Nabaz-e-punjab.com

ਪਹਿਲਕਦਮੀ: ਸਿੱਖਿਆ ਬੋਰਡ ਦੇ ਚੇਅਰਮੈਨ ਨੇ ਵੱਖ ਵੱਖ ਸ਼ਾਖਾਵਾਂ ਨਾਲ ਮੀਟਿੰਗਾਂ ਕਰਕੇ ਢਿੱਲੀਆਂ ਤਾਰਾਂ ਕਸੀਆਂ

ਲੇਖਾ ਸ਼ਾਖਾ ਤੇ ਅਮਲਾ ਸ਼ਾਖਾ ਦੀ ਢਿੱਲੀ ਕਾਰਗੁਜ਼ਾਰੀ ਪ੍ਰਤੀ ਨਾਰਾਜ਼ਗੀ ਪ੍ਰਗਟਾਈ, ਲੋੜ ਅਨੁਸਾਰ ਤਬਦੀਲੀਆਂ ਦੇ ਹੁਕਮ

ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਸੇਵਾਮੁਕਤੀ ਤੋਂ ਬਾਅਦ ਬਾਕੀ ਸਟਾਫ਼ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ: ਕਲੋਹੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਪਹਿਲਕਦਮੀ ਕਰਦਿਆਂ ਬੋਰਡ ਦੀ ਅਕਾਦਮਿਕ ਸ਼ਾਖਾ ਸਮੇਤ ਹੋਰ ਵੱਖ-ਵੱਖ ਸ਼ਾਖਾਵਾਂ ਦੇ ਕੰਮ ਕਾਰ ਨੂੰ ਚੁਸਤ-ਦਰੁਸਤ ਕਰਨ ਲਈ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਦੇ ਤਹਿਤ ਸ਼ੁੱਕਰਵਾਰ ਨੂੰ ਲੇਖਾ ਸ਼ਾਖਾ ਦੀ ਕਾਰਗੁਜ਼ਾਰੀ ਸਮੀਖਿਆ ਕੀਤੀ। ਇਸ ਮੌਕੇ ਬੋਰਡ ਮੁਖੀ ਨੇ ਲੇਖਾ ਸ਼ਾਖਾ ਦੀ ਢਿੱਲੀ ਕਾਰਗੁਜ਼ਾਰੀ ਪ੍ਰਤੀ ਸਖ਼ਤ ਨਾਰਾਜ਼ਗੀ ਪ੍ਰਗਟ ਕਰਦਿਆਂ ਮੌਕੇ ’ਤੇ ਹੀ ਤੁਰੰਤ ਕਈ ਤਬਦੀਲੀਆਂ ਕਰਨ ਦੇ ਹੁਕਮ ਦਿੱਤੇ। ਇੰਝ ਹੀ ਚੇਅਰਮੈਨ ਨੇ ਅਮਲਾ ਸ਼ਾਖਾ ਦੇ ਕਈ ਕਾਰਜਾਂ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟੀ ਪ੍ਰਗਟ ਕੀਤੀ। ਸਮੀਖਿਆ ਮੀਟਿੰਗ ਵਿੱਚ ਵਾਈਸ ਚੇਅਰਮੈਨ ਬਲਦੇਵ ਸਚਦੇਵਾ, ਸੰਯੁਕਤ ਸਕੱਤਰ ਜਨਕ ਰਾਜ ਮਹਿਰੋਕ ਅਤੇ ਕੰਪਿਊਟਰ ਸੈੱਲ ਦੀ ਡਾਇਰੈਕਟਰ ਸ੍ਰੀਮਤੀ ਨਵਨੀਤ ਕੌਰ ਵੀ ਮੌਜੂਦ ਸਨ।
ਸ੍ਰੀ ਕਲੋਹੀਆ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਸਮੇਂ ਦੀ ਲੋੜ ਅਜਿਹੀ ਹੈ ਕਿ ਹਰ ਮਹੀਨੇ ਬੋਰਡ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਹੋ ਰਹੀਆਂ ਸੇਵਾਮੁਕਤੀਆਂ ਦੇ ਬਾਵਜੂਦ ਫਿਲਹਾਲ ਨਵੀਂ ਭਰਤੀ ਉਵੇਂ ਹੀ ਤੇਜ਼ੀ ਨਾਲ ਕੀਤੀ ਜਾਣੀ ਸੰਭਵ ਨਹੀਂ ਹੈ। ਜਿਸ ਕਾਰਨ ਸਬੰਧਤ ਸ਼ਾਖਾ ਦੇ ਬਾਕੀ ਸਟਾਫ਼ ਨੂੰ ਫੌਰੀ ਤੌਰ ’ਤੇ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਿਯਮਾਂ ਤਹਿਤ ਵਧੀਕ ਚਾਰਜ ਅਲਾਉਂਸ ਦਿੱਤੇ ਜਾਣ ’ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ ਪ੍ਰੰਤੂ ਦਫ਼ਤਰੀ ਕੰਮ ਨੂੰ ਜਾਰੀ ਰੱਖਣਾ ਅਤੇ ਸੇਵਾਵਾਂ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਾ ਆਉਣ ਦੇਣਾ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਮੁੱਢਲਾ ਫਰਜ ਹੈ ਤਾਂ ਜੋ ਆਪਣੇ ਕੰਮਾਂ ਕਾਰਾਂ ਲਈ ਮੁੱਖ ਦਫ਼ਤਰ ਵਿੱਚ ਆਉਂਦੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ।
ਸ੍ਰੀ ਕਲੋਹੀਆ ਨੇ ਸਮੁੱਚੇ ਸਟਾਫ਼ ਨੂੰ ਕੰਪਿਊਟਰੀਕਰਨ ਦੀਆਂ ਨਵੀਆਂ ਜਾਣਕਾਰੀਆਂ ਨਾਲ ਲੈਸ ਹੋਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਰੀਆਂ ਬ੍ਰਾਂਚਾਂ ਦੇ ਦਫ਼ਤਰੀ ਸਟਾਫ਼ ਨੂੰ ਆਪਣੇ ਹੱਥੀਂ ਕੰਮ ਕਰਨ ਦੀ ਆਦਤ ਪਾਉਣੀ ਅਤੇ ਨਿਭਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਜ਼ਿੰਮੇਵਾਰੀ ਨਿਭਾਉਣ ਵਿੱਚ ਬਣਿਆਂ ਵਿਸ਼ਵਾਸ ਹੀ ਸੇਵਾਵਾਂ ਦੇਣ ਦੇ ਮਿਆਰ ਨੂੰ ਚੰਗਾ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਬੋਰਡ ਦੇ ਗੋਲਡਨ ਜੁਬਲੀ ਸਾਲ ਦੌਰਾਨ ਬੋਰਡ ਮੈਨੇਜਮੈਂਟ ਅਤੇ ਮੁਲਾਜ਼ਮਾਂ ਵਿੱਚ ਸਰਵੋਤਮ ਸਬੰਧ ਬਣਾਏ ਜਾਣ ਦੀ ਕੋਸ਼ਿਸ਼ ਦੇ ਚੰਗੇ ਨਤੀਜੇ ਸਾਹਮਦੇ ਆਉਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਕੂਲ ਬੋਰਡ ਦੀਆਂ ਸੇਵਾਵਾਂ ਮਿਸਾਲੀ ਬਣ ਸਕਣ। ਲੇਖਾ ਸ਼ਾਖਾ ਨੂੰ ਵੱਖ-ਵੱਖ ਕਾਰਜਾਂ ਬਾਰੇ ਹਦਾਇਤਾਂ ਜਾਰੀ ਕਰਦਿਆਂ ਚੇਅਰਮੈਨ ਨੇ ਕਿਹਾ ਕਿ ਲੇਖਾ ਅਤੇ ਅਮਲਾ ਸ਼ਾਖਾ ਲਈ ਇਹ ਜ਼ਰੂਰੀ ਹੈ ਕਿ ਸੇਵਾਮੁਕਤ ਮੁਲਾਜ਼ਮਾਂ ਅਤੇ ਅਧਿਕਾਰੀਆਂ ਤੋਂ ਇਲਾਵਾ ਬੋਰਡ ਨਾਲ ਸਬੰਧਤ ਦਿਹਾੜੀਦਾਰ ਕਾਮਿਆਂ ਅਤੇ ਚੌਥਾ ਦਰਜਾ ਮੁਲਾਜ਼ਮਾਂ ਦੇ ਕੰਮਾਂ ਨੂੰ ਪਹਿਲ ਦੇ ਅਧਾਰ ’ਤੇ ਕਰਨ ਤਾਂ ਜੋ ਆਮ ਲੋਕਾਂ ਅਤੇ ਦਫ਼ਤਰੀ ਕਰਮਚਾਰੀਆਂ ਵਿੱਚ ਬੋਰਡ ਦੀਆਂ ਸੇਵਾਵਾਂ ਪ੍ਰਤੀ ਵਚਨਬੱਧਤਾ ਅਤੇ ਭਰੋਸੇਯੋਗਤਾ ਵਿੱਚ ਵਿਸ਼ਵਾਸ ਬਣਿਆ ਰਹੇ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…