
ਰੇਲਵੇ ਵਿਭਾਗ ਵੱਲੋਂ ਬੰਦ ਕੀਤੇ ਫਾਟਕਾਂ ਦਾ ਚੰਦੂਮਾਜਰਾ ਨੇ ਲਿਆ ਜਾਇਜ਼ਾ
ਅਕਾਲੀ ਆਗੂ ਚੰਦੂਮਾਜਰਾ ਨੇ ਸ਼ਹਿਰ ਵਾਸੀਆਂ ਦੀ ਜ਼ੋਰਦਾਰ ਮੰਗ ’ਤੇ ਖੁੱਲ੍ਹਵਾਇਆ ਰਾਸਤਾ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 30 ਅਪਰੈਲ:
ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ ਨੇੜੇ ਰੇਲਵੇ ਕਲੋਨੀ, ਡੀ.ਏ.ਵੀ ਸਕੂਲ ਤੇ ਸ਼ਹਿਰ ਦੇ ਅਨੇਕਾਂ ਹਿੱਸਿਆਂ ਨੂੰ ਜੋੜਨ ਵਾਲੇ ਰਾਸਤੇ ਨੂੰ ਰੇਲਵੇ ਵਿਭਾਗ ਵੱਲੋਂ ਲਗਭਗ ਢਾਈ ਕੁ ਸਾਲ ਪਹਿਲਾ ਬੰਦ ਕਰ ਦਿੱਤਾ ਗਿਆ ਸੀ ਜਿਸ ਸਬੰਧੀ ਸ਼ਹਿਰ ਵਾਸੀਆਂ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਕੋਲ ਪਿਛਲੇ ਦਿਨੀਂ ਮਾਮਲਾ ਉਠਾਇਆ ਜਿਸ ਤੇ ਅੱਜ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਅਤੇ ਰਣਜੀਤ ਸਿੰਘ ਗਿੱਲ ਨੇ ਉਕਤ ਥਾਂ ਦਾ ਜਾਇਜ਼ਾ ਲੈਕੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਉਕਤ ਰਾਸਤਾ ਖੋਲਣ ਲਈ ਬਣਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ।
ਇਸ ਸਬੰਧੀ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਅਤੇ ਰਣਜੀਤ ਸਿੰਘ ਗਿੱਲ ਨੂੰ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ, ਕੌਂਸਲਰ ਕੁਲਵੰਤ ਕੌਰ ਪਾਬਲਾ ਤੇ ਅਮ੍ਰਿਤਪਾਲ ਕੌਰ ਬਾਠ ਨੇ ਦੱਸਿਆ ਕਿ ਪਿਛਲੇ ਕਈ ਦਹਾਕਿਆਂ ਤੋਂ ਸ਼ਹਿਰ ਦੇ ਅਨੇਕਾਂ ਹਿੱਸਿਆਂ ਨੂੰ ਜਾਣ ਵਾਲੇ ਉਕਤ ਰਾਸਤੇ ਨੂੰ ਰੇਲਵੇ ਵਿਭਾਗ ਵੱਲੋਂ ਅਚਨਚੇਤ ਬੰਦ ਕਰ ਦਿੱਤਾ ਗਿਆ। ਜਿਸ ਕਾਰਨ ਸ਼ਹਿਰ ਵਾਸੀਆਂ ਅਤੇ ਇਲਾਕਾ ਵਾਸੀਆਂ ਨੂੰ ਅਨੇਕਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬੰਦ ਕੀਤੇ ਰਸਤੇ ਕਾਰਨ ਗੋਹਰ ਰੋਡ ਅਤੇ ਡੀਏਵੀ ਸਕੂਲ ਦੇ ਨੇੜੇ ਰਹਿੰਦੇ ਹਜ਼ਾਰਾਂ ਸ਼ਹਿਰ ਵਾਸੀਆਂ ਨੂੰ ਲੰਮਾ ਪੈਂਡਾ ਤੈਅ ਕਰਕੇ ਘਰਾਂ ਵਿਚੋਂ ਨਿਕਲਣਾ ਪੈਂਦਾ ਹੈ ਅਗਰ ਰੇਲਵੇ ਵਿਭਾਗ ਉਕਤ ਰਾਸਤਾ ਖੋਲ ਦਿੰਦਾ ਹੈ ਤਾਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ।
ਇਸ ਦੌਰਾਨ ਮੌਕੇ ਤੇ ਪਹੁੰਚੇ ਰੇਲਵੇ ਵਿਭਾਗ ਦੇ ਅਜੇ ਗੋਇਲ ਸੀਨੀਅਰ ਸੈਕਸ਼ਨ ਇੰਜੀਨੀਅਰ ਅਤੇ ਮਨੋਜ ਕੁਮਾਰ ਐਸ.ਐਸ ਨੇ ਪ੍ਰੋ.ਚੰਦੂਮਾਜਰਾ ਨੂੰ ਉਕਤ ਰਾਸਤੇ ਨੂੰ ਬੰਦ ਕਰਨ ਦੇ ਕਰਨਾ ਬਾਰੇ ਜਾਣੂੰ ਕਰਵਾਉਂਦੇ ਹੋਏ ਵਿਚਾਗ ਦੇ ਉੱਚ ਅਧਿਕਾਰੀਆਂ ਤੋਂ ਇਸ ਰਾਸਤੇ ਨੂੰ ਖੋਲਣ ਸਬੰਧੀ ਪ੍ਰਵਾਨਗੀ ਲੈਣ ਦੀ ਅਪੀਲ ਕੀਤੀ ਜਿਸ ’ਤੇ ਪ੍ਰੋ.ਚੰਦੂਮਾਜਰਾ ਨੇ ਮੌਕੇ ਤੇ ਹਾਜ਼ਰ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ ਨੂੰ ਕੌਂਸਲ ਮੀਟਿੰਗ ਵਿਚ ਉਕਤ ਰਾਸਤੇ ਨੂੰ ਖੁਲਵਾਉਣ ਦਾ ਮਤਾ ਪਾਸ ਕਰਕੇ ਉਨ੍ਹਾਂ ਕੋਲ ਭੇਜਣ ਦੀ ਹਦਾਇਤ ਕੀਤੀ ਤਾਂ ਜੋ ਉਕਤ ਰਸਤੇ ਨੂੰ ਪੱਕੇ ਤੌਰ ’ਤੇ ਖੁਲਵਾਇਆ ਜਾ ਸਕੇ। ਇਸ ਦੌਰਾਨ ਪ੍ਰੋ.ਚੰਦੂਮਾਜਰਾ ਨੇ ਰੇਲਵੇ ਸਟੇਸ਼ਨ ਦੇ ਨਾਲ ਲਗਦੇ ਬੰਦ ਰਸਤੇ ਨੂੰ ਤੁਰੰਤ ਖੁੱਲ੍ਹਵਾ ਦਿੱਤਾ ਤੇ ਹੋਰ ਕਾਗਜ਼ੀ ਕਾਰਵਾਈ ਜਲਦ ਪੂਰੀ ਕਰਕੇ ਇਸ ਨੂੰ ਪੱਕੇ ਤੌਰ ਤੇ ਖੁਲਵਾਉਣ ਦਾ ਵਾਅਦਾ ਕੀਤਾ। ਇਸ ਮੌਕੇ ਜਥੇਦਾਰ ਅਜਮੇਰ ਸਿੰਘ ਖੇੜਾ ਤੇ ਚਰਨਜੀਤ ਸਿੰਘ ਚੰਨਾ ਕਾਲੇਵਾਲ ਦੋਨੋ ਮੈਂਬਰ ਐਸ.ਜੀ.ਪੀ.ਸੀ, ਚੇਅਰਮੈਨ ਰਣਵੀਰ ਸਿੰਘ ਪੂਨੀਆ, ਸਿਮਰਨਜੀਤ ਸਿੰਘ ਚੰਦੂਮਾਜਰਾ, ਓਐਸਡੀ ਹਰਦੇਵ ਸਿੰਘ ਹਰਪਾਲਪੁਰ, ਦਵਿੰਦਰ ਠਾਕੁਰ, ਗੁਰਮੇਲ ਸਿੰਘ ਪਾਬਲਾ, ਸੰਜੇ ਗੋਇਲ ਪ੍ਰਧਾਨ ਆੜਤੀ ਐਸੋਸੀਏਸ਼ਨ ਕੁਰਾਲੀ, ਬਿੱਟੂ ਖੁੱਲਰ, ਪਾਲ ਇੰਦਰਜੀਤ ਸਿੰਘ ਬਾਠ, ਰਾਜਦੀਪ ਹੈਪੀ, ਪ੍ਰਿੰਸ ਕੁਰਾਲੀ, ਅਮਨਦੀਪ ਗੋਲਡੀ ਹਾਜ਼ਰ ਸਨ।