ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਸ਼ਹਿਰ ’ਚ ਅਣਅਧਿਕਾਰਤ ਆਪਣੀ ਮੰਡੀਆਂ ਵਿਰੁੱਧ ਕਾਰਵਾਈ ਮੰਗੀ

ਅਣਅਧਿਕਾਰਤ ਮੰਡੀਆਂ ਬੰਦ ਕਰਵਾਉਣ ਲਈ ਚੇਅਰਮੈਨ ਨੇ ਡੀਸੀ ਨਾਲ ਕੀਤੀ ਮੁਲਾਕਾਤ

ਕਿਹਾ ਸਰਕਾਰੀ ਖ਼ਜ਼ਾਨੇ ਤੇ ਆਮ ਲੋਕਾਂ ਦਾ ਵੀ ਹੋ ਰਿਹੈ ਵਿੱਤੀ ਨੁਕਸਾਨ, ਡੀਸੀ ਵੱਲੋਂ ਕਾਰਵਾਈ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ:
ਮੁਹਾਲੀ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ‘ਆਪਣੀਆਂ ਸਬਜ਼ੀ ਮੰਡੀਆਂ’ ਮੁੜ ਚਾਲੂ ਹੋ ਗਈਆਂ ਹਨ ਪਰ ਕੁਝ ਥਾਵਾਂ ’ਤੇ ਅਣ-ਅਧਿਕਾਰਤ ਤੌਰ ’ਤੇ ਮੰਡੀਆਂ ਲਗਾਉਣ ਬਾਰੇ ਸੂਚਨਾ ਮਿਲੀ ਹੈ। ਇਨ੍ਹਾਂ ਨਾਜਾਇਜ਼ ਮੰਡੀਆਂ ਚੱਲਣ ਦਾ ਗੰਭੀਰ ਨੋਟਿਸ ਲੈਂਦਿਆਂ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਨੇ ਮੁਹਾਲੀ ਵਿਖੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨਾਲ ਮੁਲਾਕਾਤ ਕੀਤੀ ਅਤੇ ਸਮੁੱਚਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਉਂਦਿਆਂ ਕਥਿਤ ਗੈਰਕਾਨੂੰਨੀ ਮੰਡੀਆਂ ਨੂੰ ਤੁਰੰਤ ਬੰਦ ਕਰਵਾਉਣ ਦੀ ਮੰਗ ਕੀਤੀ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਇੱਥੋਂ ਦੇ ਸੈਕਟਰ-78, ਫੇਜ਼-11, ਸੈਕਟਰ-71, ਸੈਕਟਰ-68, ਫੇਜ਼-6 ਸਮੇਤ ਕੁੱਝ ਹੋਰਨਾਂ ਥਾਵਾਂ ’ਤੇ ਵੱਖ-ਵੱਖਰੇ ਦਿਨ ਅਣ-ਅਧਿਕਾਰਤ ਮੰਡੀਆਂ ਲਗਦੀਆਂ ਹਨ। ਜਿਸ ਕਾਰਨ ਮਾਰਕੀਟ ਕਮੇਟੀ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ। ਮੰਡੀਆਂ ਵਿੱਚ ਰੇਹੜੀ-ਫੜੀ ਵਾਲੇ ਵੀ ਅਪਣਾ ਸਮਾਨ ਵੇਚਦੇ ਹਨ। ਚੇਅਰਮੈਨ ਨੇ ਇਸ ਸਬੰਧੀ ਡੀਸੀ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਮੰਡੀ ਬੋਰਡ ਦੀ ਨਿਗਰਾਨੀ ਹੇਠ ਲੱਗਣ ਵਾਲੀਆਂ ‘ਆਪਣੀਆਂ ਮੰਡੀਆਂ’ ਕਾਫ਼ੀ ਸਮੇਂ ਤੋਂ ਬੰਦ ਸਨ, ਜਿਸ ਕਾਰਨ ਮਾਰਕੀਟ ਕਮੇਟੀ ਨੂੰ ਪਹਿਲਾਂ ਹੀ ਕਾਫ਼ੀ ਵਿੱਤੀ ਨੁਕਸਾਨ ਝੱਲਣਾ ਪਿਆ ਅਤੇ ਹੁਣ ਇਨ੍ਹਾਂ ਅਣਅਧਿਕਾਰਤ ਮੰਡੀਆਂ ਕਾਰਨ ਕਾਫੀ ਵਿੱਤੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਡੀਆਂ ਵਿੱਚ ਲੋਕਾਂ ਦੀ ਲੁੱਟ ਵੀ ਹੁੰਦੀ ਹੈ ਕਿਉਂਕਿ ਰੇਹੜੀਆਂ-ਫੜ੍ਹੀਆਂ ਵਾਲੇ ਆਪਣੀ ਮਰਜ਼ੀ ਦੇ ਭਾਅ ’ਤੇ ਸਬਜ਼ੀਆਂ ਅਤੇ ਫਲ ਵੇਚਦੇ ਹਨ ਜਦੋਂਕਿ ਇਹ ਵਸਤੂਆਂ ਪੱਕੀ ਮੰਡੀ ਵਿੱਚ ਤੈਅ ਕੀਮਤਾਂ ’ਤੇ ਵੇਚੀਆਂ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਸ੍ਰੀ ਸ਼ਰਮਾ ਨੇ ਕੁਝ ਸਮਾਂ ਪਹਿਲਾਂ ਪੁਲੀਸ ਦੀ ਮਦਦ ਨਾਲ ਫੇਜ਼-11 ਵਿੱਚ ਲੱਗਦੀ ਨਾਜਾਇਜ਼ ਮੰਡੀ ਬੰਦ ਕਰਵਾਈ ਗਈ ਸੀ ਪਰ ਇਹ ਮੰਡੀ ਮੁੜ ਚਾਲੂ ਹੋ ਗਈ ਹੈ। ਚੇਅਰਮੈਨ ਨੇ ਦੱਸਿਆ ਕਿ ਡੀਸੀ ਗਿਰੀਸ਼ ਦਿਆਲਨ ਨੇ ਭਰੋਸਾ ਦਿੱਤਾ ਹੈ ਕਿ ਅਜਿਹੀਆਂ ਗੈਰ-ਕਾਨੂੰਨੀ ਮੰਡੀਆਂ ਨੂੰ ਤੁਰੰਤ ਬੰਦ ਕਰਵਾਇਆ ਜਾਵੇਗਾ।

Load More Related Articles

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 3 ਮਈ: ਇੱਥੋਂ ਦੇ ਇਤਿਹਾਸ…