
ਟਰੈਫ਼ਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ 35 ਬੱਸਾਂ ਦੇ ਚਲਾਨ ਅਤੇ 5 ਬੱਸਾਂ ਕੀਤੀਆਂ ਜ਼ਬਤ
ਐਸਡੀਐਮ ਜਗਦੀਪ ਸਹਿਗਲ ਅਤੇ ਆਰਟੀਏ ਸੁਖਵਿੰਦਰ ਕੁਮਾਰ ਵੱਲੋਂ ਸਕੂਲ ਬੱਸਾਂ ਦੀ ਅਚਨਚੇਤ ਚੈਕਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਨਵੰਬਰ:
ਮੁਹਾਲੀ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਜਗਦੀਪ ਸਹਿਗਲ ਦੀ ਅਗਵਾਈ ਹੇਠ ਸਕੱਤਰ ਆਰਟੀਏ ਸੁਖਵਿੰਦਰ ਕੁਮਾਰ ਨੇ ਅੱਜ ਵੱਖ-ਵੱਖ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਕਈ ਖ਼ਾਮੀਆਂ ਮਿਲੀਆਂ। ਅਧਿਕਾਰੀਆਂ ਨੇ ਸਕੂਲ ਪ੍ਰਬੰਧਕਾਂ ਨੂੰ ਖ਼ਾਮੀਆਂ ਦੂਰ ਕਰਨ ਅਤੇ ਨਿਯਮਾਂ ਦੀ ਪਾਲਣਾ ਕਰਨ ਦਾ ਪਾਠ ਪੜ੍ਹਾਇਆ। ਐਸਡੀਐਮ ਨੇ ਵੱਖ-ਵੱਖ ਸਕੂਲਾਂ ਦੇ ਪ੍ਰਬੰਧਕਾਂ ਨੂੰ ਵਿਦਿਆਰਥੀਆਂ ਨੂੰ ਸੁਰੱਖਿਅਤ ਬੱਸ ਸਰਵਿਸ ਮੁਹੱਈਆ ਕਰਵਾਉਣ ਅਤੇ ਸੁਰੱਖਿਅਤ ਸਕੂਲ ਵਾਹਨ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨਾ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਦਿੱਤੀਆਂ।
ਸਕੱਤਰ ਆਰਟੀਏ ਸੁਖਵਿੰਦਰ ਕੁਮਾਰ ਨੇ ਚੈਕਿੰਗ ਮੁਹਿੰਮ ਦੌਰਾਨ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ 35 ਸਕੂਲ ਬੱਸਾਂ ਦੇ ਚਲਾਨ ਕੀਤੇ ਗਏ ਜਦੋਂਕਿ ਪੰਜ ਸਕੂਲ ਬੱਸਾਂ ਨੂੰ ਜ਼ਬਤ ਕੀਤਾ ਗਿਆ। ਉਨ੍ਹਾਂ ਸਕੂਲ ਬੱਸਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਸੇਫ ਸਕੂਲ ਵਾਹਨ ਸਕੀਮ ਤਹਿਤ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨਾ ਯਕੀਨੀ ਬਣਾਉਣ। ਬੱਸ ਵਿੱਚ ਫਾਸਟਏਡ ਬਾਕਸ ਅਤੇ ਬੱਸ ਤੇ ਸਕੂਲ ਦਾ ਨਾਂ ਅਤੇ ਟੈਲੀਫੋਨ ਨੰਬਰ ਲਿਖਿਆ ਜਾਵੇ। ਬੱਸ ਚਾਲਕ ਕੋਲ ਘੱਟੋ-ਘੱਟ 5 ਸਾਲ ਦਾ ਤਜਰਬਾ ਅਤੇ ਹੈਵੀ ਲਾਇਸੈਂਸ ਹੋਣਾ ਚਾਹੀਦਾ ਹੈ। ਬੱਸ ਦੇ ਕਲੀਨਰ ਅਤੇ ਚਾਲਕ ਨੂੰ ਵਰਦੀ ਪਹਿਨਣਾ ਲਾਜ਼ਮੀ ਦੇ ਨਾਲ-ਨਾਲ ਸਮੇਂ ਸਮੇਂ ਸਿਰ ਉਨ੍ਹਾਂ ਦਾ ਮੈਡੀਕਲ ਚੈੱਕਅਪ ਕਰਵਾਇਆ ਜਾਵੇ। ਜੇਕਰ ਬੱਸ ਕੇਵਲ ਲੜਕੀਆਂ ਲਈ ਵਰਤੀ ਜਾਂਦੀ ਹੈ ਤਾਂ ਉਸ ਨਾਲ ਮਹਿਲਾ ਅਟੈਂਡੈਂਟ ਤਾਇਨਾਤ ਕੀਤੀ ਜਾਵੇ।
ਜ਼ਿਲ੍ਹਂਾ ਸਿੱਖਿਆ ਅਫ਼ਸਰ (ਸੈਕੰਡਰੀ) ਹਿੰਮਤ ਸਿੰਘ ਹੁੰਦਲ ਨੇ ਸਕੂਲ ਪ੍ਰਬੰਧਕਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਸੁਰੱਖਿਅਤ ਸਕੂਲ ਵਾਹਨ ਸਕੀਮ ਅਧੀਨ ਸਕੂਲਾਂ ਵਿੱਚ ਬਣਾਈਆਂ ਟਰਾਂਸਪੋਰਟ ਕਮੇਟੀਆਂ ਦੀ ਚੰਗੀ ਕਾਰਗੁਜ਼ਾਰੀ ਦੀ ਸਮੀਖਿਆ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਕਿਸੇ ਕਿਸਮ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।