nabaz-e-punjab.com

ਮੁਹਾਲੀ ਵਿੱਚ ਪੀਣ ਵਾਲੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੇ ਕੀਤੇ ਜਾਣਗੇ ਚਲਾਨ

15 ਅਪਰੈਲ ਤੋਂ 30 ਜੂਨ ਤੱਕ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੀਆਂ ਹਦਾਇਤਾਂ: ਕਮਿਸ਼ਨਰ ਸੰਦੀਪ ਹੰਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਪਰੈਲ:
ਮੁਹਾਲੀ ਨਗਰ ਨਿਗਮ ਨੇ ਨਗਰ ਨਿਗਮ ਦੀ ਹਦੂਦ ਅੰਦਰ ਰਹਿੰਦੇ ਸ਼ਹਿਰ ਵਾਸੀਆਂ ਨੂੰ 15 ਅਪ੍ਰੈਲ ਤੋਂ 30 ਜੂਨ ਤਕ ਪਾਣੀ ਦੀ ਬਰਬਾਦੀ ਤੋਂ ਗੁਰੇਜ਼ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧੀ ਸ਼ਹਿਰ ਵਾਸੀਆਂ ਲਈ ਜਾਰੀ ਕੀਤੀਆਂ ਹਦਾਇਤਾਂ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਹੈਂ ਕਿ ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ 15 ਅਪ੍ਰੈਲ ਤੋਂ 30 ਜੂਨ ਤਕ ਸ਼ਹਿਰ ਦੇ ਵਸਨੀਕ ਆਪਣੇ ਬਗੀਚਿਆਂ ਨੂੰ ਪਾਣੀ ਨਾ ਦੇਣ, ਕਾਰਾਂ ਦੀ ਧੁਆਈ ਪਾਈਪ ਲਗਾ ਕੇ ਨਾ ਕਰਨ, ਘਰ ਦੇ ਵਰਾਂਡੇ ਪਾਈਪ ਲਗਾ ਕੇ ਨਾ ਧੋਣ ਅਤੇ ਪਾਣੀ ਦੀਆਂ ਪਾਈਪਾਂ ਉੱਤੇ ਸਿੱਧਾ ਟੁੱਲੂ ਪੰਪ ਨਾ ਲਗਾਉਣ। ਇਸ ਤੋਂ ਇਲਾਵਾ ਘਰ ਦੀਆਂ ਛਤਾਂ ’ਤੇ ਰੱਖੇ ਟੈਂਕ/ਕੂਲਰਾਂ ਦੇ ਪਾਣੀ ਨੂੰ ਓਵਰਫਲੋ ਨੂੰ ਰੋਕਣ ਦੀਆਂ ਹਦਾਇਤਾਂ ਵੀ ਦਿਤੀਆਂ ਗਈਆਂ ਹਨ।
ਕਮਿਸ਼ਨਰ ਸੰਦੀਪ ਹੰਸ ਨੇ ਹਦਾਇਤਾਂ ਜਾਰੀ ਕਰਦਿਆਂ ਕਿਹਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣਗੇ। ਇਸਦੇ ਤਹਿਤ ਪਹਿਲੀ ਵਾਰ 1000 ਰੁਪਏ ਦਾ ਚਲਾਨ ਕੀਤਾ ਜਾਵੇਗਾ ਅਤੇ ਜੇਕਰ ਮੁੜ ਉਲੰਘਣਾ ਕੀਤੀ ਜਾਂਦੀ ਹੈਂ ਤਾਂ ਚਲਾਨ 2000 ਰੁਪਏ ਦਾ ਹੋਵੇਗਾ। ਜੇਕਰ ਤੀਜੀ ਵਾਰ ਮੁੜ ਉਲੰਘਣਾ ਕੀਤੀ ਗਈ ਤਾਂ ਪਾਣੀ ਦਾ ਕੁਨੈਂਕਸ਼ਨ ਕਟ ਦਿਤਾ ਜਾਵੇਗਾ ਅਤੇ 5000 ਰੁਪਏ ਦਾ ਜੁਰਮਾਨਾ ਵਸੂਲ ਕਰਕੇ ਹੀ ਮੁੜ ਕੁਨੈਕਸ਼ਨ ਚਾਲੂ ਕੀਤਾ ਜਾਵੇਗਾ।
ਸ੍ਰੀ ਸੰਦੀਪ ਹੰਸ ਨੇ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕਰਦਿਆਂ ਪਾਣੀ ਬਚਾਉਣ ਲਈ ਕੁਝ ਸੁਝਾਅ ਵੀ ਦਿਤੇ ਹਨ। ਉਨ੍ਹਾਂ ਕਿਹਾ ਕਿ ਆਰ.ਓ, ਵਾਟਰ ਪਿਊਰੀਫਾਇਰ ਅਤੇ ਏਅਰ ਕੰਡੀਸ਼ਨਰ ਤੋਂ ਨਿਕਲਿਆ ਫਾਲਤੂ ਪਾਣੀ ਘਰ ਦੀ ਸਾਫ ਸਫਾਈ ਅਤੇ ਪੌਦਿਆਂ ਲਈ ਵਰਤਿਆ ਜਾਵੇ, ਨਹਾਉਣ ਲਈ ਫੁਹਾਰੇ ਦੀ ਥਾਂ ’ਤੇ ਬਾਲਟੀ ਦੀ ਵਰਤੋਂ ਕਰਨ ਨਾਲ ਪਾਣੀ ਦੀ ਬਚਤ ਹੋਵੇਗੀ। ਹੱਥ, ਮੂੰਹ, ਪੈਰ ਆਦਿ ਧੋਣ ਲਈ ਘੱਟ ਤੋਂ ਘੱਟ ਪਾਣੀ ਦੀ ਵਰਤੋੋੱ ਕੀਤੀ ਜਾਵੇ, ਘਰ ਦੇ ਉਪਰ ਰੱਖੀਆਂ ਪਾਣੀ ਦੀਆਂ ਟੈਂਕੀਆਂ ’ਤੇ ਵਾਟਰ ਓਵਰ ਫਲੋਅ ਸੈਂਸਰ ਲਗਾਉਣ ਨਾਲ ਪਾਣੀ ਦੀ ਬਚਤ ਹੋਵੇਗੀ। ਪੌਦਿਆਂ ਨੂੰ ਦੇਰ ਰਾਤ ਨੂੰ ਪਾਣੀ ਦੇਣ ਨਾਲ ਸੂਰਜ ਦੀ ਰੌਸ਼ਨੀ ਨਾਲ ਭਾਫ ਬਣ ਕੇ ਉੱਡਣ ਵਾਲੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ। ਪਾਣੀ ਦੀ ਬੱਚਤ ਕਰਨ ਲਈ ਸਬਜੀਆਂ ਨੂੰ ਪਾਣੀ ਵਾਲੀ ਟੂਟੀ ਚਲਾ ਕੇ ਧੋੋਣ ਦੀ ਬਜਾਏ ਕਿਸੇ ਕਨਟੇਨਰ ਵਿਚ ਪਾ ਕੇ ਧੋੋਣ ਨਾਲ ਪਾਣੀ ਨੂੰ ਬਚਾਇਆ ਜਾ ਸਕਦਾ ਹੈ।
ਕਮਿਸ਼ਨਰ ਨੇ ਕਿਹਾ ਕਿ ਪਾਣੀ ਦੀ ਦੁਰਵਰਤੋਂ ਦੀ ਜਾਂਚ ਸਬੰਧੀ ਵੱਖ ਵੱਖ ਫੇਜ਼ਾਂ ਅਤੇ ਸੈਂਕਟਰਾਂ ਲਈ ਨਗਰ ਨਿਗਮ/ਜਨ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਐਸ.ਏ.ਐਸ. ਨਗਰ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੋ ਰਿਹਾਇਸ਼ੀ ਅਤੇ ਵਪਾਰਕ ਖੇਤਰ ਤੋੱ ਇਲਾਵਾ ਸਨਅਤੀ ਖੇਤਰ ਵਿੱਚ ਵੀ ਜਾਂਚ ਕਰਨਗੀਆਂ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਜਾਅਲੀ ਖਣਨ ਰਸੀਦਾਂ ਤਿਆਰ…