ਬਾਰ੍ਹਵੀਂ ਗਣਿਤ ਵਿਸ਼ੇ ਦੀ ਪ੍ਰੀਖਿਆ: ਚੇਅਰਮੈਨ ਵੱਲੋਂ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ, 32 ਬੱਚੇ ਮਿਲੇ ਗੈਰ ਹਾਜ਼ਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਲਈ ਬਾਰ੍ਹਵੀਂ ਸ਼੍ਰੇਣੀ ਦੀਆਂ ਸਾਲਾਨਾ ਪ੍ਰੀਖਿਆ ਦਾ ਅਮਲ ਸੁਚਾਰੂ ਪ੍ਰਬੰਧਾਂ ਅਧੀਨ ਨੇਪਰੇ ਚੜ ਗਿਆ। ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਵੱਲੋਂ ਸਰਹੱਦੀ ਇਲਾਕਿਆਂ ਵਿੱਚ ਵੱਖ ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕਰਕੇ ਅਚਨਚੇਤ ਚੈਕਿੰਗ ਕੀਤੀ ਗਈ। ਪੰਜਾਬ ਭਰ ਵਿੱਚ 1592 ਪ੍ਰੀਖਿਆ ਕੇਂਦਰਾਂ ਵਿੱਚ ਗਣਿਤ ਵਿਸ਼ੇ ਦੇ 55 ਹਜ਼ਾਰ 273 ਰੈਗੂਲਰ ਅਤੇ 679 ਓਪਨ ਸਕੂਲ ਦੇ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਸ ਦੌਰਾਨ ਫਿਰੋਜ਼ਪੁਰ ਵਿੱਚ 1 ਅਤੇ ਕਪੂਰਥਲਾ ਵਿੱਚ ਦੋ ਨਕਲ ਦੇ ਕੇਸ ਸਾਹਮਣੇ ਆਏ ਹਨ।
ਉਧਰ, ਜ਼ਿਲ੍ਹਾ ਤਰਨਤਾਰਨ ਦੀ ਤਹਿਸੀਲ ਪੱਟੀ ਵਿੱਚ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿੱਚ ਚੱਲ ਰਹੇ ਪੰਜ ਬਲਾਕਾਂ ਦੇ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਚੇਅਰਮੈਨ ਨੇ ਪੇਪਰ ਦੇ ਕੇ ਪ੍ਰੀਖਿਆ ਕੇਂਦਰਾਂ ’ਚੋਂ ਬਾਹਰ ਆ ਰਹੇ ਵਿਦਿਆਰਥੀਆਂ ਨਾਲ ਗਣਿਤ ਦੀ ਪ੍ਰੀਖਿਆ ਦੌਰਾਨ ਪ੍ਰੀਖਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਗੱਲ ਕੀਤੀ। ਵਿਦਿਆਰਥੀਆਂ ਨੇ ਦੱਸਿਆ ਕਿ ਗਣਿਤ ਵਿਸ਼ੇ ਦਾ ਪੇਪਰ ਕਾਫੀ ਅਸਾਨ ਸੀ ਅਤੇ ਉਨ੍ਹਾਂ ਨੂੰ ਪੇਪਰ ਹੱਲ ਵਿੱਚ ਕੋਈ ਮੁਸ਼ਕਲ ਨਹੀਂ ਆਈ।
ਸਕੂਲ ਬੋਰਡ ਦੇ ਦੱਸਿਆ ਕਿ ਚੈਕਿੰਗ ਦੌਰਾਨ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੇ ਬਲਾਕ ਨੰਬਰ-1ਵਿੱਚ 22 ’ਚੋਂ 8 ਪ੍ਰੀਖਿਆਰਥੀ ਗੈਰਹਾਜ਼ਰ ਮਿਲੇ। ਇੰਝ ਹੀ ਬਲਾਕ-2 ਵਿੱਚ ਸਿਰਫ਼ 2 ਵਿਦਿਆਰਥੀ ਹੀ ਪ੍ਰੀਖਿਆ ਦੇ ਰਹੇ ਸਨ। ਪਤਾ ਲੱਗਾ ਕਿ ਇਸ ਸੈਂਟਰ ਵਿੱਚ ਦੋ ਹੀ ਵਿਦਿਆਰਥੀਆਂ ਸਨ। ਬਲਾਕ-3 ਵਿੱਚ 27 ਬੱਚਿਆਂ ’ਚੋਂ 6 ਗੈਰਹਾਜ਼ਰ, ਬਲਾਕ-4 ਦੇ ਪ੍ਰੀਖਿਆ ਕੇਂਦਰ ਵਿੱਚ 225 ’ਚੋਂ 9 ਬੱਚੇ ਗੈਰਹਾਜ਼ਰ ਅਤੇ ਇਸੇ ਸਕੂਲ ਦੇ ਬਲਾਕ-5 ਵਿੱਚ 161 ਪ੍ਰੀਖਿਆਰਥੀਆਂ ’ਚੋਂ 9 ਬੱਚੇ ਇਮਤਿਹਾਨ ਦੇਣ ਤੋਂ ਗੈਰਹਾਜ਼ਰ ਪਾਏ ਗਏ।
ਸ੍ਰੀ ਕਲੋਹੀਆ ਨੇ ਦਾਅਵਾ ਕੀਤਾ ਕਿ ਪਿਛਲੇ ਸਾਲਾਂ ਨਾਲੋਂ ਐਤਕੀਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੌਰਾਨ ਨਕਲ ਨੂੰ ਵੱਡੇ ਪੱਧਰ ’ਤੇ ਨੱਥ ਪਾਈ ਗਈ ਹੈ। ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਦੇ ਪਹਿਲੇ ਦਿਨ ਦੀ ਘਟਨਾ ਨੂੰ ਛੱਡ ਕੇ ਬਾਕੀ ਪੇਪਰਾਂ ਦੀ ਪ੍ਰੀਖਿਆ ਸਬੰਧੀ ਚੈਕਿੰਗ ਦੌਰਾਨ ਨਾਮਾਤਰ ਹੀ ਨਕਲ ਦੇ ਕੇਸ ਸਾਹਮਣੇ ਆਏ ਹਨ ਜਦੋਂਕਿ ਇਸ ਤੋਂ ਪਹਿਲਾਂ ਸਰਹੱਦੀ ਇਲਾਕਿਆਂ ਵਿੱਚ ਵੱਡੇ ਪੱਧਰ ’ਤੇ ਨਕਲ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਸੀ। ਚੇਅਰਮੈਨ ਨੇ ਪ੍ਰੀਖਿਆਵਾਂ ਦੌਰਾਨ ਅਮਨ ਸ਼ਾਂਤੀ ਬਣਾਈ ਰੱਖਣ ਲਈ ਪ੍ਰੀਖਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਪ੍ਰੀਖਿਆ ਅਮਲੇ ਦਾ ਧੰਨਵਾਦ ਕੀਤਾ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…