
ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਨੇ ਚੱਪੜਚਿੜੀ ਮੰਡੀ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਦਾ ਲਿਆ ਜਾਇਜ਼ਾ
ਅਨਾਜ ਮੰਡੀਆਂ ਵਿੱਚ ਬਾਰਦਾਨੇ ਦੀ ਹੁਣ ਕੋਈ ਸਮੱਸਿਆ ਨਹੀਂ: ਸ਼ਰਮਾ
ਖਰੜ ਮਾਰਕੀਟ ਕਮੇਟੀ ਅਧੀਨ ਹੁਣ ਤੱਕ 184597 ਕੁਇੰਟਲ ਕਣਕ ਦੀ ਖ਼ਰੀਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਪਰੈਲ:
ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਨੇ ਅੱਜ ਚੱਪੜਚਿੜੀ ਜੰਗੀ ਯਾਦਗਾਰ ਨੇੜੇ ਕਿਸਾਨਾਂ ਦੀ ਸਹੂਲਤ ਲਈ ਸਥਾਪਿਤ ਸੀਜ਼ਨਲ ਖ਼ਰੀਦ ਕੇਂਦਰ ਦਾ ਦੌਰਾ ਕਰਕੇ ਕਿਸਾਨਾਂ ਨਾਲ ਗੱਲ ਕੀਤੀ ਅਤੇ ਕਣਕ ਦੀ ਸਰਕਾਰੀ ਖ਼ਰੀਦ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਖਰੜ ਅਧੀਨ ਆਉਂਦੀਆਂ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿੱਚ ਸਰਕਾਰੀ ਖ਼ਰੀਦ ਅਤੇ ਲਿਫ਼ਟਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ 1 ਲੱਖ 84 ਹਜ਼ਾਰ 597 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਚੱਪੜਚਿੜੀ ਮੰਡੀ ਵਿੱਚ 12 ਹਜ਼ਾਰ 474 ਕੁਇੰਟਲ ਕਣਕ ਦੀ ਖ਼ਰੀਦੀ ਗਈ ਹੈ। ਜਿਸ ’ਚੋਂ 7520 ਕੁਇੰਟਲ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ। ਇੰਜ ਭਾਗੋਮਾਜਰਾ ਮੰਡੀ ਵਿੱਚ 21848 ਕੁਇੰਟਲ, ਸਨੇਟਾ ਵਿੱਚ 11311 ਕੁਇੰਟਲ, ਦਾਊਂ ਮਾਜਰਾ ਮੰਡੀ ਵਿੱਚ 32987 ਕੁਇੰਟਲ, ਰੁੜਕੀ ਪੁਖ਼ਤਾ ਵਿੱਚ 19932 ਕੁਇੰਟਲ ਅਤੇ ਖਰੜ ਮੰਡੀ ਵਿੱਚ 95045 ਕੁਇੰਟਲ ਕਣਕ ਦੀ ਖ਼ਰੀਦੀ ਜਾ ਚੁੱਕੀ ਹੈ।
ਚੇਅਰਮੈਨ ਨੇ ਕਿਹਾ ਕਿ ਮੰਡੀਆਂ ਵਿੱਚ ਹੁਣ ਬਾਰਦਾਨੇ ਦੀ ਕੋਈ ਸਮੱਸਿਆ ਨਹੀਂ ਹੈ। ਮੌਸਮ ਦੀ ਬੇਰੁਖ਼ੀ ਨੂੰ ਦੇਖਦੇ ਹੋਏ ਕਣਕ ਦੀ ਖ਼ਰੀਦ ਦੇ ਕੰਮ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਤੇਜ਼ੀ ਲਿਆਂਦੀ ਗਈ ਹੈ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾ ਰਹੀ ਅਤੇ ਜਿੱਥੇ ਕਿਤੇ ਮਾੜੀ-ਮੋਟੀ ਸਮੱਸਿਆ ਹੈ, ਉਹ ਤੁਰੰਤ ਦੂਰ ਕੀਤੀ ਜਾ ਰਹੀ ਹੈ।
ਉਨ੍ਹਾਂ ਮੰਡੀ ਵਿੱਚ ਆਪਣੀ ਫਸਲ ਵੇਚਣ ਆਏ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਮੰਡੀ ਵਿੱਚ ਪੁੱਜੀ ਕਣਕ ਦਾ ਦਾਣਾ ਦਾਣਾ ਖ਼ਰੀਦਿਆਂ ਜਾਵੇਗਾ। ਉਨ੍ਹਾਂ ਕਿਸਾਨਾਂ, ਪੱਲੇਦਾਰਾਂ ਅਤੇ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਹਰ ਸਮੇਂ ਮਾਸਕ ਪਾ ਕੇ ਰੱਖਣ, ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰੱਖਿਆ ਜਾਵੇ ਅਤੇ ਵਾਰ-ਵਾਰ ਹੱਥ ਧੋਏ ਜਾਣ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਇੰਦਰਜੀਤ ਸਿੰਘ, ਆਕਸ਼ਨ ਰੀਕਾਰਡਰ ਲਖਵਿੰਦਰ ਸਿੰਘ, ਐਫ਼ਸੀਆਈ ਦੇ ਇੰਸਪੈਕਟਰ ਅਨੁਜ ਸ਼ਰਮਾ, ਆੜ੍ਹਤੀ ਨਰਿੰਦਰ ਸ਼ਰਮਾ, ਸ਼ੁਭਮ ਸ਼ੇਖ਼ਰ ਅਤੇ ਕਿਸਾਨ ਤੇ ਹੋਰ ਪਤਵੰਤੇ ਮੌਜੂਦ ਸਨ।