ਵਿਧਾਨ ਸਭਾ ਵੱਲ ਮਾਰਚ ਕਰ ਰਹੇ ਕਿਸਾਨਾਂ ਨੂੰ ਚੰਡੀਗੜ੍ਹ ਪੁਲੀਸ ਨੇ ਰਾਹ ’ਚ ਰੋਕਿਆ, ਵਾਈਪੀਐਸ ਚੌਂਕ ਨੇੜੇ ਧਰਨਾ

ਕਿਸਾਨਾਂ ਵੱਲੋਂ ਸੜਕ ’ਤੇ ਧਰਨਾ ਲਗਾਉਣ ਕਾਰਨ ਵਾਈਪੀਐਸ ਚੌਂਕ ’ਤੇ ਆਵਾਜਾਈ ਠੱਪ, 24 ਮਾਰਚ ਤੱਕ ਰਹੇਗਾ ਧਰਨਾ ਜਾਰੀ: ਰਾਜੇਵਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ:
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋੱ ਅੱਜ ਆਪਣੀਆਂ ਮੰਗਾਂ ਦੇ ਹੱਕ ਵਿੱਚ ਫੇਜ਼ 8 ਤੋਂ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਗਿਆ। ਇਸਤੋੱ ਪਹਿਲਾਂ ਅੱਜ ਸਥਾਨਕ ਫੇਜ਼ 8 ਵਿੱਚ ਸਥਿਤ ਗੁਰਦੁਆਰਾ ਅੰਬ ਸਾਹਿਬ ਦੇ ਸਾਮ੍ਹਣੇ ਇਕੱਠ ਕੀਤਾ ਅਤੇ ਦੁਪਹਿਰ ਡੇਢ ਵਜੇ ਦੇ ਕਰੀਬ ਇਕੱਠੇ ਹੋਏ ਕਿਸਾਨਾਂ ਨੇ ਚੰਡੀਗੜ੍ਹ ਵੱਲ ਮਾਰਚ ਕਰ ਦਿੱਤਾ। ਜਦੋੱ ਕਿਸਾਨਾਂ ਦਾ ਇਹ ਕਾਫਲਾ ਚੰਡੀਗੜ੍ਹ ਬਾਰਡਰ ਤੇ ਵਾਈ ਪੀ ਐਸ ਚੌਂਕ ਨੇੜੇ ਪਹੁੰਚਿਆ ਤਾਂ ਉੱਥੇ ਚੰਡੀਗੜ੍ਹ ਪੁਲੀਸ ਵਲੋੱ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਦਾਖਿਲ ਹੋਣ ਤੋੱ ਰੋਕ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਨੇ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਉੱਥੇ ਹੀ ਧਰਨਾ ਲਗਾ ਦਿੱਤਾ ਅਤੇ ਇਸ ਕਾਰਨ ਵਾਈ ਪੀ ਐਸ ਚੌਂਕ ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ।
ਧਰਨੇ ਵਾਲੀ ਥਾਂ ਤੇ ਸੰਬੋਧਨ ਕਰਦਿਆਂ ਵੱਖ ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਲੋਕਤਾਂਤਰਿਕ ਤਰੀਕੇ ਨਾਲ ਆਪਣਾ ਵਿਰੋਧ ਪ੍ਰਗਟਾਉਣਾ ਉਹਨਾਂ ਦਾ ਅਧਿਕਾਰ ਹੈ ਪਰੰਤੂ ਚੰਡੀਗੜ੍ਹ ਪੁਲੀਸ ਵਲੋੱ ਉਹਨਾਂ ਨੂੰ ਚੰਡੀਗੜ੍ਹ ਵਿੱਚ ਦਖਿਲ ਹੋਣ ਤੋੱ ਰੋਕਿਆ ਜਾ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਐਲਾਨ ਕੀਤਾ ਕਿ ਜੇਕਰ ਉਹਨਾਂ ਨੂੰ ਚੰਡੀਗੜ੍ਹ ਵਿੱਚ ਦਾਖਿਲ ਨਾ ਹੋਣ ਦਿੱਤਾ ਗਿਆ ਤਾਂ ਉਹ ਚੰਡੀਗੜ੍ਹ ਨੂੰ ਪੰਜਾਬ ਤੋੱ ਹੋਣ ਵਾਲੀ ਦੁੱਧ ਅਤੇ ਹੋਰ ਸਾਮਾਨ ਦੀ ਸਪਲਾਈ ਵੀ ਠੱਪ ਕਰਣਗੇ ਅਤੇ ਜਦੋੱ ਤਕ ਉਹਨਾਂ ਦੀਆਂ ਮੰਗਾਂ ਨਹੀੱ ਮੰਨੀਆਂ ਜਾਂਦੀਆਂ ਉਦੋੱ ਤਕ ਕਿਸਾਨ ਇਸੇ ਥਾਂ ਤੇ ਸ਼ਾਂਤਮਈ ਢੰਗ ਨਾਲ ਧਰਨਾ ਦੇਣਗੇ।
ਇਸ ਮੌਕੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇੱਦਰ ਸਰਕਾਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੋੱ ਭੱਜ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਵਲੋੱ ਵੀ ਕਿਸਾਨਾਂ ਨਾਲ ਕੀਤੇ ਵਾਇਦੇ ਪੂਰੇ ਕਰਨ ਦੀ ਥਾਂ ਟਾਲਮਟੋਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਸਮੂਹ ਕਿਸਾਨਾਂ ਦਾ ਕਰਜਾ ਮਾਫ ਹੋਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਵਲੋੱ ਕਿਸਾਨਾਂ ਦਾ ਕਰਜਾ ਮਾਫ ਕਰਨ ਲਈ ਜਿਹੜੀਆਂ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ ਉਹਨਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਮੰਗ ਕੀਤੀ ਕਿ ਕਿਸਾਨਾਂ ਦਾ ਸਾਰਾ ਕਰਜਾ ਤੁਰੰਤ ਮਾਫ ਕੀਤਾ ਜਾਵੇ ਅਤੇ ਕਿਸਾਨਾਂ ਦੇ ਬਾਕੀ ਮਸਲੇ ਹਲ ਕੀਤੇ ਜਾਣ। ਇਸ ਮੌਕੇ ਕਿਸਾਨਾਂ ਨੇ ਸਰਕਾਰ ਦੇ ਵਿਰੁੱਧ ਨਾਰ੍ਹੇਬਾਜੀ ਵੀ ਕੀਤੀ।
ਕਿਸਾਨਾਂ ਵਲੋੱ ਚੌਂਕ ਤੇ ਧਰਨਾ ਲਗਾ ਦਿੱਤੇ ਜਾਣ ਕਾਰਨ ਇਸ ਚੌਂਕ ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਅਤੇ ਪੁਲੀਸ ਵਲੋੱ ਚੰਡੀਗੜ੍ਹ ਨੂੰ ਜਾਣ ਵਾਲਾ ਟ੍ਰੈਫਿਕ ਅੰਬਾ ਵਾਲਾ ਚੌਂਕ ਹੀ ਬਦਲਵੇਂ ਰੂਟ ਵੱਲ ਮੋੜਿਆ ਜਾਂਦਾ ਰਿਹਾ। ਇਸ ਦੌਰਾਨ ਚੰਡੀਗੜ੍ਹ ਤੋਂ ਆਉਣ ਵਾਲੇ ਟ੍ਰੈਫਿਕ ਨੂੰ ਚੰਡੀਗੜ੍ਹ ਪੁਲੀਸ ਵਲੋੱ ਸੈਕਟਰ 52 ਦੀਆਂ ਲਾਈਟਾਂ ਤੋਂ ਬਦਲਵੇਂ ਰਸਤਿਆਂ ਵੱਲ ਮੋੜਿਆ ਜਾਂਦਾ ਰਿਹਾ।
ਇਸ ਦੌਰਾਨ ਮੁੱਖ ਮੰਤਰੀ ਦੇ ਓਐਸਡੀ ਸੰਦੀਪ ਸਿੰਘ ਸੰਧੂ ਵੱਲੋਂ ਧਰਨੇ ਵਾਲੀ ਥਾਂ ਤੇ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਕਿਸਾਨਾਂ ਨੂੰ ਧਰਨਾ ਖਤਮ ਕਰਨ ਦੀ ਅਪੀਲ ਕਰਦਿਆਂ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਸੋਮਵਾਰ ਨੂੰ ਕਿਸਾਨਾਂ ਦੀ ਮੁਲਾਕਾਤ ਮੁੱਖ ਮੰਤਰੀ ਨਾਲ ਕਰਵਾਉਣ ਲਈ ਸਮਾਂ ਦਿਵਾਇਆ ਜਾਵੇਗਾ। ਇਸ ਮੌਕੇ ਕਿਸਾਨ ਆਗੂਆਂ ਨੇ ਸ੍ਰੀ ਸੰਧੂ ਨੂੰ ਆਪਣਾ ਮੰਗ ਪੱਤਰ ਦਿੰਦਿਆਂ ਉਹਨਾਂ ਦੀਆਂ ਮੰਗਾਂ ਮੰਨੇ ਜਾਣ ਤਕ ਧਰਨਾ ਖਤਮ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਸ੍ਰੀ ਰਾਜੇਵਾਲ ਨੇ ਕਿਹਾ ਕਿ 24 ਮਾਰਚ ਤੱਕ ਧਰਨਾ ਜਾਰੀ ਰਹੇਗਾ ਅਤੇ ਇਸ ਦੌਰਾਨ ਉਹ ਨਿੰਬੂ ਪਾਣੀ ਨੂੰ ਛੱਡ ਕੇ ਖਾਣਾ ਤੇ ਹੋਰ ਕੁਝ ਵੀ ਮੂੰਹ ਨਹੀਂ ਲਾਉਣਗੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …