
ਚੰਡੀਗੜ੍ਹ ਦੀ ਸੀਨੀਅਰ ਸਿਟੀਜਨ ਮਹਿਲਾ ਨੇ ਲਾਇਆ ਲੱਖਾਂ ਦੀ ਧੋਖਾਧੜੀ ਦਾ ਦੋਸ਼
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਚੰਡੀਗੜ੍ਹ ਦੇ ਸੈਕਟਰ-42-ਸੀ ਨਿਵਾਸੀ ਸੀਨੀਅਰ ਸਿਟੀਜ਼ਨ ਰਾਜ ਕੁਮਾਰੀ ਰਾਏ ਨੇ ਉਨ੍ਹਾਂ ਨਾਲ 24 ਲੱਖ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਇਆ ਹੈ ਇਸ ਬਾਰੇ ਮੁਹਾਲੀ ਦੇ ਐੱਸਪੀ ਅਤੇ ਐੱਸਸੀ, ਐੱਸਟੀ ਕਮਿਸ਼ਨ ਚੰਡੀਗੜ੍ਹ ਨੂੰ ਸ਼ਿਕਾਇਤ ਦਿੱਤੀ ਗਈ ਹੈ। ਮਹਿਲਾ ਦਾ ਕਹਿਣਾ ਹੈ ਕੀ ਉਨ੍ਹਾਂ ਨੇ 24 ਲੱਖ 68 ਹਜ਼ਾਰ 430 ਰੁਪਏ ਦੀ ਰਕਮ ਇੱਕ ਸੁਸਾਇਟੀ ਦੇ ਵਿੱਚ ਇਨਵੈੱਸਟ ਕੀਤੀ ਸੀ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਇਸ ਦਾ ਰਿਫੰਡ ਹਾਲੇ ਤੱਕ ਨਹੀਂ ਮਿਲਿਆ ਹੈ। 68 ਸਾਲਾਂ ਇਸ ਪੀੜਤ ਮਹਿਲਾ ਦਾ ਕਹਿਣਾ ਹੈ ਕੀ ਉਸ ਦੇ ਪਤੀ ਦੀ ਉਮਰ 75 ਸਾਲ ਹੈ। ਉਹ ਦੋਨੋਂ ਸੀਨੀਅਰ ਸਿਟੀਜ਼ਨ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਹੈ।
ਪੀੜਤ ਮਹਿਲਾ ਦੀ ਸ਼ਿਕਾਇਤ ਮੁਤਾਬਕ ਉਹ ਦਿੱਲੀ ਨਾਮੀ ਇਕ ਪ੍ਰਾਈਵੇਟ ਸੁਸਾਇਟੀ ਮੁਹਾਲੀ ਦੇ ਮੈਂਬਰ ਹਨ। ਇਹ ਹਾਊਸਿੰਗ ਸਕੀਮ 13 ਸਾਲ ਪਹਿਲਾਂ 2007 ਵਿੱਚ ਬਣੀ ਸੀ। ਉਨ੍ਹਾਂ ਨੇ 1 ਮਾਰਚ 2016 ਨੂੰ ਇਸ ਸੁਸਾਇਟੀ ਦੀ ਮੈਂਬਰਸ਼ਿਪ ਛੱਡਣ ਲਈ ਅਪਲਾਈ ਕੀਤਾ ਸੀ ਅਤੇ ਆਪਣੀ ਜਮਾਂ ਪੂੰਜੀ ਵਾਪਸ ਮੋੜਨ ਦੀ ਮੰਗ ਕੀਤੀ ਗਈ ਸੀ। ਇਹ ਰਕਮ ਸੁਸਾਇਟੀ ਨੂੰ ਦੇਣ ਵੇਲੇ ਉਨ੍ਹਾਂ ਨੇ ਐੱਸਬੀਆਈ ਚੰਡੀਗੜ੍ਹ ਤੋਂ ਕਰਜ਼ ਲਿਆ ਸੀ। 12 ਸਤੰਬਰ 2017 ਤੱਕ ਵਿਆਜ਼ ਸਮੇਤ ਉਕਤ ਰਕਮ ਬਣਦੀ। ਉਸ ਵੇਲੇ ਤੋਂ ਲੈ ਕੇ ਉਹ ਤਿੰਨ ਸਾਲਾਂ ਤੱਕ ਆਪਣਾ ਪੈਸਾ ਵਾਪਸ ਲੈਣ ਲਈ ਸੁਸਾਇਟੀ ਤੋਂ ਮੰਗ ਕਰ ਰਹੇ ਹਨ ਪਰ ਉਂਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਸੁਸਾਇਟੀ ਦੇ ਪ੍ਰਮੁੱਖ ਅਹੁਦੇਦਾਰ ਵੱਲੋਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪੀੜਤ ਮਹਿਲਾ ਦੀ ਮੰਗ ਹੈ ਕੀ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਪੈਸਾ ਵਾਪਸ ਦੁਆਇਆ ਜਾਵੇ।