nabaz-e-punjab.com

ਚੰਦੂਮਾਜਰਾ ਨੇ ਮੁਹਾਲੀ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ

ਰੋਜ਼ ਗਾਰਡਨ ਸਮੇਤ ਹੋਰਨਾਂ ਥਾਵਾਂ ਦਾ ਪੈਦਲ ਦੌਰਾ ਕਰਕੇ ਅੱਖੀਂ ਦੇਖਿਆ ਹਾਲ, ਖ਼ਾਮੀਆਂ ਬਾਰੇ ਅਧਿਕਾਰੀਆਂ ਨੂੰ ਕੀਤੀ ਤਾੜਨਾ
ਕੌਂਸਲਰ ਪ੍ਰਿੰਸ ਵੱਲੋਂ ਕਮਿਊਨਿਟੀ ਸੈਂਟਰ ਅਤੇ ਪਬਲਿਕ ਲਾਇਬਰੇਰੀ ਲੋਕਾਂ ਨੂੰ ਸਮਰਪਿਤ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੂੰਦਮਾਜਰਾ ਨੇ ਜਨ ਸੰਪਰਕ ਮੁਹਿੰਮ ਦੇ ਤਹਿਤ ਇੱਥੋਂ ਦੇ ਫੇਜ਼ 3ਬੀ1 ਵਿੱਚ ਖੁੱਲ੍ਹਾ ਦਰਬਾਰ ਲਗਾ ਕੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਥਾਨਕ ਰੋਜ਼ ਗਾਰਡਨ ਸਮੇਤ ਹੋਰਨਾਂ ਥਾਵਾਂ ਦਾ ਪੈਦਲ ਦੌਰਾ ਕਰਕੇ ਅੱਖੀਂ ਦੇਖਿਆ ਹਾਲ ਅਤੇ ਪਾਰਕ ਦੀ ਮਾੜੀ ਹਾਲਤ ਅਤੇ ਹੋਰਨਾਂ ਸਮੱਸਿਆਵਾਂ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਫੌਰੀ ਤੌਰ ’ਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਜ਼ੋਰ ਦੇ ਕੇ ਆਖਿਆ।
ਇਸ ਮੌਕੇ ਅਕਾਲੀ ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਸ੍ਰੀ ਚੰਦੂਮਾਜਰਾ ਦੇ ਧਿਆਨ ਵਿੱਚ ਲਿਆਂਦਾ ਕਿ ਰੋਜ਼ ਗਾਰਡਨ ਫੇਜ਼-3ਬੀ1 ਵਿੱਚ ਵੱਡੀ ਮਾਤਰਾ ਵਿੱਚ ਘਾਹ ਉੱਗਿਆ ਹੋਇਆ ਹੈ। ਜਿਸ ਕਾਰਨ ਇੱਥੇ ਸੈਰ ਕਰਨ ਆਉਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਪੇਸ਼ ਆਉਂਦੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ (ਚੰਦੂਮਾਜਰਾ) ਵੱਲੋਂ ਪਾਰਕ ਵਿੱਚ ਲਾਇਬਰੇਰੀ ਦੇ ਉਦਘਾਟਨ ਤੋਂ ਬਾਅਦ ਸਰਕਾਰ ਨੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਇੱਥੇ ਕੁਝ ਨਹੀਂ ਕੀਤਾ ਅਤੇ ਲਾਇਬਰੇਰੀ ਨੂੰ ਵੀ ਤਾਲਾ ਲੱਗਾ ਹੋਇਆ ਹੈ। ਸ੍ਰੀ ਪ੍ਰਿੰਸ ਨੇ ਦੱਸਿਆ ਕਿ ਭਾਵੇਂ ਕਰੀਬ ਦੋ ਸਾਲ ਪਹਿਲਾਂ ਮੁਹਾਲੀ ਵਿੱਚ ਨਵੀਂ ਜ਼ਿਲ੍ਹਾ ਅਦਾਲਤ ਦੀ ਆਲੀਸ਼ਾਨ ਇਮਾਰਤ ਬਣ ਗਈ ਸੀ ਅਤੇ ਸਾਰੀਆਂ ਅਦਾਲਤਾਂ ਉੱਥੇ ਸ਼ਿਫ਼ਟ ਹੋ ਗਈਆਂ ਹਨ ਪ੍ਰੰਤੂ ਅਜੇ ਤਾਈਂ ਅਦਾਲਤਾਂ ਨੇ ਇੱਥੋਂ ਦੇ ਫੇਜ਼-3ਬੀ1 ਵਿੱਚ ਕਮਿਊਨਿਟੀ ਸੈਂਟਰ ਤੋਂ ਆਪਣਾ ਕਬਜ਼ਾ ਨਹੀਂ ਛੱਡਿਆ ਹੈ। ਜਿਸ ਕਾਰਨ ਲੋਕਾਂ ਨੂੰ ਮਜਬੂਰੀ ਵਿੱਚ ਵਿਆਹ ਸ਼ਾਦੀਆਂ ਅਤੇ ਹੋਰ ਪ੍ਰੋਗਰਾਮਾਂ ਲਈ ਮਹਿੰਗੇ ਭਾਅ ਦੇ ਹੋਟਲਾਂ ਅਤੇ ਪੈਲੇਸਾਂ ਵਿੱਚ ਜਾਣਾ ਪੈਂਦਾ ਹੈ।
ਸ੍ਰੀ ਚੰਦੂਮਾਜਰਾ ਨੇ ਭਰੋਸਾ ਦਿੱਤਾ ਕਿ ਇਸ ਸਬੰਧੀ ਜਲਦੀ ਹੀ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਯੋਗ ਪੈਰਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਕਮਿਊਨਿਟੀ ਸੈਂਟਰ ਤੋਂ ਅਦਾਲਤ ਦਾ ਕਬਜ਼ਾ ਛੁਡਾਉਣ ਦੀ ਗੱਲ ਹੈ। ਇਸ ਸਬੰਧੀ ਜ਼ਿਲ੍ਹਾ ਤੇ ਸੈਸ਼ਨ ਜੱਜ ਨਾਲ ਤਾਲਮੇਲ ਕਰਨ ਲਈ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਡੀਓ ਲਿਖਿਆ ਜਾਵੇਗਾ।
ਇਸ ਮੌਕੇ ਅਕਾਲੀ ਦਲ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਕੁਲਦੀਪ ਕੌਰ ਕੰਗ, ਸਰਕਲ ਪ੍ਰਧਾਨ ਗੁਰਮੀਤ ਸਿੰਘ ਸ਼ਾਮਪੁਰ, ਓਐਸਡੀ ਹਰਦੇਵ ਸਿੰਘ ਹਰਪਾਲਪੁਰ, ਗੁਰਜੀਤ ਸਿੰਘ ਥਾਂਦੀ, ਅਰਵਿੰਦਰ ਕੰਗ, ਐਨ.ਐਸ. ਮਿਨਹਾਸ, ਸੁਰਜਨ ਸਿੰਘ ਗਿੱਲ, ਬਲਬੀਰ ਸਿੰਘ, ਅਰਵਿੰਦ ਸ਼ਰਮਾ, ਐਸ.ਐਸ. ਜਸਪਾਲ, ਬਲਵਿੰਦਰ ਮੁਲਤਾਨੀ, ਜਸਪਾਲ ਸਿੰਘ, ਸਤਨਾਮ ਸਿੰਘ ਮਲਹੋਤਰਾ, ਕੇਵਲ ਚੌਹਾਨ, ਰਾਜਿੰਦਰ ਸੇਵਕ, ਪਲਵਿੰਦਰ ਢਿੱਲੋਂ, ਨੈਨਸੀ ਵਾਲੀਆ, ਪ੍ਰਭਲੀਨ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ, ਗੁਰਮੀਤ ਵਾਲੀਆ, ਇੰਦਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ ਮਲਹੋਤਰਾ ਅਤੇ ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…