Nabaz-e-punjab.com

ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਪੰਜਾਬ ਵਿੱਚ ਮਹਿੰਗੇ ਭਾਅ ’ਤੇ ਵੇਚਣ ਦਾ ਧੰਦਾ ਜ਼ੋਰਾਂ ’ਤੇ

ਕੌਂਸਲਰ ਆਰਪੀ ਸ਼ਰਮਾ ਦੀ ਸੂਚਨਾ ’ਤੇ ਪੁਲੀਸ ਨੇ ਝਾੜੀਆਂ ’ਚੋਂ ਬਰਾਮਦ ਕੀਤੀਆਂ ਸ਼ਰਾਬ ਦੀਆਂ 5 ਪੇਟੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਕਤੂਬਰ:
ਚੰਡੀਗੜ੍ਹ ਅਤੇ ਪੰਜਾਬ ਵਿੱਚ ਸ਼ਰਾਬ ਦੀ ਕੀਮਤਾਂ ਵਿੱਚ ਵੱਡਾ ਅੰਤਰ ਹੋਣ ਕਾਰਨ ਚੰਡੀਗੜ੍ਹ ਤੋਂ ਸਸਤੇ ਭਾਅ ਵਿੱਚ ਸ਼ਰਾਬ ਲਿਆ ਕੇ ਪੰਜਾਬ ਵਿੱਚ ਵੇਚਣ ਦਾ ਧੰਦਾ ਪੂਰੇ ਜੋਰਾਂ ’ਤੇ ਚੱਲ ਰਿਹਾ ਹੈ ਅਤੇ ਸ਼ਰਾਬ ਤਸਕਰ ਇਸ ਸਬੰਧੀ ਨਵੇਂ ਢੰਗ ਤਰੀਕੇ ਅਪਣਾ ਰਹੇ ਹਨ ਅਤੇ ਸ਼ਰ੍ਹੇਆਮ ਨਾਜਾਇਜ਼ ਸ਼ਰਾਬ ਵੇਚੀ ਜਾ ਰਹੀ ਹੈ। ਅਜਿਹੇ ਹੀ ਇਕ ਤਾਜ਼ਾ ਮਾਮਲੇ ਦਾ ਪਰਦਾਫਾਸ਼ ਕਰਦਿਆਂ ਮੇਅਰ ਧੜੇ ਦੇ ਕੌਂਸਲਰ ਆਰਪੀ ਸ਼ਰਮਾ ਨੇ ਦੱਸਿਆ ਕਿ ਨਸ਼ਾ ਤਸਕਰਾਂ ਵੱਲੋਂ ਇੱਥੋਂ ਦੇ ਫੇਜ਼-6 ਵਿੱਚ ਸੜਕ ਕਿਨਾਰੇ ਝਾੜੀਆਂ ਦੇ ਪਿੱਛੇ ਚੰਡੀਗੜ੍ਹ ਮਾਰਕਾ 5 ਸ਼ਰਾਬ ਦੀਆਂ ਪੇਟੀਆਂ ਮੁਹਾਲੀ ਪੁਲੀਸ ਨੂੰ ਬਰਾਮਦ ਕਰਵਾਈਆਂ ਗਈਆਂ ਹਨ ਅਤੇ ਤਿੰਨ ਵਿਅਕਤੀ ਪੁਲੀਸ ਦੇ ਹਵਾਲੇ ਕੀਤੇ ਗਏ।
ਸ੍ਰੀ ਆਰਪੀ ਸ਼ਰਮਾ ਨੇ ਦੱਸਿਆ ਕਿ ਅੱਜ ਸਥਾਨਕ ਫੇਜ਼-6 ਵਿੱਚ ਸੜਕ ਕਿਨਾਰੇ ਖੜ੍ਹੀ ਘਾਹ ਅਤੇ ਝਾੜੀਆਂ ਦੀ ਸਫ਼ਾਈ ਕਰਵਾ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਨਜ਼ਰ ਚੰਡੀਗੜ੍ਹ ਵਾਲੇ ਪਾਸਿਓਂ ਆਈ ਇਕ ਗੱਡੀ ’ਤੇ ਪਈ। ਜੋ ਸੜਕ ਕਿਨਾਰੇ ਰੁਕੀ ਅਤੇ ਉਸ ਵਿੱਚ ਸਵਾਰ ਵਿਅਕਤੀਆਂ ਨੇ ਸ਼ਰਾਬ ਦੀਆਂ ਤਿੰਨ ਪੇਟੀਆਂ ਲਾਹ ਕੇ ਝਾੜੀਆਂ ਵਿੱਚ ਸੁੱਟ ਦਿੱਤੀਆਂ ਅਤੇ ਗੱਡੀ ਲੈ ਕੇ ਅੱਗੇ ਚਲੇ ਗਏ। ਉਨ੍ਹਾਂ ਨੇ ਤੁਰੰਤ ਪੁਲੀਸ ਨੂੰ ਇਤਲਾਹ ਦੇ ਕੇ ਪੁਲੀਸ ਕਰਮਚਾਰੀ ਮੌਕੇ ’ਤੇ ਸੱਦ ਲਏ। ਇਸ ਦੌਰਾਨ ਸ਼ਰਾਬ ਦੀਆਂ ਪੇਟੀਆਂ ਲੈ ਕੇ ਜਾਣ ਲਈ ਤਿੰਨ ਵਿਅਕਤੀ ਵੀ ਉੱਥੇ ਪਹੁੰਚੇ ਗਏ। ਜਿਨ੍ਹਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਜਦੋਂ ਝਾੜੀਆਂ ਵਿੱਚ ਪੁਲੀਸ ਨੇ ਤਲਾਸ਼ੀ ਕੀਤੀ ਤਾਂ ਸ਼ਰਾਬ ਦੀਆਂ 2 ਹੋਰ ਪੇਟੀਆਂ ਮਿਲ ਗਈਆਂ। ਇਹ ਸ਼ਰਾਬ ਵੀ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਲਈ।
ਉਧਰ, ਪੁਲੀਸ ਚੌਂਕੀ ਫੇਜ਼-6 ਦੇ ਇੰਚਾਰਜ ਅਜੈ ਕੁਮਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਫੇਜ਼-6 ਵਿੱਚ ਸੜਕ ਨਿਕਾਰੇ ਝਾੜੀਆਂ ਦੇ ਪਿੱਛੇ ਚੰਡੀਗੜ੍ਹ ਵਿੱਚ ਵਿਕਣਯੋਗ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਪੁਲੀਸ ਨੇ 2 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਮੁੱਢਲੀ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਧਰ, ਕੌਂਸਲਰ ਆਰਪੀ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲੀਸ ਨੂੰ ਤਿੰਨ ਬੰਦੇ ਫੜਾਏ ਸੀ ਪਰ ਹੁਣ ਪੁਲੀਸ ਕਹਿ ਰਹੀ ਹੈ ਕਿ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…