Nabaz-e-punjab.com

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਮੈਨੀ ਲਈ ਰਾਹ ਪੱਧਰਾ, 37 ’ਚੋਂ 5 ਉਮੀਦਵਾਰ ਸ਼ਾਟ ਲਿਸਟ

ਸੇਵਾਮੁਕਤ ਆਈਏਐਸ ਅਫ਼ਸਰਾਂ ਤੇ ਸਿੱਖਿਆ ਸ਼ਾਸਤਰੀਆਂ ’ਚ ਚੇਅਰਮੈਨੀ ਲਈ ਲੱਗੀ ਦੌੜ

ਤਤਕਾਲੀ ਮੁੱਖ ਸਕੱਤਰ ਦੀ ਅਗਵਾਈ ਵਾਲੀ ਵਿਸ਼ੇਸ਼ ਕਮੇਟੀ ਨੇ ਮੁੱਖ ਮੰਤਰੀ ਨੂੰ ਭੇਜੀ ਸੀ 5 ਨਾਵਾਂ ਦੀ ਸਿਫ਼ਾਰਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੁਲਾਈ:
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਮੈਨੀ ਲਈ ਹੁਣ ਰਾਹ ਪੱਧਰਾ ਹੋ ਗਿਆ ਹੈ। ਬੋਰਡ ਦਾ ਚੇਅਰਮੈਨ ਲੱਗਣ ਲਈ ਸੇਵਾਮੁਕਤ ਆਈਏਐਸ ਅਫ਼ਸਰਾਂ ਅਤੇ ਸਿੱਖਿਆ ਸ਼ਾਸਤਰੀਆਂ ਵਿੱਚ ਦੌੜ ਲੱਗੀ ਹੋਈ ਹੈ। ਬੋਰਡ ਦੇ ਦਫ਼ਤਰੀ ਸੂਤਰਾਂ ਦੀ ਜਾਣਕਾਰੀ ਅਨੁਸਾਰ ਇਸ ਸਬੰਧੀ ਪੰਜਾਬ ਦੇ ਤਤਕਾਲੀ ਮੁੱਖ ਸਕੱਤਰ ਦੀ ਅਗਵਾਈ ਵਾਲੀ ਵਿਸ਼ੇਸ਼ ਕਮੇਟੀ ਨੇ ਚੇਅਰਮੈਨ ਦੀ ਨਿਯੁਕਤੀ ਲਈ ਪੰਜ ਉਮੀਦਵਾਰ ਸ਼ਾਟ ਲਿਸਟ ਕੀਤੇ ਹਨ। ਜਿਨ੍ਹਾਂ ਵਿੱਚ ਤਿੰਨ ਸੇਵਾਮੁਕਤ ਆਈਏਐਸ ਅਫ਼ਸਰ ਅਤੇ ਦੋ ਸਿੱਖਿਆ ਸ਼ਾਸਤਰੀ ਸ਼ਾਮਲ ਹਨ।
ਦੱਸਿਆ ਗਿਆ ਹੈ ਕਿ ਅਸ਼ੋਕ ਕੁਮਾਰ ਮਲਿਕ, ਰੋਸ਼ਨ ਸੰਕਾਰੀਆਂ, ਏਐਸ ਮਿਗਲਾਨੀ (ਤਿੰਨੇ ਸੇਵਾਮੁਕਤ ਆਈਏਐਸ ਅਫ਼ਸਰ) ਜਦੋਂਕਿ ਸਿੱਖਿਆ ਸ਼ਾਸਤਰੀਆਂ ’ਚੋਂ ਸ਼ਰਨਜੀਤ ਸਿੰਘ ਢਿੱਲੋਂ ਅਤੇ ਯੋਗਰਾਜ ਸਿੰਘ ’ਚੋਂ ਕਿਸੇ ਇਕ ਨੂੰ ਚੇਅਰਮੈਨੀ ਦੇਣ ਲਈ ਮੁੱਖ ਮੰਤਰੀ ਨੂੰ ਸਿਫ਼ਾਰਸ਼ ਕੀਤੀ ਗਈ ਹੈ, ਪ੍ਰੰਤੂ ਅਜੇ ਤਾਈਂ ਅੰਤਿਮ ਫੈਸਲਾ ਨਹੀਂ ਲਿਆ ਜਾ ਸਕਿਆ ਹੈ। ਇਹ ਵੀ ਚਰਚਾ ਹੈ ਕਿ ਸ਼ਾਟ ਲਿਸਟ ਕੀਤੇ ਪੰਜ ਉਮੀਦਵਾਰਾਂ ਦੇ ਨਾਵਾਂ ਵਿੱਚ ਫੇਰਬਦਲ ਹੋ ਸਕਦਾ ਹੈ ਕਿਉਂਕਿ ਇਹ ਸਿਫਾਰਸ਼ ਤਤਕਾਲੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਕਮੇਟੀ ਨੇ ਕੀਤੀ ਸੀ। ਸ਼ਾਇਦ ਇਸੇ ਕਾਰਨ ਕਿਸੇ ਦੇ ਸਿਰ ’ਤੇ ਚੇਅਰਮੈਨੀ ਦਾ ਤਾਜ਼ ਨਹੀਂ ਸਜਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਸਕੂਲ ਬੋਰਡ ਦਾ ਚੇਅਰਮੈਨ ਲੱਗਣ ਦੇ ਚਾਹਵਾਨ ਵਿਅਕਤੀਆਂ ਤੋਂ 22 ਮਈ (ਸ਼ਾਮ 5 ਵਜੇ) ਤੱਕ ਅਰਜ਼ੀਆਂ ਮੰਗੀਆਂ ਸਨ। ਅਖ਼ਬਾਰ ਵਿੱਚ ਇਹ ਇਸ਼ਤਿਹਾਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਕ ਜੱਜ ਸਮੇਤ ਪੰਜ ਸੇਵਾਮੁਕਤ ਆਈਏਐਸ ਅਫ਼ਸਰਾਂ, ਇਕ ਸਾਬਕਾ ਏਡੀਸੀ, ਬੋਰਡ ਦੇ ਸਾਬਕਾ ਸਕੱਤਰ ਅਤੇ ਕੁਝ ਸਿੱਖਿਆ ਸ਼ਾਸਤਰੀਆਂ ਸਮੇਤ ਕਰੀਬ 37 ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਸਨ। ਸੂਤਰਾਂ ਦੀ ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਮਲਿਕ, ਰੋਸ਼ਨ ਸੰਕਾਰੀਆਂ, ਮਨਜੀਤ ਸਿੰਘ ਨਾਰੰਗ, ਏਐਸ ਮਿਗਲਾਨੀ, ਐਚਐਸ ਨੰਦਾ (ਸੇਵਾਮੁਕਤ ਆਈਏਐਸ ਅਫ਼ਸਰ), ਸਾਬਕਾ ਏਡੀਸੀ ਚਰਨਦੇਵ ਸਿੰਘ ਮਾਨ, ਸਿੱਖਿਆ ਸ਼ਾਸਤਰੀਆਂ ਵਿੱਚ ਸਕੂਲ ਬੋਰਡ ਦੇ ਸਾਬਕਾ ਸਕੱਤਰ ਡਾ. ਬਲਵਿੰਦਰ ਸਿੰਘ, ਹਿੰਦੂ ਕਾਲਜ ਅੰਮ੍ਰਿਤਸਰ ਦੇ ਪ੍ਰਿੰਸਪੀਲ ਪਰਮਜੀਤ ਸਿੰਘ ਜੋ ਕਿ ਬੋਰਡ ਆਫ਼ ਡਾਇਰੈਕਟਰ ਦੇ ਮੈਂਬਰ ਵੀ ਹਨ, ਪੰਜਾਬ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਸ਼ਰਮਾ ਨੇ ਚੇਅਰਮੈਨ ਲੱਗਣ ਦੀ ਇੱਛਾ ਪ੍ਰਗਟਾਈ ਸੀ। ਜਦੋਂਕਿ ਬੋਰਡ ਆਫ਼ ਡਾਇਰੈਕਟਰ ਦੇ ਇਕ ਮੈਂਬਰ ਮੋਹਨ ਲਾਲ ਸ਼ਰਮਾ ਨੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੋ ਅਹੁਦਿਆਂ ਲਈ ਵੱਖੋ-ਵੱਖ ਅਰਜ਼ੀਆਂ ਦਿੱਤੀਆਂ ਸਨ।
ਏਐਸ ਮਿਗਲਾਨੀ ਨੂੰ ਚੇਅਰਮੈਨੀ ਦੇਣ ਦੇ ਚਰਚੇ ਜ਼ੋਰਾਂ ’ਤੇ ਹਨ ਪ੍ਰੰਤੂ ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਮੁੱਖ ਮੰਤਰੀ ਕਿਸੇ ਹਿੰਦੂ ਅਫ਼ਸਰ ਨੂੰ ਚੇਅਰਮੈਨ ਦੀ ਜ਼ਿੰਮੇਵਾਰੀ ਦੇ ਸਕਦੇ ਹਨ। ਕਿਉਂਕਿ ਸੂਬੇ ਵਿੱਚ ਜ਼ਿਆਦਾਤਰ ਅਹਿਮ ਉੱਚ ਅਹੁਦਿਆਂ ’ਤੇ ਹਿੰਦੂ ਵਰਗ ਦੇ ਅਧਿਕਾਰੀ ਤਾਇਨਾਤ ਹਨ।
(ਬਾਕਸ ਆਈਟਮ)
ਸੂਤਰ ਇਹ ਵੀ ਦੱਸਦੇ ਹਨ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਪਿੱਛੇ ਜਿਹੇ ਡੀਪੀਆਈ (ਐਲੀਮੈਂਟਰੀ) ਦੇ ਅਹੁਦੇ ਤੋਂ ਸੇਵਾਮੁਕਤ ਹੋਏ ਇੰਦਰਜੀਤ ਸਿੰਘ ਨੂੰ ਬੋਰਡ ਦੀ ਚੇਅਰਮੈਨੀ ਦੇਣ ਦੇ ਹੱਕ ਵਿੱਚ ਸਨ ਅਤੇ ਅਧਿਕਾਰੀ ਨੂੰ ਚੇਅਰਮੈਨੀ ਲਈ ਅਰਜ਼ੀ ਦੇਣ ਲਈ ਵੀ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਇਹ ਸਿਆਸੀ ਅਹੁਦਾ ਹੋਣ ਕਾਰਨ ਅਰਜ਼ੀ ਨਹੀਂ ਦਿੱਤੀ।
(ਬਾਕਸ ਆਈਟਮ)
ਇਸ ਸਮੇਂ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਫ਼ਤਰੀ ਕੰਮ ਰੱਬ ਆਸਰੇ ਚੱਲ ਰਿਹਾ ਹੈ। ਬੋਰਡ ਦੇ ਚੇਅਰਮੈਨ ਸਮੇਤ ਸਕੱਤਰ, ਕੰਟਰੋਲਰ (ਪ੍ਰੀਖਿਆਵਾਂ) ਅਤੇ ਡਾਇਰੈਕਟਰ (ਅਕਾਦਮਿਕ) ਆਦਿ ਮਹੱਤਵਪੂਰਨ ਅਹੁਦਿਆਂ ਦਾ ਕੰਮ ਦੂਜੇ ਅਧਿਕਾਰੀਆਂ ਨੂੰ ਵਾਧੂ ਚਾਰਜ ਦੇ ਕੇ ਡੰਗ ਸਾਰਿਆਂ ਜਾ ਰਿਹਾ ਹੈ।
ਸੂਬਾ ਸਰਕਾਰ ਨੇ ਰਾਜਸਥਾਨ 1983 ਬੈਚ ਦੇ ਆਈਏਐਸ ਮਨੋਹਰ ਕਾਂਤ ਕਲੋਹੀਆ ਨੂੰ 26 ਫਰਵਰੀ 2018 ਨੂੰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਪ੍ਰੰਤੂ ਉਹ ਇਕ ਸਾਲ ਵੀ ਨਹੀਂ ਟਿੱਕ ਸਕੇ ਕਿਉਂਕਿ 25 ਨਵੰਬਰ 2019 ਨੂੰ ਚੇਅਰਮੈਨ ਦੀ ਉਮਰ 66 ਸਾਲ ਦੀ ਹੋਣ ਕਾਰਨ ਉਹ ਇਕ ਦਿਨ ਪਹਿਲਾਂ 24 ਨਵੰਬਰ ਨੂੰ ਛੁੱਟੀ ’ਤੇ ਚਲੇ ਗਏ।
ਇਸ ਮਗਰੋਂ ਸਰਕਾਰ ਵੱਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਬੋਰਡ ਦਾ ਦਫ਼ਤਰੀ ਕੰਮ ਚਲਾਉਣ ਲਈ ਚੇਅਰਮੈਨ ਦਾ ਵਾਧੂ ਚਾਰਜ ਦਿੱਤਾ ਗਿਆ। ਪ੍ਰੰਤੂ ਉਨ੍ਹਾਂ ਕੋਲ ਪਹਿਲਾਂ ਹੀ ਸਿੱਖਿਆ ਵਿਭਾਗ ਦਾ ਵਾਧੂ ਕੰਮ ਹੋਣ ਕਰਕੇ ਬੋਰਡ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਵਾਈਸ ਚੇਅਰਮੈਨ ਬਲਦੇਵ ਸਚਦੇਵਾ ਵੀ ਬੀਤੀ 13 ਜਨਵਰੀ ਨੂੰ ਸੇਵਾਮੁਕਤ ਹੋ ਚੁੱਕੇ ਹਨ। ਇੰਝ ਹੀ ਸਕੱਤਰ ਦੀ ਆਸਾਮੀ ਦਾ ਵਾਧੂ ਚਾਰਜ ਡੀਜੀਐਸਈ ਮੁਹੰਮਦ ਤਈਅਬ ਨੂੰ ਦਿੱਤਾ ਹੋਇਆ ਹੈ। ਇੰਜ ਹੀ ਹੋਰ ਕਈ ਅਹੁਦਿਆਂ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…