Share on Facebook Share on Twitter Share on Google+ Share on Pinterest Share on Linkedin ਚੰਡੀਗੜ੍ਹ ਵਿੱਚ ਵੀ ਹੋਵੇਗਾ ਸਲਾਨਾ ਕੇਸਾਧਾਰੀ ਫੁੱਟਬਾਲ ਟੂਰਨਾਮੈਂਟ ਸਿੱਖ ਫੁੱਟਬਾਲ ਕੱਪ ਲਈ ਚੰਡੀਗੜ੍ਹ ਦੀ ਟੀਮ ਲਈ ਚੋਣ ਟਰਾਇਲ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ 5 ਨਵੰਬਰ : ਪੰਜਾਬ ਫੁੱਟਬਾਲ ਐਸੋਸੀਏਸ਼ਨ ਨਾਲ ਐਫੀਲੀਏਟਿਡ ਖਾਲਸਾ ਫੁੱਟਬਾਲ ਕਲੱਬ ਨੇ ਫੈਸਲਾ ਲਿਆ ਹੈ ਕਿ ਪੰਜਾਬ ਦੀ ਤਰਜ਼ ਉਤੇ ਹੀ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੀ ਅਗਲੇ ਸਾਲ ਤੋਂ ਕੇਸਾਧਾਰੀ ਖਿਡਾਰੀਆਂ ਲਈ ਸਿੱਖ ਫੁੱਟਬਾਲ ਕੱਪ ਕਰਵਾਇਆ ਜਾਵੇਗਾ ਅਤੇ ਚੰਡੀਗੜ੍ਹ ਦੀ ਸਾਬਤ-ਸੂਰਤ ਟੀਮ ਪੰਜਾਬ ਵਿੱਚ ਹੋਣ ਵਾਲੇ ਸਿੱਖ ਫੁੱਟਬਾਲ ਕੱਪ ਵਿੱਚ ਵੀ ਭਾਗ ਲਿਆ ਕਰੇਗੀ। ਇਹ ਐਲਾਨ ਖਾਲਸਾ ਫੁੱਟਬਾਲ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਅੱਜ ਇੱਥੋਂ ਦੇ ਸਪੋਰਟਸ ਕੰਪਲੈਕਸ ਸੈਕਟਰ 42 ਵਿਖੇ ਚੰਡੀਗੜ੍ਹ ਦੀ ਕੇਸਾਧਾਰੀ ਫੁੱਟਬਾਲ ਟੀਮ ਦੀ ਚੋਣ ਲਈ ਹੋਏ ਟਰਾਇਲਾਂ ਮੌਕੇ ਕੀਤਾ। ਇਸ ਮੌਕੇ ਖਿਡਾਰੀਆਂ ਨਾਲ ਜਾਣ-ਪਛਾਣ ਮੌਕੇ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਬੁਟਰੇਲਾ, ਡਿਪਟੀ ਡੀਈਓ ਸਿੱਖਿਆ ਵਿਭਾਗ ਚੰਡੀਗੜ੍ਹ ਹਰਬੀਰ ਸਿੰਘ ਆਨੰਦ, ਖਾਲਸਾ ਫੁੱਟਬਾਲ ਕਲੱਬ ਵੱਲੋਂ ਹਰਜਿੰਦਰ ਕੁਮਾਰ, ਗੁਰਦੁਆਰਾ ਸਾਹਿਬ ਬੁਟਰੇਲਾ ਦੇ ਪ੍ਰਧਾਨ ਅਮਨਪ੍ਰੀਤ ਸਿੰਘ, ਭੁਪਿੰਦਰ ਸਿੰਘ ਪਿੰਕਾ ਫੁੱਟਬਾਲ ਕੋਚ ਤੇ ਗੋਬਿੰਦਰ ਸਿੰਘ ਡੀਪੀਈ ਵੀ ਹਾਜ਼ਰ ਸਨ। ਇੰਨਾਂ ਟਰਾਇਲਾਂ ਵਿੱਚ ਚੰਡੀਗੜ੍ਹ ਦੇ 34 ਖਿਡਾਰੀਆਂ ਨੇ ਭਾਗ ਲਿਆ। ਕੇਸਾਧਾਰੀ ਫੁੱਟਬਾਲ ਟੀਮ ਲਈ ਦੂਜੇ ਵਾਰ ਦੇ ਟ੍ਰਾਇਲ ਹੁਣ 7 ਨਵੰਬਰ ਨੂੰ ਸੈਕਟਰ 22 ਸਥਿਤ ਸਰਕਾਰੀ ਮਾਡਲ ਸਕੂਲ ਦੇ ਫੁੱਟਬਾਲ ਗਰਾਊਂਡ ਵਿੱਚ ਲਏ ਜਾਣਗੇ। ਗਰੇਵਾਲ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਪਹਿਲੀ ਵਾਰ ਕੇਸਾਧਾਰੀ ਬੱਚਿਆਂ ਦਾ ਸਿੱਖ ਫੁੱਟਬਾਲ ਕੱਪ ਅੰਮ੍ਰਿਤਸਰ ਵਿੱਚ 23 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਦੌਰਾਨ ਜ਼ਿਲ੍ਹਿਆਂ ਦੀਆਂ ਚੁਣੀਆਂ ਕੇਸਾਧਾਰੀ ਟੀਮਾਂ ਦੇ ਮੁਕਾਬਲੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਵਾਏ ਜਾਣਗੇ ਅਤੇ ਫਾਈਨਲ ਮੁਕਾਬਲੇ ਅਤੇ ਸਮਾਪਤੀ ਸਮਾਰੋਹ 7 ਦਸੰਬਰ ਨੂੰ ਮੁਹਾਲੀ ਵਿੱਚ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਦੀ ਜੇਤੂ ਟੀਮ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਜਦਕਿ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 3 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸੇ ਤਰ੍ਹਾਂ ਪਹਿਲੇ ਜੇਤੂ ਟੀਮ ਦੇ ਕੋਚ ਨੂੰ 51 ਹਜ਼ਾਰ ਰੁਪਏ ਅਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਦੇ ਕੋਚ ਨੂੰ 31 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ