Nabaz-e-punjab.com

ਚੰਡੀਗੜ੍ਹ ਦਾਖ਼ਲਾ ਟੈਕਸ: ਓਲਾ,ਉਬਰ ਕੈਬ ਚਾਲਕਾਂ ਵੱਲੋਂ ਮੁਹਾਲੀ ਵਿੱਚ ਵਿਸ਼ਾਲ ਰੋਸ ਮੁਜ਼ਾਹਰਾ

ਲੋਕ ਇਨਸਾਫ਼ ਪਾਰਟੀ ਦੇ ਸੰਨ੍ਹੀ ਬਰਾੜ ਵੱਲੋਂ ਟੈਕਸੀ ਚਾਲਕਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਫਰਵਰੀ:
ਚੰਡੀਗੜ੍ਹ ਵਿੱਚ ਐਂਟਰੀ ਟੈਕਸ ਵਸੂਲੀ ਦੇ ਖ਼ਿਲਾਫ਼ ਅੱਜ ਇੱਥੋਂ ਦੇ ਫੇਜ਼-8 ਸਥਿਤ ਦਸਹਿਰਾ ਗਰਾਊਂਡ ਵਿੱਚ ਓਲਾ, ਉਬਰ ਟੈਕਸੀ ਚਾਲਕਾਂ ਨੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਅਤੇ ਯੂਟੀ ਪ੍ਰਸ਼ਾਸਨ ਅਤੇ ਓਲਾ, ਉਬਰ ਕੰਪਨੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਚਾਲਕਾਂ ਦਾ ਧਰਨਾ ਅੱਜ 13ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਸੇ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਦਪਿੰਦਰ ਸਿੰਘ ਬਰਾੜ ਉਰਫ਼ ਸੰਨ੍ਹੀ ਬਰਾੜ ਅਤੇ ਯੂਥ ਵਿੰਗ ਦੇ ਪ੍ਰਧਾਨ ਜਰਨੈਲ ਸਿੰਘ ਬੈਂਸ ਅਤੇ ਕਰਨਲ ਅਵਤਾਰ ਸਿੰਘ ਨੇ ਧਰਨੇ ਵਿੱਚ ਸ਼ਮੂਲੀਅਤ ਕਰਕੇ ਟੈਕਸੀ ਚਾਲਕਾਂ ਦੇ ਸੰਘਰਸ਼ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਓਲਾ, ਉਬਰ ਕੰਪਨੀਆਂ ਪਿਛਲੇ ਕਾਫੀ ਸਮੇਂ ਤੋਂ ਟੈਕਸੀ ਚਾਲਕਾਂ ਦਾ ਆਰਥਿਕ ਸ਼ੋਸ਼ਣ ਕਰ ਰਹੀਆਂ ਹਨ। ਸ੍ਰੀ ਬਰਾੜ ਨੇ ਓਲਾ ਕੰਪਨੀ ਦੇ ਅਧਿਕਾਰੀ ਦਿਨੇਸ਼ ਪਾਂਡੇ ਨਾਲ ਮੁਲਾਕਾਤ ਕਰਕੇ ਚਾਲਕਾਂ ਦੀਆਂ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਭਲਕੇ 12 ਫਰਵਰੀ ਨੂੰ ਆਰਟੀਏ ਦੇ ਸਕੱਤਰ ਸੁਖਵਿੰਦਰ ਕੁਮਾਰ ਨਾਲ ਮੀਟਿੰਗ ਕੀਤੀ ਜਾਵੇਗੀ।
ਓਲਾ, ਉਬਰ ਕੈਬ ਯੂਨੀਅਨ ਦੇ ਪ੍ਰਧਾਨ ਸਤਿੰਦਰ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਦਾਖ਼ਲ ਹੋਣ ’ਤੇ ਉਨ੍ਹਾਂ ਦਾ 10 ਤੋਂ 15 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾ ਰਿਹਾ ਹੈ। ਜਿਸ ਕਾਰਨ ਟੈਕਸੀ ਚਾਲਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਧਾਨੀ ਵਿੱਚ ਦਾਖ਼ਲ ਹੋਣ ਸਬੰਧੀ ਟੈਕਸ ਜਮ੍ਹਾ ਕਰਵਾਉਣਾ ਕੰਪਨੀ ਦੀ ਜ਼ਿੰਮੇਵਾਰੀ ਹੈ ਨਾ ਟੈਕਸੀ ਚਾਲਕਾਂ ਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੰਪਨੀਆਂ ਟੈਕਸ ਜਮ੍ਹਾ ਨਹੀਂ ਕਰਦੀਆਂ। ਉਦੋਂ ਤੱਕ ਉਨ੍ਹਾਂ ਉਹ ਆਪਣੇ ਵਾਹਨਾਂ ਦਾ ਚੱਕਾ ਜਾਮ ਰੱਖਣਗੇ। ਚਾਲਕਾਂ ਨੇ ਕਿਹਾ ਕਿ ਉਨ੍ਹਾਂ ਤੋਂ ਚੰਡੀਗੜ੍ਹ ਵਿੱਚ ਦਾਖ਼ਲ ਹੋਣ ’ਤੇ 10 ਤੋਂ 15 ਹਜ਼ਾਰ ਰੁਪਏ ਵਸੂਲੀ ਕਾਰਨ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਚੰਡੀਗੜ੍ਹ ਪੁਲੀਸ ਨੇ ਉਨ੍ਹਾਂ ਦੇ ਵਾਹਨਾਂ ਦੇ ਚਲਾਨ ਕੱਟਣ ਦੀ ਕਾਰਵਾਈ ਤੁਰੰਤ ਬੰਦ ਨਹੀਂ ਕੀਤੀ ਗਈ ਤਾਂ ਉਹ ਤਿੱਖਾ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ।
ਟੈਕਸੀ ਚਾਲਕਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਬੇਰੁਜ਼ਗਾਰੀ ਦੇ ਚੱਲਦਿਆਂ ਪੜ੍ਹੇ ਲਿਖੇ ਨੌਜਵਾਨ ਰੁਜ਼ਗਾਰ ਨਾ ਮਿਲਣ ਕਾਰਨ ਆਪਣੀ ਕਾਰ ਖਰੀਦ ਕੇ ਟੈਕਸੀ ਚਲਾ ਰਹੇ ਹਨ ਲੇਕਿਨ ਹੁਣ ਪੁਲੀਸ ਉਨ੍ਹਾਂ ਕੋਲੋਂ ਟੈਕਸ ਦੀ ਆੜ ਵਿੱਚ ਰੁਜ਼ਗਾਰ ਖੋਹ ਰਹੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸੂਬੇ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਨਿੱਜੀ ਦਖ਼ਲ ਦੇ ਕੇ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਉਹ ਆਪਣਾ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਸਕਣ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …