ਚੰਡੀਗੜ੍ਹ ਐਂਟਰੀ ਫੀਸ ਮਾਮਲਾ: ਓਲਾ ਤੇ ਉਬਰ ਕੈਬ ਚਾਲਕਾਂ ਵੱਲੋਂ ਰੋਸ ਮੁਜ਼ਾਹਰਾ

ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਿਹੈ ਗੈਰ ਕਾਨੂੰਨੀ ਟੈਕਸੀਆਂ ਦਾ ਧੰਦਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਾਰਚ:
ਚੰਡੀਗੜ੍ਹ ਵਿੱਚ ਐਂਟਰੀ ਫੀਸ ਵਸੂਲੀ ਦੇ ਮਾਮਲੇ ਨੂੰ ਲੈ ਕੇ ਓਲਾ ਕੈਬ ਅਤੇ ਉਬਰ ਕੈਬ ਚਾਲਕ ਅੱਜ ਸੜਕਾਂ ’ਤੇ ਉਤਰ ਆਏ। ਉਨ੍ਹਾਂ ਨੇ ਆਪਣੇ ਵਾਹਨਾਂ ਦਾ ਚੱਕਾ ਜਾਮ ਕਰਕੇ ਪੁੱਡਾ ਗਰਾਉਂਡ ਵਿੱਚ ਰੋਸ ਮੁਜ਼ਾਹਰਾ ਕੀਤਾ ਅਤੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਗੈਰ ਕਾਨੂੰਨੀ ਟੈਕਸੀਆਂ ਦਾ ਧੰਦਾ ਧੜੱਲੇ ਨਾਲ ਚੱਲਣ ਦਾ ਦੋਸ਼ ਲਾਇਆ।
ਇਸ ਮੌਕੇ ਖਾਲਸਾ ਟੈਕਸੀ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਸਮੇਤ ਹੋਰਨਾਂ ਕੈਬ ਚਾਲਕਾਂ ਸਤਨਾਮ ਸਿੰਘ, ਜਸਪ੍ਰੀਤ ਸਿੰਘ, ਸੰਦੀਪ ਸਿੰਘ ਅਤੇ ਬਿਕਰਮ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਹ ਕਈ ਵਾਰ ਸਟੇਟ ਟਰਾਂਸਪੋਰਟ ਕਮਿਸ਼ਨਰ, ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਖੇਤਰੀ ਟਰਾਂਸਪੋਰਟ ਅਫ਼ਸਰ (ਆਰਟੀਏ) ਨੂੰ ਸ਼ਿਕਾਇਤਾਂ ਦੇ ਚੁੱਕੇ ਹਨ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੇ ਬੜੀ ਮੁਸ਼ਕਲ ਨਾਲ ਬੈਂਕਾਂ ਤੋਂ ਕਰਜ਼ਾ ਲੈ ਕੇ ਓਲਾ ਕੈਬ ਅਤੇ ਉਬਰ ਕੈਬ ਕੰਪਨੀ ਵਿੱਚ ਆਪਣੇ ਵਾਹਨ ਪਾਏ ਸੀ ਪ੍ਰੰਤੂ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਐਂਟਰੀ ਫੀਸ ਜਮ੍ਹਾ ਕਰਵਾਉਣ ਲਈ ਕਹਿ ਦਿੱਤਾ ਹੈ ਅਤੇ ਬਿਨਾਂ ਫੀਸ ਤੋਂ ਸਵਾਰੀਆਂ ਲੈ ਕੇ ਚੰਡੀਗੜ੍ਹ ਜਾਣ ’ਤੇ ਉਨ੍ਹਾਂ ਦੇ ਚਲਾਨ ਕੀਤੇ ਜਾਂਦੇ ਹਨ, ਜਦੋਂਕਿ ਐਂਟਰੀ ਫੀਸ ਦੇਣੀ ਕੰਪਨੀਆਂ ਦੀ ਜ਼ਿੰਮੇਵਾਰੀ ਹੈ ਪ੍ਰੰਤੂ ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਚਾਲਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਕੈਬ ਚਾਲਕਾਂ ਨੇ ਦੱਸਿਆ ਕਿ ਇਕ ਹੋਰ ਪ੍ਰਾਈਵੇਟ ਕੰਪਨੀ, ਅਧਿਕਾਰੀਆਂ ਨਾਲ ਮਿਲ ਕੇ ਟੈਕਸੀਆਂ ਚਲਾ ਰਹੀ ਹੈ ਜਦੋਂਕਿ ਸਬੰਧਤ ਕੰਪਨੀ ਕੋਲ ਟੈਕਸੀ ਚਲਾਉਣ ਦਾ ਕੋਈ ਅਧਿਕਾਰਤ ਲਾਇਸੈਂਸ ਵੀ ਨਹੀਂ ਹੈ ਅਤੇ ਇਸ ਕੰਪਨੀ ਦੀ ਐਪ ’ਤੇ ਟੈਕਸੀ ਬੁੱਕ ਲਈ ਚਾਲਕਾਂ ਦੀ ਸਿੱਧੀ ਬੋਲੀ ਲਗਦੀ ਹੈ। ਸਵਾਰੀ ਨੇ ਜਿੱਥੇ ਜਾਣਾ ਹੁੰਦਾ ਹੈ, ਉਸ ਦਾ ਰੇਟ ਵੀ ਖ਼ੁਦ ਦਿੱਤਾ ਜਾਂਦਾ ਹੈ, ਜਿਸ ਕਾਰਨ ਓਲਾ ਅਤੇ ਉਬਰ ਕੈਬ ਚਾਲਕਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਇਹੀ ਨਹੀਂ ਇਹ ਕੰਪਨੀ ਪ੍ਰਾਈਵੇਟ ਵਾਹਨਾਂ ਨੂੰ ਗਲਤ ਤਰੀਕੇ ਨਾਲ ਟੈਕਸੀ ਚਲਾਉਣ ਦਾ ਪਰਮਿੰਟ ਦੇ ਰਹੀ ਹੈ। ਇਸ ਸਬੰਧੀ ਅਧਿਕਾਰੀਆਂ ਨੂੰ ਕਈ ਸਬੂਤ ਦਿੱਤੇ ਜਾ ਚੁੱਕੇ ਹਨ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਇਹ ਗੋਰਖਧੰਦਾ ਧੜੱਲੇ ਨਾਲ ਜਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਫਰਜ਼ੀ ਪ੍ਰਾਈਵੇਟ ਕੰਪਨੀ ਦੀਆਂ ਗਤੀਵਿਧੀਆਂ ’ਤੇ ਰੋਕ ਲਗਾਈ ਜਾਵੇ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਐਂਟਰੀ ਫੀਸ ਤੋਂ ਰਾਹਤ ਦਿਵਾਈ ਜਾਵੇ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…