Nabaz-e-punjab.com

ਚੰਦੂਮਾਜਰਾ ਨੇ ਪੁੱਤਰ ਮੋਹ ਵਿੱਚ ਫਸ ਕੇ ਹਲਕੇ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ: ਬੀਰਦਵਿੰਦਰ ਸਿੰਘ

ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਮਸਲੇ ਹੱਲ ਕਰਨ ਦੀ ਥਾਂ ਆਪਣੇ ਪੁੱਤ ਦੇ ਹਲਕਾ ਸਨੌਰ ਵਿੱਚ ਲੱਖਾਂ ਰੁਪਏ ਵੰਡੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਬੀਰਦਵਿੰਦਰ ਸਿੰਘ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ’ਤੇ ਪੁੱਤਰ ਵਿੱਚ ਫਸ ਕੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨਾਲ ਕਥਿਤ ਵਿਸ਼ਵਾਸਘਾਤ ਕਰ ਕੇ ਹਲਕਾ ਸਨੌਰ ਵਿੱਚ ਸਭ ਤੋਂ ਵੱਧ ਫੰਡ ਖ਼ਰਚਣ ਦਾ ਦੋਸ਼ ਲਾਇਆ ਹੈ। ਅੱਜ ਇੱਥੇ ਦੇਰ ਸ਼ਾਮੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਚੰਦੂਮਾਜਰਾ ਨੇ ਆਪਣੇ ਬੇਟੇ ਤੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਦੇ ਹਲਕਾ ਸਨੌਰ ਵਿੱਚ ਲਗਭਗ 55 ਲੱਖ ਵਿੱਚ ਖ਼ਰਚ ਕੀਤੇ ਗਏ ਹਨ ਜਦੋਂਕਿ ਇਹ ਹਲਕਾ ਚੰਦੂਮਾਜਰਾ ਦੇ ਹਲਕੇ ਤੋਂ ਬਾਹਰ ਹੈ।
ਸ੍ਰੀ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਚੰਦੂਮਾਜਰਾ ਨੂੰ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਵਸਨੀਕ ਨੇ ਵੋਟਾਂ ਪਾ ਕੇ ਦੇਸ਼ ਦੀ ਪਾਰਲੀਮੈਂਟ ਵਿੱਚ ਭੇਜਿਆ ਗਿਆ ਸੀ ਪ੍ਰੰਤੂ ਅਕਾਲੀ ਆਗੂ ਨੇ ਮੋਗਾ ਹਲਕੇ ਨੂੰ 15 ਲੱਖ ਅਤੇ ਬਠਿੰਡਾ ਵਿੱਚ ਦੋ ਲੱਖ ਰੁਪਏ ਖਰਚ ਕੀਤੇ ਜਦੋਂਕਿ ਆਪਣੇ ਅਖ਼ਤਿਆਰੀ ਕੋਟੇ ’ਚੋਂ ਸਭ ਤੋਂ ਵੱਧ ਫੰਡ ਸਨੌਰ ਹਲਕੇ ਵਿੱਚ ਖ਼ਰਚ ਕੀਤੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਲ 2015 ਵਿੱਚ ਕਰੀਬ 9 ਲੱਖ, ਸਾਲ 2016 ਵਿੱਚ 23 ਲੱਖ, 2017 ਵਿੱਚ ਸਾਢੇ 12 ਲੱਖ ਅਤੇ ਪਿਛਲੇ ਸਾਲ 2018 ਵਿੱਚ ਕਰੀਬ 9 ਲੱਖ ਦੀ ਗਰਾਂਟ ਆਪਣੇ ਪੁੱਤ ਦੇ ਹਲਕੇ ਸਨੌਰ ਵਿੱਚ ਖਰਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁੱਤਰ ਮੋਹ ਵਿੱਚ ਫਸੇ ਚੰਦੂਮਾਜਰਾ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਵੋਟਰਾਂ ਨਾਲ ਧੱਕਾ ਕਰਕੇ ਸਿਆਸੀ ਤੌਰ ’ਤੇ ਆਪਣੇ ਬੇਟੇ ਲਈ ਸਿਆਸੀ ਪਲੇਟ ਫਾਰਮ ਨੂੰ ਮਜ਼ਬੂਤ ਕਰਨ ਲਈ ਪੂਰਾ ਤਾਣ ਲਗਾਇਆ ਗਿਆ ਜਦਕਿ ਸ੍ਰੀ ਆਨੰਦਪੁਰ ਸਾਹਿਬ ਦੀ ਖਸਤਾ ਹਾਲਤ ਹੋਣ ਸਮੇਤ ਕਈ ਵੱਡੀਆਂ ਸਮੱਸਿਆਵਾਂ ਹਾਲੇ ਵੀ ਜਿਉਂ ਦੀ ਤਿਉਂ ਬਰਕਰਾਰ ਹਨ।
ਬੀਰਦਵਿੰਦਰ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਜ਼ਰੂਰੀ ਹੋਵੇ ਤਾਂ ਇੱਕ ਸੰਸਦ ਮੈਂਬਰ ਇੱਕ ਸਾਲ ਵਿੱਚ ਕਿਸੇ ਬਾਹਰੀ ਹਲਕੇ ਵਿੱਚ 10 ਲੱਖ ਰੁਪਏ ਦੇ ਸਕਦਾ ਹੈ ਜਦਕਿ ਚੰਦੂਮਾਜਰਾ ਨੇ ਸਾਰੀਆਂ ਹੱਦਾਂ ਪਾਰ ਦਿੱਤੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਚੰਦੂਮਾਜਰਾ ਨੇ ਪ੍ਰਧਾਨ ਮੰਤਰੀ ਆਦਰਸ਼ ਗਰਾਮ ਸਕੀਮ ਦੇ ਤਹਿਤ ਇੱਥੋਂ ਦੇ ਇਤਿਹਾਸਕ ਨਗਰ ਪਿੰਡ ਦਾਊਂ ਅਤੇ ਪਿੰਡ ਲੋਧੀਪੁਰ ਨੂੰ ਗੋਦ ਲਿਆ ਪ੍ਰੰਤੂ ਮੌਜੂਦਾ ਸਮੇਂ ਵਿੱਚ ਇਨ੍ਹਾਂ ਦੋਵੇਂ ਪਿੰਡਾਂ ਦੀ ਹਾਲਤ ਬਦਤਰ ਬਣੀ ਹੋਈ ਹੈ। ਪਿੰਡ ਲੋਧੀਪੁਰ ਵਿੱਚ ਗੰਦੇ ਪਾਣੀ ਦੀ ਸਮੱਸਿਆ ਦੇ ਚੱਲਦਿਆਂ ਬੱਚਿਆਂ ਅਤੇ ਅੌਰਤਾਂ ਦਾ ਲੰਘਣਾ ਵੀ ਅੌਖਾ ਹੋ ਗਿਆ।
(ਬਾਕਸ ਆਈਟਮ)
ਉਧਰ, ਅਕਾਲੀ ਆਗੂ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਰੋਧੀ ਉਮੀਦਵਾਰ ਬੀਰਦਵਿੰਦਰ ਸਿੰਘ ਵੱਲੋਂ ਲਗਾਏ ਉਕਤ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਐੱਮਪੀ ਲੈਡ ਫੰਡ ਦੀ ਇਹ ਰਕਮ ਲੋਕ ਸਭਾ ਦੇ ਨਿਯਮ ਮੁਤਾਬਕ ਪਟਿਆਲਾ, ਬਠਿੰਡਾ ਅਤੇ ਮੋਗਾ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਆਗੂ ਹੋਣ ਕਰਕੇ ਵੱਖ ਵੱਖ ਇਲਾਕਿਆਂ ਵਿੱਚ ਆਮ ਲੋਕਾਂ ਅਤੇ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਪ੍ਰੋਗਰਾਮਾਂ ਵਿੱਚ ਸੱਦਿਆ ਜਾਂਦਾ ਹੈ। ਪ੍ਰਬੰਧਕਾਂ ਨੂੰ ਇਹ ਆਸ ਜ਼ਰੂਰ ਹੁੰਦੀ ਹੈ ਕਿ ਵਿਕਾਸ ਕਾਰਜਾਂ ਲਈ ਲੀਡਰ ਗਰਾਂਟ ਜ਼ਰੂਰ ਦੇ ਕੇ ਜਾਣਗੇ, ਸੋ ਉਨ੍ਹਾਂ ਨੇ ਉਕਤ ਰਕਮ ਸਿਰਫ਼ ਵਿਕਾਸ ਕਾਰਜਾਂ ਲਈ ਲੋਕਾਂ ਦੀ ਲੋੜ ਨੂੰ ਮੁੱਖ ਰੱਖ ਕੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਨੌਰ ਹਲਕੇ ਵਿੱਚ ਅਕਾਲੀ ਦਲ ਦਾ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਨੇ ਕੋਈ ਪੈਸਾ ਨਹੀਂ ਦਿੱਤਾ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …