
ਕਮਜ਼ੋਰ ਵਰਗ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਚੰਡੀਗੜ੍ਹ ਲਾਅ ਕਾਲਜ ਦੀ ਨਿਵੇਕਲੀ ਪਹਿਲ
ਸੀਜੀਸੀ ਝੰਜੇੜੀ ਕੈਂਪਸ ਵਿੱਚ ਲੀਗਲ ਏਡ ਕਲੀਨਿਕ ਦਾ ਉਦਘਾਟਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਨਵੰਬਰ:
ਅਕਸਰ ਦੇਖਿਆ ਜਾਂਦਾ ਹੈ ਕਿ ਮਹਿੰਗੀ ਕਾਨੂੰਨੀ ਪ੍ਰਕਿਰਿਆ ਦੇ ਚੱਲਦਿਆਂ ਗਰੀਬ ਲੋੜਵੰਦ ਅਤੇ ਕਮਜ਼ੋਰ ਵਰਗ ਦੇ ਲੋਕ ਨਿਆਂ ਹਾਸਲ ਕਰਨ ਲਈ ਅਦਾਲਤਾਂ ਵਿੱਚ ਜਾਣ ਤੋਂ ਝਿਜਕਦੇ ਹਨ। ਜਿਸ ਦੇ ਚੱਲਦਿਆ ਕਈ ਵਾਰ ਉਨ੍ਹਾਂ ਨਾਲ ਵੱਡੇ ਪੱਧਰ ’ਤੇ ਅਨਿਆਂ ਹੁੰਦਾ ਹੈ। ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ ਅਜਿਹੇ ਲੋੜਵੰਦਾਂ ਦੀ ਮਦਦ ਲਈ ਪਹਿਲਕਦਮੀ ਕਰਦਿਆਂ ਮੁਫ਼ਤ ਕਾਨੂੰਨੀ ਸਹਾਇਤਾ ਦੀ ਸ਼ੁਰੂਆਤ ਕੀਤੀ ਗਈ ਹੈ। ਕੌਮੀ ਸੰਵਿਧਾਨ ਦਿਵਸ ਨੂੰ ਸਮਰਪਿਤ ਸ਼ੁਰੂ ਕੀਤੀ ਇਸ ਕਾਨੂੰਨੀ ਸਹਾਇਤਾ ਦੀ ਸ਼ੁਰੂਆਤ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਅਰੁਣ ਗੁਪਤਾ ਵੱਲੋਂ ਕੀਤੀ ਗਈ। ਜਦਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਬਲਜਿੰਦਰ ਸਿੰਘ ਵਿਸ਼ੇਸ਼ੇ ਮਹਿਮਾਨ ਸਨ।
ਇਸ ਲੀਗਲ ਏਡ ਸੰਸਥਾ ਦਾ ਮੁੱਖ ਉਦੇਸ਼ ਹਰੇਕ ਨਾਗਰਿਕ ਨੂੰ ਲੋੜੀਂਦੀ ਕਾਨੂੰਨੀ ਜਾਣਕਾਰੀ ਦੇਣਾ ਹੈ। ਇਸ ਟੀਚੇ ਅਧੀਨ ਸੰਸਥਾ ਵੱਲੋਂ ਲੋੜਵੰਦਾਂ ਨੂੰ ਮੁਫ਼ਤ ਕਾਨੂੰਨੀ ਸੇਵਾ ਪ੍ਰਦਾਨ ਕੀਤੀ ਜਾਵੇਗੀ। ਇਸ ਸਬੰਧੀ ਝੰਜੇੜੀ ਕੈਂਪਸ ਵਿੱਚ ਇਕ ਜਾਗਰੂਕਤਾ ਸੈਮੀਨਾਰ ਦਾ ਵੀ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਕੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵੱਲੋਂ ਸਾਂਝੇ ਕੀਤੇ ਵਿਚਾਰਾਂ ਨੂੰ ਸੁਣਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਦਰਮਿਆਨ ਸੰਵਿਧਾਨ ਦਿਵਸ ਨੂੰ ਸਮਰਪਿਤ ਸਲੋਗਨ ਰਾਈਟਿੰਗ ਮੁਕਾਬਲੇ, ਪੋਸਟਰ ਮੇਕਿੰਗ ਅਤੇ ਕਾਨੂੰਨੀ ਪ੍ਰਕਿਰਿਆ ਨਾਲ ਸਬੰਧੀ ਲੈਕਚਰ ਮੁਕਾਬਲੇ ਵੀ ਕਰਵਾਏ ਗਏ।
ਮੁੱਖ ਮਹਿਮਾਨ ਅਰੁਣ ਗੁਪਤਾ ਨੇ ਸੰਵਿਧਾਨ ਦੀ ਮਹੱਤਤਾ ਬਾਰੇ ਚਾਨਣਾ ਪਾਉਂਦੇ ਹੋਏ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਦੇ ਵੱਖ-ਵੱਖ ਪਹਿਲੂਆਂ ਸਬੰਧੀ ਜਾਣੁ ਕਰਵਾਇਆ। ਇਸ ਦੇ ਨਾਲ ਹੀ ਉਨ੍ਹਾਂ ਸੰਵਿਧਾਨ ਅਤੇ ਕਾਨੂੰਨੀ ਸੇਵਾ ਅਥਾਰਿਟੀ ਦੇ ਸਬੰਧਾਂ ’ਤੇ ਵੀ ਜਾਣੂ ਕਰਵਾਇਆ। ਉਨ੍ਹਾਂ ਪਹਿਲੇ ਸਾਲ ਤੋਂ ਹੀ ਵਿਦਿਆਰਥੀਆਂ ਨੂੰ ਪੈਰਾ-ਲੀਗਲ ਵਲੰਟੀਅਰ ਵੱਜੋ ਨਿਯੁਕਤ ਕਰਨ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਭਵਿੱਖ ਦੇ ਜੱਜਾਂ ਅਤੇ ਵਕੀਲਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਬੇਸ਼ੱਕ ਕਾਨੂੰਨੀ ਪ੍ਰਕਿਰਿਆ ਲੰਮੀ ਹੋ ਸਕਦੀ ਹੈ ਪਰ ਅੰਤ ਵਿੱਚ ਨਿਆਂ ਨਿਰਪੱਖ ਹੀ ਹੋਣਾ ਚਾਹੀਦਾ ਹੈ।
ਬਲਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵਕੀਲ ਵਜੋਂ ਕਿੱਤਾਮੁਖੀ ਹੋਣ ਦੇ ਨਾਲ-ਨਾਲ ਸਮਾਜ ਦੇ ਗਰੀਬ ਤਬਕੇ ਦੀ ਸੇਵਾ ਲਈ ਵੀ ਮੁਫ਼ਤ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸੀਜੀਸੀ ਝੰਜੇੜੀ ਕੈਂਪਸ ਵੱਲੋਂ ਸ਼ੁਰੂ ਕੀਤੀ ਇਸ ਨਿਵੇਕਲੀ ਪਹਿਲ ਲਈ ਵੀ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਯਕੀਨਨ ਮੁਫ਼ਤ ਕਾਨੂੰਨ ਸਹਾਇਤਾ ਲਈ ਵਿੱਦਿਅਕ ਅਦਾਰਿਆਂ ਦਾ ਅੱਗੇ ਆਉਣਾ ਲੋੜਵੰਦਾਂ ਲਈ ਚੁੱਕੇ ਗਏ ਕਦਮਾਂ ’ਚੋਂ ਇਕ ਬਿਹਤਰੀਨ ਕਦਮ ਹੈ।
ਇਸ ਮੌਕੇ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਸੇ ਸਾਲ ਸ਼ੁਰੂ ਕੀਤੇ ਗਏ ਸੀਜੀਸੀ ਝੰਜੇੜੀ ਕੈਂਪਸ ਦੇ ਚੰਡੀਗੜ੍ਹ ਲਾਅ ਕਾਲਜ ਨੂੰ ਕੌਮੀ ਪੱਧਰ ’ਤੇ ਵੱਡਾ ਹੁੰਗਾਰਾ ਮਿਲ ਰਿਹਾ ਹੈ। ਜਿੱਥੇ ਲਾਅ ਕਾਲਜ ਦੇ ਪਹਿਲੇ ਸਾਲ ਹੀ ਵੱਡੇ ਪੱਧਰ ਤੇ ਵਿਦਿਆਰਥੀਆਂ ਨੇ ਐਡਮਿਸ਼ਨ ਲਈ। ਉੱਥੇ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਸਾਡੇ ਵਿਦਿਆਰਥੀ ਨਾ ਸਿਰਫ਼ ਬਿਹਤਰੀਨ ਵਕੀਲ ਬਣ ਕੇ ਕੈਂਪਸ ’ਚੋਂ ਬਾਹਰ ਨਿਕਲਣ। ਬਲਕਿ ਸਮਾਜ ਦੀ ਸੇਵਾ ਲਈ ਵੀ ਇਕ ਚੰਗੇ ਨਾਗਰਿਕ ਵਜੋਂ ਜਾਣੇ ਜਾਣ।