
ਚੰਦੂਮਾਜਰਾ ਨੇ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਕਾਰਗੋ ਵਿਵਸਥਾ ਦੀ ਮੰਗ ਚੁੱਕੀ
ਮੁਹਾਲੀ ਵਿੱਚ ਕਾਰਗੋ ਹੱਬ ਦਾ ਬਣਨਾ ਇਸ ਖਿੱਤੇ ਦੇ ਵਿਕਾਸ ਲਈ ਅਤਿ ਜ਼ਰੂਰੀ: ਚੰਦੂਮਾਜਰਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੁਲਾਈ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਕਾਰਗੋ ਵਿਵਸਥਾ ਬਣਾਉਣ ਦੀ ਮੰਗ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਹਵਾਈ ਅੱਡੇ ਦੇ ਉਦਘਾਟਨ ਸਮਾਰੋਹ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ (ਚੰਦੂਮਾਜਰਾ) ਵੱਲੋਂ ਦਿੱਤੇ ‘ਕਾਰਗੋ ਵਿਵਸਥਾ’ ਦੇ ਸੁਝਾਅ ਨੂੰ ਪ੍ਰਵਾਨ ਕਰ ਲਿਆ ਸੀ, ਪ੍ਰੰਤੂ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦੀ ਇਹ ਮੰਗ ਪੂਰੀ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਕਾਰਗੋ ਹੱਬ ਦਾ ਬਣਨਾ ਇਸ ਖਿੱਤੇ ਦੇ ਵਿਕਾਸ ਲਈ ਅਤਿ ਜ਼ਰੂਰੀ ਹੈ। ਉਨ੍ਹਾਂ ਨੇ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦੇ ਨਾਮਕਰਨ ਦਾ ਮਾਮਲਾ ਵੀ ਜਲਦੀ ਸੁਲਝਾਉਣ ’ਤੇ ਜ਼ੋਰ ਦਿੱਤਾ।
ਅੱਜ ਇੱਥੇ ਜਾਰੀ ਬਿਆਨ ਵਿੱਚ ਚੰਦੂਮਾਜਰਾ ਨੇ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗ ਰਹੇ ਮਿਆਰ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕਣਕ-ਝੋਨੇ ਦੇ ਫਸਲੀ ਚੱਕਰ ’ਚੋਂ ਨਿਕਲ ਕੇ ਫਸਲੀ ਵਿਭਿੰਨਤਾ ਅਤੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕਾਰਗੋ ਵਿਵਸਥਾ ਅਹਿਮ ਯੋਗਦਾਨ ਪਾਏਗੀ। ਉਨ੍ਹਾਂ ਕਿਹਾ ਕਿ ਇਸ ਨਾਲ ਯੂਰਪੀਅਨ ਅਤੇ ਅਰਬ ਦੇਸ਼ਾਂ ਨਾਲ ਸਬਜ਼ੀਆਂ, ਫਲਾਂ, ਫੁੱਲਾਂ ਅਤੇ ਅਨਾਜ ਦਾ ਵਪਾਰ ਕਰਨ ਵਿੱਚ ਮੱਦਦ ਮਿਲੇਗੀ। ਜਿਸ ਨਾਲ ਕਿਸਾਨਾਂ ਨੂੰ ਆਪਣੀ ਫਸਲ ਦਾ ਅੰਤਰਰਾਸ਼ਟਰੀ ਮੰਡੀ ਵਿੱਚ ਵੇਚਣ ’ਤੇ ਚੰਗਾ ਮੁਨਾਫ਼ਾ ਮਿਲਣ ਦੇ ਆਸਾਰ ਵਧਣਗੇ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਮੁਹਾਲੀ ਵਿੱਚ ਕਾਰਗੋ ਵਿਵਸਥਾ ਨਾਲ ਜਿੱਥੇ ਪੰਜਾਬ ਨੂੰ ਵੱਡਾ ਫਾਇਦਾ ਮਿਲੇਗਾ, ਉੱਥੇ ਹੀ ਗੁਆਂਢੀ ਸੂਬਿਆਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਨੂੰ ਵੀ ਲਾਭ ਪ੍ਰਾਪਤ ਹੋਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਜਲਦੀ ਤੋਂ ਜਲਦੀ ਕਾਰਗੋ ਵਿਵਸਥਾ ਸਥਾਪਿਤ ਕਰਨ ਸਬੰਧੀ ਸ਼੍ਰੋਮਣੀ ਅਕਾਲੀ ਦਲ ਸਨਅਤਕਾਰਾਂ ਅਤੇ ਵਾਪਰੀਆਂ ਦੇ ਵਫ਼ਦ ਨਾਲ ਭਲਕੇ 29 ਜੁਲਾਈ ਨੂੰ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨਾਲ ਮੁਲਾਕਾਤ ਕਰੇਗਾ।