
ਅਕਾਦਮਿਕ ਸੈਸ਼ਨ-2021-22 ਤੋਂ ਅੰਡਰ ਗਰੈਜੂਏਟ ਤੇ ਪੋਸਟ ਗਰੈਜੂਏਟ ਕੋਰਸਾਂ ਦੀ ਹੋਵੇਗੀ ਸ਼ੁਰੂਆਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੁਲਾਈ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵਿਖੇ ਮੌਜੂਦਾ ਅਕਾਦਮਿਕ ਸੈਸ਼ਨ 2021-22 ਤੋਂ ਚੰਡੀਗੜ੍ਹ ਲਾਅ ਕਾਲਜ ਦੀ ਸਥਾਪਨਾ ਕਰਨ ਨਾਲ ਵਿਦਿਆਰਥੀਆਂ ਨੂੰ ਕਾਨੂੰਨ ਸਿੱਖਿਆ ਦੇ ਖੇਤਰ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਾਉਣ ਦਾ ਬੀੜਾ ਚੁੱਕਿਆ ਹੈ। ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪਸ ਵਿਖੇ ਨਵਾਂ ਸਥਾਪਿਤ ਕੀਤਾ ਚੰਡੀਗੜ੍ਹ ਲਾਅ ਕਾਲਜ ਬਾਰ ਕੌਂਸਲ ਆਫ਼ ਇੰਡੀਆ ਵੱਲੋਂ ਮਨਜ਼ੂਰ ਕੀਤਾ ਗਿਆ ਹੈ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਾਨਤਾ ਪ੍ਰਾਪਤ ਹੈ ਜਿੱਥੇ ਵਿਦਿਆਰਥੀਆਂ ਨੂੰ ਬੀਏ, ਐਲਐਲਬੀ ਅਤੇ ਬੀ.ਕਾਮ-ਐਲਐਲਬੀ 5 ਸਾਲਾਂ ਇੰਟੀਗ੍ਰੇਟਡ ਅੰਡਰ-ਗਰੈਜੂਏਟ ਪ੍ਰੋਗਰਾਮਾਂ ਵਿੱਚ ਦਾਖ਼ਲਾ ਦਿੱਤਾ ਜਾਵੇਗਾ ਅਤੇ ਗਰੈਜੂਏਟ ਵਿਦਿਆਰਥੀਆਂ ਨੂੰ 3 ਸਾਲਾਂ ਐਲਐਲਬੀ ਪੋਸਟ-ਗ੍ਰੈਜਏਟ ਡਿਗਰੀ ਪ੍ਰੋਗਰਾਮ ਵਿੱਚ ਦਾਖਲਾ ਮਿਲੇਗਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਲਈ ਬੀਏ-ਐਲਐਲਬੀ ਵਿੱਚ 120, ਬੀ.ਕਾਮ-ਐਲਐਲਬੀ ਵਿੱਚ 60 ਅਤੇ ਐਲਐਲਬੀ ਮਾਸਟਰ ਪ੍ਰੋਗਰਾਮ ਵਿੱਚ 60 ਸੀਟਾਂ ਉਪਲਬਧ ਹੋਣਗੀਆਂ।
ਪ੍ਰੈਜ਼ੀਡੈਂਟ ਧਾਲੀਵਾਲ ਨੇ ਦੱਸਿਆ ਕਿ ਕਾਲਜ ਦੀ ਸਮੁੱਚੀ ਇਮਾਰਤ ਵਿਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਸਮਾਰਟ ਕਲਾਸ ਰੂਮ, ਪ੍ਰਭਾਵਸ਼ਾਲੀ ਮੂਟ ਕੋਰਟ, ਕੰਪਿਊਟਰ ਲੈਬਾਰਟਰੀਆਂ, ਭਾਸ਼ਾ ਸਬੰਧੀ ਲੈਬਾਰਟਰੀਆਂ, ਅਤਿ-ਆਧੁਨਿਕ ਆਡੀਟੋਰੀਅਮ ਅਤੇ ਕੰਪਿਊਟਰਾਈਜ਼ਡ ਲਾਇਬ੍ਰੇਰੀ (ਜਿਸ ਵਿੱਚ ਈ-ਕਿਤਾਬਾਂ, ਈ-ਜਨਰਲ, ਏਆਈਆਰ ਰਿਪੋਰਟਾਂ, ਕਾਨੂੰਨ ਕੋਸ਼ ਅਤੇ ਕਾਨੂੰਨ ਪੇਸ਼ੇ ਸਬੰਧੀ ਹੋਰ ਮਹੱਤਵਪੂਰਨ ਸਮਗਰੀ ਸ਼ਾਮਲ ਕੀਤੀ ਗਈ ਹੈ) ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਦੀ ਉਚ ਸਿੱਖਿਆ ਵਿੱਚ ਜਾਣ ਸਬੰਧੀ ਵਿੱਤੀ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਵੱਖੋ-ਵੱਖਰੀਆਂ ਵਜ਼ੀਫ਼ਾ ਸਕੀਮਾਂ ਚਲਾਈਆਂ ਗਈਆਂ ਹਨ, ਜਿਨ੍ਹਾਂ ਅਧੀਨ ਵਿਦਿਆਰਥੀਆਂ ਨੂੰ ਕੋਰਸ ਫ਼ੀਸ ਤੇ 100 ਫ਼ੀਸਦੀ ਤੱਕ ਦੇ ਵਜ਼ੀਫ਼ੇ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਉਚ ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਜਿੱਥੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੋੱ ਫੈਕਲਟੀ ਲਈ ਗਈ ਹੈ ਉੱਥੇ ਹੀ ਕੋਰਸਾਂ ਸਬੰਧੀ ਪਾਠਕ੍ਰਮ ਇੰਡਸਟਰੀ ਦੀਆਂ ਮੌਜੂਦਾ ਜ਼ਰੂਰਤਾਂ ਨੂੰ ਵੇਖਦਿਆਂ ਕਾਨੂੰਨ ਪੇਸ਼ਾਵਰਾਂ ਦੇ ਮਾਰਗ ਦਰਸ਼ਨ ਹੇਠ ਤਿਆਰ ਕੀਤਾ ਗਿਆ ਹੈ।
ਇਸ ਮੌਕੇ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕਾਲਜ ਵੱਲੋਂ ਪੇਸ਼ ਕੀਤੇ ਗਏ ਕੋਰਸ ਵਿਦਿਆਰਥੀਆਂ ਵਿੱਚ ਸਥਾਨਕ ਅਤੇ ਰਾਸ਼ਟਰੀ ਪੱਧਰ ’ਤੇ ਨਿਆਂ ਪਾਲਿਕਾ ਦੇ ਕਾਨੂੰਨੀ ਢਾਂਚੇ ਦੇ ਵੱਖ-ਵੱਖ ਪਹਿਲੂਆਂ ਦੀ ਡੂੰਘਾਈ ਨਾਲ ਸਮਝ ਵਿਕਸਿਤ ਕਰਨਗੇ। ਉਨ੍ਹਾਂ ਕਿਹਾ ਕਿਹਾ ਕਾਲਜ ਵੱਲੋਂ ਮਿਆਰੀ ਸਿੱਖਿਆ ਰਾਹੀਂ ਵਿਦਿਆਰਥੀਆਂ ਨੂੰ ਨਾ ਕੇਵਲ ਰੁਜ਼ਗਾਰ ਦੇ ਕਾਬਿਲ ਬਣਾਇਆ ਜਾਵੇਗਾ ਬਲਕਿ ਨੈਤਿਕ ਕਦਰਾਂ ਕੀਮਤਾਂ ਨਾਲ ਜੋੜ ਕੇ ਜ਼ਿੰਮੇਵਾਰ ਨਾਗਰਿਕ ਵਜੋਂ ਤਿਆਰ ਕੀਤਾ ਜਾਵੇਗਾ।