
ਸਿੱਖਿਆ ਬੋਰਡ ਭਵਨ ਵਿਖੇ ਚੇਅਰਮੈਨ ਨੇ ਤਿਰੰਗਾ ਲਹਿਰਾਇਆ
ਕਰੋਨਾ ਵਿਰੁੱਧ ਜੰਗ ਵਿੱਚ ਸਕੂਲ ਬੋਰਡ ਨੱ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ: ਯੋਗਰਾਜ
ਨਬਜ਼-ਏ-ਪੰਜਾਬ, ਮੁਹਾਲੀ, 26 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ, ਵਿੱਦਿਆ ਭਵਨ ਵਿਖੇ ਦੇਸ਼ ਦੇ 72ਵੇਂ ਗਣਤੰਤਰ ਦਿਵਸ ਦੇ ਮੌਕੇ ਮੰਗਲਵਾਰ ਨੂੰ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. (ਡਾ.) ਯੋਗਰਾਜ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਸਿੱਖਿਆ ਬੋਰਡ ਅਤੇ ਪੰਜਾਬ ਪੁਲੀਸ ਦੀ ਟੁਕੜੀ ਨੇ ਵੀ ਕੌਮੀ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ ਦੇਸ਼ ਭਗਤੀ ਦੀਆਂ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਗਏ।
ਚੇਅਰਮੈਨ ਪ੍ਰੋ. (ਡਾ.) ਯੋਗਰਾਜ ਵੱਲੋਂ ਇਸ ਮੌਕੇ ਆਪਣੇ ਸੰਬੋਧਨ ਵਿੱਚ ਸਿੱਖਿਆ ਬੋਰਡ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੰਦੇ ਹੋਏ ਇਸ ਦਿਨ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਗਣਤੰਤਰ ਦਿਵਸ ਜਿੱਥੇ ਸਾਨੂੰ ਆਜ਼ਾਦ ਹੋਣ ਦਾ ਅਹਿਸਾਸ ਕਰਵਾਉਂਦਾ ਹੈ, ਉੱਥੇ ਹੀ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਹੋਣ ਅਤੇ ਆਪਣੇ ਉੱਤੇ ਸਮਾਜਿਕ ਜ਼ਾਬਤਾ ਬਣਾਈ ਰੱਖਣ ਦਾ ਅਹਿਸਾਸ ਵੀ ਕਰਵਾਉਂਦਾ ਹੈ।
ਚੇਅਰਮੈਨ ਪ੍ਰੋ. (ਡਾ.) ਯੋਗਰਾਜ ਨੇ ਮੌਜੂਦਾ ਹਾਲਾਤ ਦਾ ਜ਼ਿਕਰ ਕਰਦਿਆਂ ਕਰੋਨਾ ਵਿਰੁੱਧ ਜੰਗ ਲੜਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2020 ਵਿੱਚ ਨਿਭਾਈਆ ਆਪਣੀਆਂ ਜਿੰਮੇਵਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਾਲ 2021 ਵਿੱਚ ਆਉਣ ਵਾਲੀਆਂ ਚੁਣੌਤੀਆਂ ਲਈ ਬੋਰਡ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਸਬੰਧੀ ਵੀ ਚਰਚਾ ਕੀਤੀ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਜਿਉਂ ਜਿਉਂ ਹਾਲਾਤ ਸੁਖਾਵੇਂ ਹੁੰਦੇ ਜਾਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਰੇ ਕਾਰਜਾਂ ਵਿੱਚ ਹੋਰ ਬਿਹਤਰੀ ਲਿਆਂਦੀ ਜਾਵੇਗੀ।
ਪ੍ਰੋ. (ਡਾ.) ਯੋਗਰਾਜ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੁਲਾਜ਼ਮ ਜਥੇਬੰਦੀ ਵੱਲੋਂ ਸੰਸਥਾ ਵਿੱਚ ਬਹੁਤ ਵਧੀਆ ਅਨੁਸਾਸ਼ਨ ਅਤੇ ਕੰਮ-ਕਾਜ ਦਾ ਮਾਹੌਲ ਬਣਾਉਣ ਲਈ ਆਪਣਾ ਯੋਗਦਾਨ ਪਾਏ ਜਾਣ ਦਾ ਉਚੇਚਾ ਵਰਨਣ ਕੀਤਾ ਅਤੇ ਜਥੇਬੰਦੀ ਵੱਲੋਂ ਬੋਰਡ ਨੂੰ ਬੁਲੰਦੀਆਂ ਦੇ ਪਹੁੰਚਾਉਣ ਲਈ ਮੈਨੇਜਮੈਂਟ ਦਾ ਸਾਥ ਦੇਣ ਦੀ ਆਸ ਰੱਖਦਿਆਂ ਕਿਹਾ ਕਿ ਬੋਰਡ ਦੀ ਕਾਰਜਕੁਸ਼ਲਤਾ ਵਧਾਉਣ ਲਈ ਮੁਲਾਜ਼ਮ ਜੱਥੇਬੰਦੀ ਦੇ ਮੈਂਬਰਾਂ ਅਤੇ ਬੋਰਡ ਅਧਿਕਾਰੀਆਂ, ਕਰਮਚਾਰੀਆਂ ਵਿੱਚੋਂ ਕੋਈ ਵੀ ਆਪਣਾ ਸੁਝਾਅ ਦੇਣਾ ਚਾਹੁੰਦਾ ਹੈ ਤਾ ਉਹ ਬਿਨਾਂ ਝਿਜਕ ਉਨ੍ਹਾਂ ਨੂੰ ਮਿਲ ਸਕਦਾ ਹੈ। ਉਨ੍ਹਾਂ ਦੇ ਦਫ਼ਤਰ ਦੇ ਦਰਵਾਜ਼ੇ ਸਾਰਿਆਂ ਲਈ ਹਮੇਸ਼ਾ ਖੁੱਲੇ ਰਹਿਣਗੇ। ਇਸ ਮਗਰੋਂ ਸਮਾਗਮ ਵਿੱਚ ਸ਼ਾਮਲ ਸਾਰੇ ਅਧਿਕਾਰੀਆ/ਕਰਮਚਾਰੀਆਂ ਨੂੰ ਮਿਠਾਈ ਵੀ ਵੰਡੀ ਗਈ।
ਸਿੱਖਿਆ ਬੋਰਡ ਵਿਖੇ ਮਨਾਏ ਗਏ ਗਣਤੰਤਰ ਦਿਵਸ ਸਮਾਰੋਹ ਵਿੱਚ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ, ਕੰਟਰੋਲਰ (ਪ੍ਰੀਖਿਆਵਾਂ) ਜੇ ਆਰ ਮਹਿਰੋਕ, ਉਪ ਸਕੱਤਰ ਗੁਰਤੇਜ ਸਿੰਘ, ਮਨਮੀਤ ਸਿੰਘ ਭੱਠਲ, ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਸਮੇਤ ਸਮੂਹ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਹੋਏ।