Share on Facebook Share on Twitter Share on Google+ Share on Pinterest Share on Linkedin ਸਿੱਖਿਆ ਬੋਰਡ ਚੇਅਰਮੈਨ ਵੱਲੋਂ ਪ੍ਰੀਖਿਆ ਕੇਂਦਰਾਂ ਦੀ ਜਾਂਚ, ਭਿੱਖੀਵਿੰਡ ਵਿੱਚ 4 ਵਿਅਕਤੀ ਕਿਸੇ ਹੋਰ ਦਾ ਪੇਪਰ ਦਿੰਦੇ ਫੜੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਦਸਵੀਂ ਸ਼੍ਰੇਣੀ ਦੇ ਗਣਿਤ ਵਿਸ਼ੇ ਦੀ ਪ੍ਰੀਖਿਆ ਲਈ ਗਈ। ਇਸ ਦੌਰਾਨ ਸਕੂਲ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਮੁਹਾਲੀ ਸਮੇਤ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਸਮੇਤ ਕਈ ਹੋਰਨਾਂ ਸ਼ਹਿਰਾਂ ਤੇ ਪੇਂਡੂ ਹਲਕਿਆਂ ਵਿੱਚ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਸੂਬੇ ਭਰ ਵਿੱਚ ਨਕਲ ਅਤੇ ਪ੍ਰੀਖਿਆ ਨਾਲ ਸਬੰਧਤ ਹੋਰ ਗੈਰ-ਸਮਾਜੀ ਕਾਰਵਾਈਆਂ ਦੇ 9 ਮਾਮਲੇ ਸਾਹਮਣੇ ਆਏ ਅਤੇ ਤਰਨਤਾਰਨ ਦੇ ਇੱਕ ਕੇਂਦਰ ਵਿੱਚ 4 ਵਿਅਕਤੀਆਂ ਨੂੰ ਕਿਸੇ ਹੋਰ ਦੀ ਪ੍ਰੀਖਿਆ ਦਿੰਦੇ ਹੋਏ ਰੰਗੇ ਹੱਥੀਂ ਫੜਿਆ ਗਿਆ। ਜਾਣਕਾਰੀ ਅਨੁਸਾਰ ਸ੍ਰੀ ਕਲੋਹੀਆ ਨੇ ਅੱਜ ਅਬੋਹਰ ਦੇ ਟੈਂਡਰ ਹਾਰਟ ਪਬਲਿਕ ਸਕੂਲ ਅਤੇ ਮੁੰਡਿਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਦੋਹਾਂ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕੀਤੀ। ਇਨ੍ਹਾਂ ਕੇਂਦਰਾਂ ਵਿੱਚ ਕੁੱਲ 247 ਪ੍ਰੀਖਿਆਰਥੀ ਪ੍ਰੀਖਿਆ ਦੇ ਰਹੇ ਸਨ। ਫਾਜ਼ਿਲਕਾ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਤੇ ਅਬੋਹਰ ਦੇ ਨਿਊ ਲਾਈਟ ਪਬਲਿਕ ਸਕੂਲ ਦੇ ਪ੍ਰੀਖਿਆ ਕੇਂਦਰਾਂ ’ਚੋਂ ਨਕਲ ਦੇ 2 ਕੇਸ ਫੜੇ ਗਏ। ਜ਼ਿਲ੍ਹਾ ਤਰਨਤਾਰਨ ਦੇ ਸ਼ਹੀਦ ਊਧਮ ਸਿੰਘ ਪਬਲਿਕ ਸਕੂਲ, ਭਿੱਖੀਵਿੰਡ ਵਿੱਚ ਚਾਰ ਪ੍ਰੀਖਿਆਰਥੀ ਹੋਰ ਦੀ ਥਾਂ ਪੇਪਰ ਦਿੰਦੇ ਫੜੇ ਗਏ। ਮਗਰੋਂ ਬੋਰਡ ਦੇ ਚੇਅਰਮੈਨ ਨੇ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਮਲੋਟ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਫੇਰੀ ਪਾਈ ਜਿੱਥੇ 260 ਤੋਂ ਵੱਧ ਪ੍ਰੀਖਿਆਰਥੀ ਪ੍ਰੀਖਿਆ ਦੇ ਰਹੇ ਸਨ। ਮਲੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਥਿਤ ਮਾਰਕਿੰਗ ਕੇਂਦਰ ਵਿੱਚ ਵੀ ਸ੍ਰੀ ਕਲੋਹੀਆ ਨੇ ਉਚੇਚੇ ਤੌਰ ’ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਊਣਤਾਈਆਂ ਦੂਰ ਕਰਨ ਲਈ ਫੌਰੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਇੱਕ ਪ੍ਰੀਖਿਆ ਕੇਂਦਰ ਵਿੱਚ ਡਿਊਟੀ ਤੋਂ ਟਲੇ ਸਕੂਲ ਪ੍ਰਿੰਸੀਪਲ ਨੂੰ ਫੌਰੀ ਤੌਰ ’ਤੇ ਹਾਜ਼ਰ ਹੋਣ ਦੇ ਹੁਕਮ ਕੀਤੇ। ਗਿੱਦੜਬਾਹਾ ਸਥਿਤ ਨਵਯੁੱਗ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਅਤੇ ਐੱਨਐੱਸਡੀ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ, ਬਠਿੰਡਾ ਦੇ 221 ਪ੍ਰੀਖਿਆਰਥੀ ਵੀ ਸ਼ਾਂਤ ਮਾਹੌਲ ਵਿੱਚ ਪ੍ਰੀਖਿਆ ਦਿੰਦੇ ਮਿਲੇ। ਇਸੇ ਦੌਰਾਨ ਭੁੱਚੋ ਕਲਾਂ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੀ ਪ੍ਰੀਖਿਆਰਥੀਆਂ ਦੀ ਚੈਕਿੰਗ ਕੀਤੀ ਗਈ। ਜ਼ਿਲ੍ਹਾ ਗੁਰਦਾਸਪੁਰ ਵਿੱਚ ਡੇਰਾ ਬਾਬਾ ਨਾਨਕ ਵਿੱਚ ਇੱਕ ਤੇ ਤਲਵੰਡੀ ਰਾਮਾਂ ਵਿੱਚ ਦੋ ਨਕਲ ਦੇ ਕੇਸ ਫੜੇ ਗਏ ਹਨ। ਉਂਜ ਚੇਅਰਮੈਨ ਨੇ ਇਹ ਦਾਅਵਾ ਕੀਤਾ ਕਿ ਐਤਕੀਂ ਨਕਲ ਦੇ ਰੁਝਾਨ ਨੂੰ ਵੱਡੇ ਪੱਧਰ ’ਤੇ ਠੱਲ ਪਈ ਹੈ ਅਤੇ ਚੈਕਿੰਗ ਦੌਰਾਨ ਪਿਛਲੇ ਸਮਿਆਂ ਨਾਲੋਂ ਨਾਮਾਤਰ ਹੀ ਨਕਲ ਦੇ ਕੇਸ ਸਾਹਮਣੇ ਆ ਰਹੇ ਹਨ ਅਤੇ ਵੀਆਈਪੀ ਸ਼ਹਿਰ ਮੁਹਾਲੀ ਵਿੱਚ ਨਕਲ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ