
ਸੀਜੀਜੀ ਕਾਲਜ ਲਾਂਡਰਾਂ ਦੇ ਵਿਦਿਆਰਥੀ ਦੀ ਭੇਦਭਰੀ ਹਾਲਤ ’ਚ ਮੌਤ, ਕੇਸ ਦਰਜ
ਪਰਿਵਾਰਕ ਮੈਂਬਰਾਂ ਨੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਸੜਕ ’ਤੇ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ
ਮ੍ਰਿਤਕ ਨੌਜਵਾਨ ਦੇ ਪਿਤਾ ਨੇ ਮੁਹਾਲੀ ਪ੍ਰਸ਼ਾਸਨ ਤੇ ਪੁਲੀਸ ਦੀ ਕਾਰਵਾਈ ’ਤੇ ਚੁੱਕੇ ਸਵਾਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਦੇ ਹੋਸਟਲ ਵਿੱਚ ਰਹਿੰਦੇ ਇੱਕ ਵਿਦਿਆਰਥੀ ਦੀ ਭੇਦਭਰੀ ਮੌਤ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਰਾਜ ਸਿੰਘ (19) ਵਾਸੀ ਮਾਇਆਪੁਰ (ਬਿਹਾਰ) ਵਜੋਂ ਹੋਈ ਹੈ, ਜੋ ਬੀਸੀਏ ਭਾਗ-1 ਦੀ ਪੜ੍ਹਾਈ ਕਰ ਰਿਹਾ ਸੀ। ਮਾਪਿਆਂ ਨੂੰ ਆਪਣੇ ਬੇਟੇ ਤੋਂ ਬਹੁਤ ਉਮੀਦਾਂ ਸਨ। ਇਸ ਕਰਕੇ ਉਨ੍ਹਾਂ ਨੇ ਬਿਹਾਰ ਤੋਂ ਉੱਚ ਸਿੱਖਿਆ ਹਾਸਲ ਕਰਨ ਲਈ ਆਪਣੇ ਪੁੱਤ ਨੂੰ ਲਾਂਡਰਾਂ ਕਾਲਜ ਵਿੱਚ ਦਾਖ਼ਲਾ ਕਰਵਾਇਆ ਸੀ। ਉਸ ਦੇ ਮਾਪਿਆਂ ਨੇ ਹੋਸਟਲ ਦੇ ਵਾਰਡਨ ਅਤੇ ਉਸ ਦੇ ਬੇਟੇ ਨਾਲ ਰੂਮ ਵਿੱਚ ਰਹਿੰਦੇ ਹੋਰਨਾਂ ਨੌਜਵਾਨਾਂ ’ਤੇ ਵੀ ਗੰਭੀਰ ਦੋਸ ਲਗਾਏ ਹਨ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਸ ਦਾ ਬੇਟਾ ਆਤਮ ਹੱਤਿਆ ਨਹੀਂ ਕਰ ਸਕਦਾ ਹੈ, ਉਸ ਦੀ ਕਥਿਤ ਤੌਰ ’ਤੇ ਹੱਤਿਆ ਕੀਤੀ ਗਈ ਹੈ। ਨੌਜਵਾਨ ਦੇ ਪਿਤਾ ਨੇ ਮੁਹਾਲੀ ਪ੍ਰਸ਼ਾਸਨ ਤੇ ਪੁਲੀਸ ਦੀ ਕਾਰਵਾਈ ਉੱਤੇ ਵੀ ਸਵਾਲ ਚੁੱਕੇ ਹਨ। ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਤੋਂ ਬਾਅਦ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਲਾਸ਼ ਨੂੰ ਸੜਕ ’ਤੇ ਰੱਖ ਕੇ ਰੋਸ ਪ੍ਰਦਰਸ਼ਨ ਕਰਦਿਆਂ ਇਨਸਾਫ਼ ਦੀ ਮੰਗ ਕੀਤੀ। ਫਿਲਹਾਲ ਪੁਲੀਸ ਨੇ ਪਿਤਾ ਸੰਤੋਸ਼ ਕੁਮਾਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਧਾਰਾ 306 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਨੌਜਵਾਨ ਦੇ ਪਿਤਾ ਅਤੇ ਸਾਬਕਾ ਫੌਜੀ ਸੰਤੋਸ਼ ਕੁਮਾਰ ਨੇ ਸੋਹਾਣਾ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਰਾਜ ਸਿੰਘ ਸੀਜੀਜੀ ਕਾਲਜ ਲਾਂਡਰਾਂ ਵਿੱਚ ਬੀਸੀਏ ਭਾਗ-1 ਦੀ ਪੜ੍ਹਾਈ ਕਰ ਰਿਹਾ ਸੀ। ਇੱਥੇ ਹੀ ਹੋਸਟਲ ਵਿੱਚ ਰਹਿੰਦਾ ਸੀ। ਉਸ ਨੇ ਦੱਸਿਆ ਕਿ ਬੀਤੀ 19 ਮਈ ਨੂੰ ਦੇਰ ਰਾਤ ਕਰੀਬ 10 ਵਜੇ ਨਵੀਨ ਕੁਮਾਰ ਨਾਂ ਦੇ ਵਿਅਕਤੀ ਨੇ ਫੋਨ ’ਤੇ ਦੱਸਿਆ ਕਿ ਉਸ ਦੇ ਬੇਟੇ ਰਾਜ ਸਿੰਘ ਨੇ ਕਾਲਜ ਦੇ ਸਟੱਡੀ ਰੂਮ ਦੇ ਉਪਰ ਬਣੇ ਰਿਹਾਇਸ਼ੀ ਕਮਰਿਆਂ ਦੀ ਚੌਥੀ ਮੰਜ਼ਲ ’ਤੇ ਛੱਤ ਵਾਲੇ ਪੱਖੇ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਲਿਆ ਹੈ ਅਤੇ ਉਸ ਦੀ ਮੌਤ ਹੋ ਗਈ ਹੈ। ਇਹ ਗੱਲ ਸੁਣ ਕੇ ਉਨ੍ਹਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ।
ਸੰਤੋਸ਼ ਕੁਮਾਰ ਨੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਨਵੀਨ ਕੁਮਾਰ ਵਾਰਡਨ ਉਸ ਦੇ ਬੇਟੇ ਨੂੰ ਕਾਫ਼ੀ ਤੰਗ ਪ੍ਰੇਸ਼ਾਨ ਕਰਦਾ ਸੀ। ਇਹ ਗੱਲ ਨੇ ਰਾਜ ਸਿੰਘ ਨੇ ਆਪਣੇ ਮਾਪਿਆਂ ਨਾਲ ਵੀ ਸਾਂਝੀ ਕੀਤੀ ਸੀ। ਜਿਸ ਕਾਰਨ ਉਸ ਦੇ ਬੇਟੇ ਨੇ ਹੋਸਟਲ ਛੱਡਣ ਦੀ ਗੱਲ ਵੀ ਆਖੀ ਸੀ। ਇਸ ਸਬੰਧੀ ਹਾਲੇ ਉਹ ਕੋਈ ਫ਼ੈਸਲਾ ਲੈ ਪਾਉਂਦੇ ਉਸ ਤੋਂ ਪਹਿਲਾਂ ਹੀ ਇਹ ਭਾਣਾ ਵਰਤ ਗਿਆ। ਸੂਚਨਾ ਮਿਲਦੇ ਹੀ ਉਹ ਮੁਹਾਲੀ ਪਹੁੰਚ ਗਏ ਅਤੇ ਐਸਡੀਐਮ ਅਤੇ ਪੁਲੀਸ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦੇ ਰਹੇ ਪ੍ਰੰਤੂ ਅਧਿਕਾਰੀਆਂ ਨੇ ਉਨ੍ਹਾਂ ਨੂੰ ਇੱਥੋਂ ਲਾਸ਼ ਲੈ ਕੇ ਚਲੇ ਜਾਣ ਲਈ ਆਖਿਆ ਗਿਆ। ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਇਸ ਸਬੰਧੀ ਸੰਪਰਕ ਕਰਨ ’ਤੇ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਨੇ ਹੋਸਟਲ ਵਿੱਚ ਵਾਪਰੀ ਇਸ ਘਟਨਾ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਵਿਦਿਆਰਥੀ ਨੇ ਖ਼ੁਦਕੁਸ਼ੀ ਕੀਤੀ ਹੈ। ਇਸ ਮਾਮਲੇ ਦੀ ਜਾਂਚ ਪੁਲੀਸ ਕਰ ਰਹੀ ਹੈ। ‘ਮੈਂ ਚਾਹੁੰਦਾ ਹਾਂ ਇਸ ਦੀ ਸਹੀ ਜਾਂਚ ਹੋਵੇ’ ਜੋ ਵੀ ਇਸ ਪਿੱਛੇ ਕਾਰਨ ਹਨ। ਉਨ੍ਹਾਂ ਦਾ ਪਤਾ ਲੱਗ ਸਕੇ, ਕਿਉਂਕਿ ਇੱਕ ਹੋਣਹਾਰ ਨੌਜਵਾਨ ਦੀ ਮੌਤ ਦਾ ਉਨ੍ਹਾਂ ਨੂੰ ਬਹੁਤ ਅਫ਼ਸੋਸ ਹੈ। ਜਦੋਂ ਉਨ੍ਹਾਂ ਨੂੰ ਹੋਸਟਲ ਦੇ ਵਾਰਡਨ ਦੀਆਂ ਵਧੀਕੀਆਂ ਅਤੇ ਖਾਣੇ ਨੂੰ ਲੈ ਕੇ ਲੱਗੇ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੁਲੀਸ ਪੜਤਾਲ ਕਰ ਰਹੀ ਹੈ ਪਰ ‘ਮੈਨੂੰ ਨਹੀਂ ਲੱਗਦਾ ਕਿ ਖਾਣੇ ਨੂੰ ਲੈ ਕੇ ਕੋਈ ਗੱਲ ਹੋਈ ਹੋਵੇ। ਫਿਰ ਵੀ ਜੋ ਕੋਈ ਕਸੂਰਵਾਰ ਹੋਇਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਉਧਰ, ਸੋਹਾਣਾ ਥਾਣਾ ਦੇ ਐਸਐਚਓ ਗੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਸੰਤੋਸ਼ ਕੁਮਾਰ ਦੇ ਬਿਆਨਾਂ ’ਤੇ ਵਾਰਡਨ ਨਵੀਨ ਕੁਮਾਰ ਵਿਰੁੱਧ ਧਾਰਾ 306 ਤਹਿਤ ਵਿਦਿਆਰਥੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਦੌਰਾਨ ਵੀਡੀਓਗਰਾਫ਼ੀ ਕੀਤੀ ਗਈ ਹੈ ਅਤੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।