Nabaz-e-punjab.com

ਚੰਡੀਗੜ੍ਹ ਦੇ ਵਸਨੀਕ ਵੱਲੋਂ ਮੁਹਾਲੀ ਨਿਗਮ ਸਟਾਫ਼ ’ਤੇ ਵਾੜੇ ’ਚੋਂ ਚਾਰ ਗਊਆਂ ਚੋਰੀ ਕਰਨ ਦਾ ਦੋਸ਼

ਸਮਾਜ ਸੇਵੀ ਸੰਸਥਾ ਅਤੇ ਪਸ਼ੂ ਪਾਲਕਾਂ ਵੱਲੋਂ 22 ਜੁਲਾਈ ਨੂੰ ਮੁਹਾਲੀ ਨਿਗਮ ਦੇ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਨ ਦੀ ਚਿਤਾਵਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ:
ਚੰਡੀਗੜ੍ਹ ਦੇ ਸੈਕਟਰ-52 ਦੇ ਮਕਾਨ ਨੰਬਰ ਪੀ-43 ਵਾਸੀ ਪ੍ਰਮੋਦ ਕੁਮਾਰ ਨੇ ਮੁਹਾਲੀ ਨਗਰ ਨਿਗਮ ਦੇ ਸਟਾਫ਼ ’ਤੇ ਉਸ ਦੇ ਵਾੜੇ ’ਚੋਂ ਗੈਰ ਕਾਨੂੰਨੀ ਤਰੀਕੇ ਨਾਲ ਪਸ਼ੂ ਚੁੱਕ ਕੇ ਲਿਜਾਉਣ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਪੀੜਤ ਨੇ ਯੂਟੀ ਦੇ ਐਸਐਸਪੀ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਹੈ ਅਤੇ ਸਾਰਾ ਮਾਮਲਾ ਮੁਹਾਲੀ ਦੇ ਮੇਅਰ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ। ਅੱਜ ਇੱਥੇ ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਮੌਜੂਦਗੀ ਵਿੱਚ ਪੀੜਤ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਮੁਹਾਲੀ ਨਿਗਮ ਦੀ ਪਸ਼ੂ ਕੈਚਰ ਟੀਮ ਬੀਤੀ 28 ਜੂਨ ਨੂੰ ਸੈਕਟਰ-52 ਵਿੱਚ ਸਥਿਤ ਪਸ਼ੂਆਂ ਦੇ ਵਾੜੇ ’ਚੋਂ ਉਸ ਦੀਆਂ ਚਾਰ ਗਊਆਂ ਚੋਰੀ ਕਰ ਲਈਆਂ। ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਉਹ ਸ਼ਾਮ ਨੂੰ 5 ਵਜੇ ਦੁੱਧ ਚੋਣ ਲਈ ਵਾੜਾ ਵਿੱਚ ਗਿਆ ਤਾਂ ਉਸ ਨੇ ਦੇਖਿਆ ਦੁੱਧ ਦੇਣ ਵਾਲੀਆਂ ਚਾਰ ਗਊਆਂ ਵਾੜੇ ’ਚੋਂ ਗਾਇਬ ਸਨ।
ਇਸੇ ਦੌਰਾਨ ਉਸ ਨੇ ਇੱਧਰ ਉੱਧਰ ਆਪਣੇ ਪਸ਼ੂ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਕਿ ਇਕ ਵਿਅਕਤੀ ਉਸ ਦੀਆਂ ਗਊਆਂ ਨੂੰ ਸੈਕਟਰ-53 ਦੇ ਨੇੜੇ ਪੈਦਲ ਹੱਕ ਕੇ ਲਿਜਾ ਰਿਹਾ ਸੀ। ਜਿਸ ਨੇ ਥੋੜ੍ਹੀ ਅੱਗੇ ਜਾ ਕੇ ਮੁਹਾਲੀ ਦੇ ਫੇਜ਼-2 ਨੇੜੇ ਸੜਕ ’ਤੇ ਆਵਾਰਾ ਪਸ਼ੂ ਘੁੰਮਣ ਦੀ ਵੀਡੀਓ ਬਣਾਉਣ ਲੱਗ ਪਿਆ ਅਤੇ ਦੇਖਦੇ ਹੀ ਦੇਖਦੇ ਉਸ ਦੇ ਪਸ਼ੂਆਂ ਨੂੰ ਮੁਹਾਲੀ ਨਿਗਮ ਦੀ ਪਸ਼ੂ ਕੈਚਰ ਵਾਲੀ ਗੱਡੀ ਵਿੱਚ ਲੱਦ ਲਿਆ।
ਇਸ ਮੌਕੇ ਬਲਵਿੰਦਰ ਸਿੰਘ ਕੁੰਭੜਾ ਨੇ ਮੁਹਾਲੀ ਨਿਗਮ ਦੇ ਕਮਿਸ਼ਨਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਮੋਦ ਕੁਮਾਰ ਦੀਆਂ ਚੋਰੀ ਕੀਤੇ ਪਸ਼ੂ ਨਹੀਂ ਛੱਡੇ ਗਏ ਤਾਂ ਮੁਹਾਲੀ ਅਤੇ ਚੰਡੀਗੜ੍ਹ ਦੇ ਹੋਰਨਾਂ ਪੀੜਤ ਪਸ਼ੂ ਪਾਲਕਾਂ ਨੂੰ ਨਾਲ ਲੈ ਕੇ 22 ਜੁਲਾਈ ਨੂੰ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਕਰਨੈਲ ਸਿੰਘ, ਕੁੰਤੀ ਦੇਵੀ, ਲਾਜਵੰਤੀ, ਅਯੋਧਿਆ ਕੁਮਾਰ, ਰਾਜਮਤੀ, ਅਨੀਤਾ, ਰਾਜੇਸ਼, ਆਰਤੀ, ਮੰਨੂ ਦੇਵੀ ਹਾਜ਼ਰ ਸਨ।
(ਬਾਕਸ ਆਈਟਮ)
ਮੁਹਾਲੀ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਚੰਡੀਗੜ੍ਹ ਦੇ ਵਸਨੀਕ ਵੱਲੋਂ ਉਸ ਦੇ ਵਾੜੇ ’ਚੋਂ ਪਸ਼ੂ ਚੋਰੀ ਕਰਕੇ ਲਿਜਾਉਣ ਦੇ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਸਪੱਸ਼ਟ ਕੀਤਾ ਕਿ ਉਕਤ ਪਸ਼ੂ ਮੁਹਾਲੀ ਦੀ ਹੱਦ ਵਿੱਚ ਲਾਵਾਰਿਸ ਘੁੰਮਦੇ ਹੋਏ ਫੜੇ ਗਏ ਹਨ। ਉਨ੍ਹਾਂ ਕਿਹਾ ਕਿ ਅਕਸਰ ਕੁਝ ਪਸ਼ੂ ਪਾਲਕ ਆਪਣੇ ਦੁਧਾਰੂ ਪਸ਼ੂਆਂ ਨੂੰ ਮੁਹਾਲੀ ਏਰੀਆ ਵਿੱਚ ਸੜਕਾਂ ਅਤੇ ਪਾਰਕਾਂ ਵਿੱਚ ਘਾਹ ਚਰਨ ਲਈ ਖੁੱਲ੍ਹਾ ਛੱਡ ਦਿੰਦੇ ਹਨ। ਇਸ ਨਾਲ ਜਿੱਥੇ ਸੜਕ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ, ਉੱਥੇ ਇਹ ਪਸ਼ੂ ਗੰਦਗੀ ਖਿਲਾਰ ਕੇ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲਗਾਉਂਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਲਾਵਾਰਿਸ਼ ਘੁੰਮਣ ਵਾਲੇ ਪਸ਼ੂ ਫੜ ਕੇ ਗਊਸ਼ਾਲਾ ਵਿੱਚ ਭੇਜੇ ਜਾਂਦੇ ਹਨ ਅਤੇ ਸਰਕਾਰੀ ਨੇਮਾਂ ਅਨੁਸਾਰ ਜੁਰਮਾਨਾ ਵਸੂਲਣ ਮਗਰੋਂ ਹੀ ਛੱਡੇ ਜਾਂਦੇ ਹਨ ਪ੍ਰੰਤੂ ਕਈ ਵਾਰ ਪਸ਼ੂ ਪਾਲਕ ਜੁਰਮਾਨੇ ਤੋਂ ਬਚਨ ਲਈ ਝੂਠੇ ਦੋਸ਼ ਲਗਾਉਂਦੇ ਹਨ।

Load More Related Articles
Load More By Nabaz-e-Punjab
Load More In General News

Check Also

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ ਬੀਬੀ ਜਰਨੈਲ ਕੌਰ ਰਾਮੂਵਾਲੀਆ ਨਮਿੱਤ ਅੰ…