾਗਰੂਕ ਕੀਤਾ।
ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਹਰੇਕ ਸਾਲ 1 ਤੋਂ 31 ਜਨਵਰੀ ਤੱਕ ਟਰੈਫ਼ਿਕ ਜਾਗਰੂਕਤਾ ਮਹੀਨਾ ਮਨਾਇਆ ਜਾਂਦਾ ਹੈ। ਇਸ ਵਾਰ ਸੀਜੀਸੀ ਲਾਂਡਰਾਂ ਦੇ ਵਿਦਿਆਰਥੀ ਵੀ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅੱਗੇ ਆਏ ਹਨ। ਇਹ ਇੱਕ ਚੰਗੀ ਸ਼ੁਰੂਆਤ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਨਵੀਂ ਪ੍ਰੇਰਣਾ ਮਿਲੇਗੀ।
ਡੀਐਸਪੀ ਕਰਨੈਲ ਸਿੰਘ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਹਮੇਸ਼ਾ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ, ਕਿਉਂਕਿ ਇਸ ਨਾਲ ਆਮ ਨਾਗਰਿਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਨਾਲ ਹੀ ਉਨ੍ਹਾਂ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਦੇ ਹੋਏ ਸ਼ਰਾਬ ਪੀਕੇ ਜਾਂ ਹੋਰ ਨਸ਼ਾ ਕਰਕੇ ਵਾਹਨ ਨਾ ਚਲਾਉਣ ਦੀ ਅਪੀਲ ਵੀ ਕੀਤੀ। ਇਸ ਤੋਂ ਪਹਿਲਾਂ ਸੀਜੀਜੀ ਦੇ ਆਡੀਟੋਰੀਅਮ ਵਿੱਚ ਟਰੈਫ਼ਿਕ ਨਿਯਮਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਖੇਡਾਂ ਵੱਲ ਜਾਣ ਲਈ ਪ੍ਰੇਰਿਤ ਕੀਤਾ ਗਿਆ।
ਡੀਐਸਪੀ ਨੇ ਦੱਸਿਆ ਕਿ ਮੋਟਰ ਵਹੀਕਲ ਐਕਟ ਦੀ ਧਾਰਾ 199ਏ ਤਹਿਤ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਵਾਹਨ ਚਲਾਉਂਦਾ ਹੈ ਤਾਂ ਉਸਦੇ ਮਾਪਿਆਂ ਨੂੰ 3 ਸਾਲ ਦੀ ਕੈਦ, 25 ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ। ਇਹੀ ਨਹੀਂ ਛੋਟੇ ਬੱਚੇ ਨੂੰ ਵਾਹਨ ਦੇਣ ਵਾਲੇ ਵਿਅਕਤੀ ਨੂੰ ਵੀ 3 ਸਾਲ ਦੀ ਸਜ਼ਾ ਤੇ ਜੁਰਮਾਨਾ ਹੋ ਸਕਦਾ ਹੈ। ਸ਼ਰਾਬ ਪੀਕੇ ਵਾਹਨ ਚਲਾਉਣ ’ਤੇ ਮੋਟਰ ਵਹੀਕਲ ਐਕਟ ਦੀ ਧਾਰਾ 185 ਤਹਿਤ 10,000 ਰੁਪਏ ਜੁਰਮਾਨਾ ਅਤੇ 6 ਮਹੀਨੇ ਦੀ ਸਜਾ ਹੋ ਸਕਦੀ ਹੈ। ਵਾਹਨ ਦਾ ਸਲੰਸਰ ਮੋਡੀਫਾਈ ਕਰਕੇ ਵਰਤੋਂ ਕਰਨ ’ਤੇ 5,000 ਰੁਪਏ ਦਾ ਜੁਰਮਾਨਾ ਹੋਵੇਗਾ। ਜੇਕਰ ਕੋਈ ਵਿਅਕਤੀ ਸੜਕ ਹਾਦਸੇ ਦੇ ਪੀੜਤ ਕਿਸੇ ਵਿਅਕਤੀ ਦੀ ਮਦਦ ਕਰਦਾ ਹੈ ਤਾਂ ਸਰਕਾਰ ਵੱਲੋਂ ਉਸ ਨੂੰ ਫ਼ਰਿਸ਼ਤੇ ਸਕੀਮ ਤਹਿਤ 2000 ਰੁਪਏ ਦਿੱਤੇ ਜਾਣਗੇ।