ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਵਿੱਚ ਲੱਗਿਆ ਵਿਸਾਖੀ ਮੌਕੇ ‘ਵਿਰਾਸਤੀ ਮੇਲਾ’

ਵਿਦਿਆਰਥੀਆਂ ਨੇ ਪੰਜਾਬ ਦੇ ਅਮੀਰ ਪਿਛੋਕੜ ਨੂੰ ਪੇਸ਼ ਕਰਦੀਆਂ ਝਾਕੀਆਂ ਰਾਹੀਂ ਸਿਰਜਿਆ ਪੰਜਾਬੀ ਪਿੰਡ ਦਾ ਮਾਹੌਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਪਰੈਲ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਵਿਖੇ ‘ਵਿਸਾਖੀ‘ ਦੇ ਪਵਿੱਤਰ ਦਿਹਾੜੇ ਮੌਕੇ ਵਿਰਾਸਤੀ ਮੇਲੇ ਦਾ ਆਯੋਜਨ ਕੀਤਾ ਗਿਆ। ਇਹ ਵਿਰਾਸਤੀ ਮੇਲਾ ਕੈਂਪਸ ‘ਚ ਪੜ੍ਹਦੇ ਵੱਖ-ਵੱਖ ਸੂਬਿਆਂ ਦੇ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਦੇ ਅਮੀਰ ਪਿਛੋਕੜ ਤੋਂ ਜਾਣੂ ਕਰਵਾਉਣ ਦੇ ਮੰਤਵ ਨਾਲ ਕਰਵਾਇਆ ਗਿਆ। ਖ਼ਾਲਸੇ ਦੇ ਜਨਮ ਦਿਹਾੜੇ ਅਤੇ ਹਾੜੀ ਦੀ ਫ਼ਸਲ ਆਉਣ ਦੀ ਖ਼ੁਸ਼ੀ ‘ਚ ਮਨਾਏ ਜਾਂਦੇ ਵਿਸਾਖੀ ਦੇ ਤਿਉਹਾਰ ਮੌਕੇ ਕਰਵਾਏ ਗਏ ਵਿਰਾਸਤੀ ਮੇਲੇ ਦਾ ਉਦਘਾਟਨ ਸੀ.ਜੀ.ਸੀ. ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਕੀਤਾ ਅਤੇ ਵਿਦਿਆਰਥੀਆਂ ਨੂੰ ਸ਼ੁਭਕਮਨਾਵਾਂ ਦਿੱਤੀਆਂ। ਵਿਦਿਆਰਥੀਆਂ ਵੱਲੋਂ ਪੰਜਾਬ ਦੇ ਅਮੀਰ ਪਿਛੋਕੜ ਦੀ ਗਵਾਹੀ ਭਰਦਾ ਤੂਤਾਂ ਵਾਲਾ ਖੂਹ, ਓਟੀਏ ‘ਚ ਚੁੱਲ੍ਹੇ, ਮਨਿਆਰੀ ਦੀ ਦੁਕਾਨ, ਭੱਠੀ ‘ਤੇ ਮੱਕੀ ਦੇ ਦਾਣਾ ਭੁੰਨਣੇ, ਸ਼ਾਨ ਅੰਬਰਸਰ ਦੀ, ਪਿੰਡ ਦਾ ਚਸਕਾ ਅਤੇ ਲਖਨਊ ਦੀ ਖੁਸ਼ਬੂ ਜਿਹੀਆਂ ਵੱਖ-ਵੱਖ ਸਟਾਲਾਂ ਰਾਹੀਂ ਆਪਣੀ ਪਛਾਣ ਬਿਆਨਦਾ ਪੰਜਾਬ ਦਾ ਰਿਵਾਇਤੀ ਪਿੰਡ ਸੀਜੀਸੀ ਵਿੱਚ ਪੜ੍ਹਦੇ ਵੱਖ-ਵੱਖ ਰਾਜਾਂ ਅਤੇ ਖ਼ਾਸ ਕਰ ਵਿਦੇਸ਼ੀ ਵਿਦਿਆਰਥੀਆਂ ਲਈ ਆਕਰਸ਼ਣ ਦਾ ਮੁੱਖ ਕੇਂਦਰਬਿੰਦੂ ਰਿਹਾ।
ਇਸ ਮੌਕੇ ਵਿਦਿਆਰਥੀਆਂ ਨੇ ਜਿਥੇ ਪੰਜਾਬੀ ਸੱਭਿਆਚਾਰ ਦੇ ਰਿਵਾਇਤੀ ਲੋਕ ਗੀਤਾਂ ਅਤੇ ਲੋਕ ਨਾਚਾਂ ਜਿਵੇਂ ਵਿਆਹ ਦੇ ਗੀਤ ‘ਦੋਹੇ‘, ਜਾਗੋ, ਗਿੱਧਾ, ਭੰਗੜਾ, ਲੁੱਡੀ ਅਤੇ ਸੰਮੀ ਆਦਿ ਦੀ ਸਫ਼ਲ ਪੇਸ਼ਕਾਰੀ ਦਿੱਤੀ ਉਥੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਕਸੀਦਾਕਾਰੀ ਜਿਵੇਂ ਫੁਲਕਾਰੀ, ਬਾਗਾਂ ਦੀ ਕਢਾਈ, ਪੱਖੀਆਂ ਅਤੇ ਦਰੀਆਂ ਬੁਣਨ ਦੇ ਦ੍ਰਿਸ਼ ਚਿੱਤਰ ਪੇਸ਼ ਕਰਕੇ ਬੇਹੱਦ ਰੌਚਕ ਢੰਗ ਨਾਲ ਵਿਸਾਖੀ ਮਨਾਈ । ਅੱਜ ਦੇ ਵਿਰਾਸਤੀ ਮੇਲੇ ਦਾ ਮੁੱਖ ਖਿੱਚ ਦਾ ਕੇਂਦਰ ਪੰਜਾਬ ਤੋਂ ਬਾਹਰਲੇ ਸੂਬਿਆਂ ਹਿਮਾਚਲ, ਹਰਿਆਣਾ, ਰਾਜਸਥਾਨ, ਗੁਜਰਾਤ, ਜੰਮੂ ਅਤੇ ਕਸ਼ਮੀਰ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਖੇਤਰੀ ਲੋਕ ਰੰਗ ਰਹੇ। ਉਨ੍ਹਾਂ ਵਿਸਾਖੀ ਦੇ ਦਿਹੜੇ ਦੀਆਂ ਮੁਬਾਰਕਾਂ ਪੰਜਾਬੀ ਭਾਸ਼ਾ ਵਿਚ ਦੇ ਕੇ ਮੇਲੇ ਨੂੰ ਸਿੱਖ਼ਰਾਂ ’ਤੇ ਪਹੁੰਚਾ ਦਿੱਤਾ।
ਇਸੇ ਦੌਰਾਨ ਸੀਜੀਸੀ ਵਿੱਚ ਪੜ੍ਹਦੇ ਹਿਮਾਚਲ, ਹਰਿਆਣਾ ਅਤੇ ਹੋਰਨਾਂ ਸੂਬਿਆਂ ਦੇ ਵਿਦਿਆਰਥੀਆਂ ਨੇ ਵੀ ਗਾਇਕੀ ਦਾ ਰੰਗ ਬੰਨ੍ਹਿਆ ਅਤੇ ਪੰਜਾਬੀ ਪਹਿਰਾਵੇ ਵਿਚ ਸਜੀਆਂ ਮੁਟਿਆਰਾਂ ਤੇ ਗੱਭਰੂਆਂ ਨੇ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ, ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ, ਨੀਂ ਇੱਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ, ਮਾਰਦਾ ਜਮਾਮੇ ਜੱਟ ਮੇਲੇ ਆ ਗਿਆ, ਮਿਹਨਤਾਂ ਨੂੰ ਫਲ ਲੱਗਦੇ, ਝੋਨੇ ਦੀ ਟਰਾਲੀ ਸੁੱਟੀ ਮੰਡੀ ‘ਚ ਸਵੇਰੇ, ਆਦਿ ਗੀਤਾਂ ਅਤੇ ਬੋਲੀਆਂ ‘ਤੇ ਗਿੱਧਾ-ਭੰਗੜਾਂ ਪੇਸ਼ ਕਰਕੇ ਕੈਂਪਸ ਦੇ ਸਮੁੱਚੇ ਮਾਹੌਲ ਨੂੰ ਵਿਸਾਖੀ ਦੇ ਰੰਗ ਵਿੱਚ ਰੰਗ ਦਿੱਤਾ।
ਚੰਡੀਗੜ੍ਹ ਗਰੁੱਪ ਆਫ਼ ਕਾਲਜ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਇਸ ਮੌਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਭਾਵਨਾ ਦੇ ਪ੍ਰਤੀਕ ਵਿਸਾਖੀ ਦੇ ਦਿਹਾੜੇ ਦੀ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਪੰਜਾਬੀਆਂ ਵੱਲੋਂ ਜਿਥੇ ਇਸ ਦਿਹਾੜੇ ਨੂੰ ਕਣਕ ਦੀ ਫ਼ਸਲ ਆਉਣ ਦੀ ਖ਼ੁਸ਼ੀ ‘ਚ ਸੱਭਿਆਚਾਰਕ ਮੇਲੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਉਥੇ ਅੱਜ ਦੇ ਦਿਨ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਜਿਸ ਲਈ ਸਮੁੱਚਾ ਸਿੱਖ ਜਗਤ ਅੱਜ ਦੇ ਦਿਹਾੜੇ ਨੂੰ ਆਪਣੇ ਜਨਮ ਦਿਨ ਦੇ ਰੂਪ ਵਿਚ ਕੌਮੀ ਪੱਧਰ ‘ਤੇ ਮਨਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਇਹ ਤਿਉਹਾਰ ਸਾਨੂੰ ਭਾਈਚਾਰਕ ਸਾਂਝ, ਸਾਡੀ ਅਮੀਰ ਜੀਵਨ ਸ਼ੈਲੀ ਅਤੇ ਮੁਹੱਬਤ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਵਿਸਾਖੀ ਦੇ ਪਵਿੱਤਰ ਪੁਰਬ ਮੌਕੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਨਿਮਰਤਾ, ਮਨੁੱਖਤਾ ਲਈ ਨਿਰ ਸਵਾਰਥ ਕੁਰਬਾਨੀ, ਸੱਚ ‘ਤੇ ਡੱਟ ਕੇ ਪਹਿਰਾ ਦੇਣ ਅਤੇ ਸਮਾਲਤਾ ਦਾ ਵੱਡਾ ਸੰਦੇਸ਼ ਦਿੱਤਾ ਸੀ, ਜਿਸਨੂੰ ਆਪਣੀ ਨੌਜਵਾਨ ਪੀੜ੍ਹੀ ਤੱਕ ਪੰਹੁਚਾਉਣ ਲਈ ਸਾਨੂੰ ਅਜਿਹੇ ਤਿਉਹਾਰ ਮਨਾਉਂਦੇ ਰਹਿਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…